ਕੋਟਕਪੂਰਾ, 28 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨਵੀਂ ਬਣੀ ‘ਆਪ’ ਸਰਕਾਰ ਨੇ ਵਿਸ਼ਵਾਸ਼ ਦਿਵਾਇਆ ਸੀ ਕਿ ਬਦਲਾਅ ਦੀ ਅਜਿਹੀ ਰਾਜਨੀਤੀ ਲੋਕਾਂ ਦੇ ਸਾਹਮਣੇ ਆਵੇਗੀ ਕਿ ਅਸੀਂ ਸਿਹਤ, ਸਿੱਖਿਆ ਅਤੇ ਸੁਰੱਖਿਆ ਸਬੰਧੀ ਨਵੀਂ ਮਿਸਾਲ ਪੈਦਾ ਕਰਾਂਗੇ। ਸਥਾਨਕ ਸਿਟੀ ਥਾਣੇ ਦੇ ਐੱਸ.ਐੱਚ.ਓ. ਨੂੰ ਲਿਖਤੀ ਸ਼ਿਕਾਇਤ ਸੌਂਪਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੇੜਲੇ ਪਿੰਡ ਢਾਬ ਗੁਰੂ ਕੀ ਦੇ ਲਗਭਗ 30 ਕਿਸਾਨਾ ਨੇ ਦੱਸਿਆ ਕਿ ਉਹਨਾ ਦੇ ਖੇਤਾਂ ਦੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਕਰਕੇ ਉਸ ਵਿਚਲਾ ਤਾਂਬਾ ਅੱਗੇ ਵੇਚਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਕ ਵਾਰ ਚੋਰੀ ਹੋਣ ਨਾਲ ਕਰੀਬ 2 ਹਜਾਰ ਰੁਪਏ ਦਾ ਨੁਕਸਾਨ ਹੁੰਦਾ ਹੈ ਤੇ ਉਕਤ ਮੋਟਰਾਂ ਦੀਆਂ ਤਾਰਾਂ ਦੀ ਕਈ ਕਈ ਵਾਰ ਚੋਰੀ ਹੋ ਚੁੱਕੀ ਹੈ। ਕਿਸਾਨ ਵਰਿੰਦਰ ਸਿੰਘ, ਕੇਵਲ ਸਿੰਘ, ਲਛਮਣ ਸਿੰਘ, ਗਗਨਦੀਪ ਸਿੰਘ, ਬਲਦੇਵ ਸਿੰਘ, ਲੱਖਾ ਸਿੰਘ, ਗੁਰਸੇਵਕ ਸਿੰਘ ਅਤੇ ਅਮਰਜੀਤ ਸਿੰਘ ਆਦਿ ਨੇ ਆਖਿਆ ਕਿ ਉਹ ਚੋਰਾਂ ਦੀਆਂ ਖਰਮਸਤੀਆਂ ਤੋਂ ਐਨੇ ਤੰਗ ਆ ਚੁੱਕੇ ਹਨ ਕਿ ਉਹਨਾ ਨੂੰ ਦਿਨ ਜਾਂ ਰਾਤ ਚੈਨ ਨਹੀਂ ਆ ਰਿਹਾ, ਕਿਉਂਕਿ ਪਹਿਲਾਂ ਹੀ ਮੰਦਹਾਲੀ ਵਿੱਚ ਜਾ ਰਹੀ ਕਿਸਾਨੀ ਲਈ ਇਹ ਇਕ ਨਵੀਂ ਮੁਸੀਬਤ ਆਣ ਪਈ ਹੈ। ਉਹਨਾਂ ਆਖਿਆ ਕਿ ਉਹ ਇਸ ਸਬੰਧੀ ਲਿਖਤੀ ਅਤੇ ਜੁਬਾਨੀ ਸ਼ਿਕਾਇਤਾਂ ਕਰ ਕਰ ਕੇ ਅੱਕ ਚੁੱਕੇ ਹਨ। ਸੰਪਰਕ ਕਰਨ ’ਤੇ ਥਾਣਾ ਮੁਖੀ ਇੰਸ. ਗੁਰਮੇਹਰ ਸਿੰਘ ਸਿੱਧੂ ਨੇ ਆਖਿਆ ਕਿ ਉਕਤ ਮਾਮਲੇ ਦੀ ਤਫਤੀਸ਼ ਏ.ਐੱਸ.ਆਈ. ਲਛਮਣ ਸਿੰਘ ਵਲੋਂ ਕੀਤੀ ਜਾ ਰਹੀ ਹੈ। ਜਦਕਿ ਤਫਤੀਸ਼ੀ ਅਫਸਰ ਏਐਸਆਈ ਲਛਮਣ ਸਿੰਘ ਦਾ ਕਹਿਣਾ ਹੈ ਕਿ ਚੋਰਾਂ ਦੀਆਂ ਸਰਗਰਮੀਆਂ ਨੂੰ ਹਰ ਹਾਲਤ ਵਿੱਚ ਕਾਬੂ ਪਾਉਣ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ।
Leave a Comment
Your email address will not be published. Required fields are marked with *