ਸੰਗਤ ਮੰਡੀ , 4 ਅਪਰੈਲ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ)
ਅੱਜ ਪ੍ਰੈਸ ਕਲੱਬ ਬਠਿੰਡਾ ਦਿਹਾਤੀ ਵੱਲੋਂ ਰਾਮਾਂ ਥਾਣੇ ਦੇ ਮੁੱਖ ਅਫਸਰ ਇੰਸਪੈਕਟਰ ਜਸਬੀਰ ਸਿੰਘ ਚਹਿਲ ਨੂੰ ਦੀ ਚੰਗੀ ਕਾਰਗੁਜ਼ਾਰੀ ਸਦਕਾ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੈਸ ਕਲੱਬ ਯੂਨੀਅਨ ਦੇ ਪ੍ਰਧਾਨ ਗੁਰਜੀਤ ਚੌਹਾਨ ਨੇ ਕਿਹਾ ਕਿ ਸ੍ਰ.ਜਸਬੀਰ ਸਿੰਘ ਚਹਿਲ ਨੇ ਸਖ਼ਤੀ ਵਰਤਦਿਆਂ ਇਲਾਕੇ ਅੰਦਰ ਸ਼ਾਂਤੀ ਨੂੰ ਬਰਕਰਾਰ ਰੱਖਿਆ ਹੈ ਅਤੇ ਲੋਕਾਂ ਨੂੰ ਸਹੀ ਇੰਨਸਾਫ ਦੇ ਰਹੇ ਹਨ। ਸ੍ਰ.ਜਸਬੀਰ ਸਿੰਘ ਚਹਿਲ ਦੇ ਚਾਰਜ ਸੰਭਾਲਣ ਤੋਂ ਪਹਿਲਾਂ ਇਲਾਕੇ ਅੰਦਰ ਰੋਜ਼ਾਨਾ ਅਪਰਾਧਿਕ ਘਟਨਾਵਾਂ ਹੋ ਰਹੀਆਂ ਸਨ। ਥਾਣਾ ਮੁਖੀ ਸ੍ਰ.ਚਹਿਲ ਨੇ ਪ੍ਰੈਸ ਕਲੱਬ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਸਨਮਾਨਿਤ ਕਰਕੇ ਪ੍ਰੈਸ ਕਲੱਬ ਨੇ ਉਹਨਾਂ ਦਾ ਹੌਂਸਲਾ ਵਧਾਇਆ ਹੈ। ਉਹਨਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਪੁਲਿਸ ਨੂੰ ਅਪਰਾਧ ਰੋਕਣ ਵਿਚ ਸਫਲਤਾ ਮਿਲੀ ਹੈ। ਉਹਨਾਂ ਕਿਹਾ ਕਿ ਮਾਨਯੋਗ ਐਸਐਸਪੀ ਬਠਿੰਡਾ ਦੀਆਂ ਹਦਾਇਤਾਂ ਅਨੁਸਾਰ ਨਸ਼ਿਆਂ ਦਾ ਸੇਵਨ ਅਤੇ ਤਸਕਰੀ ਕਰਨ ਵਾਲੇ ਵਿਅਕਤੀਆਂ ਤੇ ਪੁਲਿਸ ਨੇ ਬਾਜ਼ ਅੱਖ ਰੱਖੀ ਹੋਈ ਹੈ। ਲੋਕਸਭਾ ਚੋਣਾਂ ਨੂੰ ਲੈ ਕੇ ਥਾਣੇ ਦੀਆਂ ਪੁਲਿਸ ਟੀਮਾਂ ਲਗਾਤਾਰ ਇਲਾਕੇ ਅੰਦਰ ਗਸ਼ਤ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਚੌਣਾਂ ਦੌਰਾਨ ਕਿਸੇ ਵੀ ਤਰਾਂ ਦੀ ਗੜਬੜ ਕਰਨ ਵਾਲੇ ਸਲਾਖਾਂ ਪਿੱਛੇ ਹੋਣਗੇ। ਇਸ ਮੌਕੇ ਪ੍ਰੈਸ ਕਲੱਬ ਦੇ ਪ੍ਰਧਾਨ ਡਾਕਟਰ ਗੁਰਜੀਤ ਚੌਹਾਨ, ਭੀਮ ਚੰਦ ਸ਼ੌਂਕੀ ਜਥੇਬੰਦਕ ਸਕੱਤਰ, ਰਾਜਦੀਪ ਡੱਬੂ ਜੁਆਇੰਟ ਸਕੱਤਰ, ਜਗਸੀਰ ਸਿੰਘ ਜੱਗਾ ਅਤੇ ਤਰਸੇਮ ਸਿੰਗਲਾ ਹਾਜ਼ਰ ਸਨ।
Leave a Comment
Your email address will not be published. Required fields are marked with *