ਮਿਟ ਜਾਵੇਗਾ ਕੂੜ-ਹਨੇਰਾ, ਚੜ੍ਹਿਆ ਹੈ ਅੱਜ ਸਾਲ ਨਵਾਂ।
ਛੱਡੀਏ ਕਹਿਣਾ ਮੇਰਾ-ਤੇਰਾ, ਚੜ੍ਹਿਆ ਹੈ ਅੱਜ ਸਾਲ ਨਵਾਂ।
ਧਰਤੀ ਹੋਵੇ ਹਰੀ-ਭਰੀ, ਤੇ ਵੱਢੀਏ ਜੜ੍ਹ ਪ੍ਰਦੂਸ਼ਣ ਦੀ
ਮਹਿਕੇ ਸਾਰਾ ਚਾਰ-ਚੁਫੇਰਾ, ਚੜ੍ਹਿਆ ਹੈ ਅੱਜ ਸਾਲ ਨਵਾਂ।
ਸ਼ਾਨ ਵਧਾਈਏ ਧੀਆਂ ਦੀ, ਤੇ ਕਰੀਏ ਨਾ ਕੁਕਰਮ ਕੋਈ
ਮਿਲੇਗਾ ਸਾਨੂੰ ਸੁੱਖ ਘਣੇਰਾ, ਚੜ੍ਹਿਆ ਹੈ ਅੱਜ ਸਾਲ ਨਵਾਂ।
ਪਾਜ ਉੱਧੜ ਗਏ ਭੇਖੀਆਂ ਦੇ,ਤੇ ਖੁੱਲ੍ਹੀ ਪੋਲ ਹੈ ਬਾਬਿਆਂ ਦੀ
ਆਉਣ ਵਾਲਾ ਹੈ ਸਮਾਂ ਚੰਗੇਰਾ,ਚੜ੍ਹਿਆ ਹੈ ਅੱਜ ਸਾਲ ਨਵਾਂ।
ਨਸ਼ਿਆਂ ਦੀ ਦਲਦਲ ਵਿੱਚ ਫਸ ਕੇ,ਕੰਚਨ ਦੇਹੀ ਗਾਲ ਲਈ
ਨੀਂਦ ‘ਚੋਂ ਜਾਗ ਪੰਜਾਬੀ ਸ਼ੇਰਾ,ਚੜ੍ਹਿਆ ਹੈ ਅੱਜ ਸਾਲ ਨਵਾਂ।
ਖਿੱਝਣਾ ਛੱਡੀਏ ਬੀਤੇ ਕੱਲ੍ਹ ਤੇ, ਭਲਕ ਦੀ ਚਿੰਤਾ ਕਰੀਏ ਨਾ
ਵਰਤਮਾਨ ਹੈ ਸੁਹਜ-ਸਵੇਰਾ, ਚੜ੍ਹਿਆ ਹੈ ਅੱਜ ਸਾਲ ਨਵਾਂ।
ਬੀਤ ਗਏ ਦਿਨ ਕਾਲਖ ਵਾਲੇ, ਭਾਂਜ ਪਈ ਹੈ ਗ਼ਮੀਆਂ ਨੂੰ
ਖੁਸ਼ੀਆਂ ਨੇ ਹੁਣ ਲਾਇਆ ਡੇਰਾ, ਚੜ੍ਹਿਆ ਹੈ ਸਾਲ ਨਵਾਂ।
ਸ਼ੁਭ ਕਰਮਾਂ ਨੂੰ ਪੱਲੇ ਬੰਨ੍ਹੀਏ, ਮੂੰਹੋਂ ਬੋਲੀਏ ਬੋਲ ਮਿੱਠੇ
ਟੁੱਟ ਜਾਣਾ ਦੁਸ਼ਮਣ ਦਾ ਘੇਰਾ,ਚੜ੍ਹਿਆ ਹੈ ਸਾਲ ਨਵਾਂ।
ਇੱਕ ਦੂਜੇ ਨੂੰ ਗਲੇ ਲਗਾ ਕੇ, ਦਿਓ ਵਧਾਈ ਮਿਲ-ਜੁਲ ਕੇ
ਸਜਿਆ ਲਾਈਟਾਂ ਨਾਲ ਬਨੇਰਾ,ਚੜ੍ਹਿਆ ਹੈ ਅੱਜ ਸਾਲ ਨਵਾਂ।
ਸਰ ਕਰ ਲੈਣੀ ਮੰਜ਼ਿਲ ਆਪਾਂ,ਮਨ ਵਿਚ ਦ੍ਰਿੜ੍ਹ ਨਿਸ਼ਚਾ ਰੱਖੀਏ।
‘ਰੂਹੀ’ ਨੇ ਕੀਤਾ ਹੈ ਜੇਰਾ, ਚੜ੍ਹਿਆ ਹੈ ਅੱਜ ਸਾਲ ਨਵਾਂ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.