“ਚੰਗੀ ਸੋਚ ਬੰਦੇ ਨੂੰ ਹਮੇਸ਼ਾ ਚੰਗਾ ਰਾਸਤਾ ਦਿਖਾਉਂਦੀ ਹੈ।”
ਜ਼ਿੰਦਗੀ ਦੇ ਸਫ਼ਰ ਦੌਰਾਨ ਸਾਡੇ ਰਾਹਾਂ ਵਿੱਚ ਕਈ ਤਰ੍ਹਾ ਦੇ ਉਤਾਰ ਚੜ੍ਹਾਅ ਆਉਂਦੇ ਰਹਿੰਦੇ ਹਨ। ਸੰਘਰਸ਼ ਦੀ ਭੱਠੀ ਵਿੱਚ ਤਪ ਕੇ, ਮੁਸੀਬਤਾਂ ਤੋਂ ਘਬਰਾਉਣ ਦੀ ਜਗ੍ਹਾ ਉਹਨਾਂ ਦਾ ਹੱਲ ਲੱਭ ਕੇ ਅਤੇ ਸਾਕਾਰਾਤਮਕ ਸੋਚ ਨਾਲ ਅਸੀਂ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਸਕਦੇ ਹਾਂ। ਹਰ ਇਨਸਾਨ ਦੀ ਜ਼ਿੰਦਗੀ ਜਿਉਣ ਦੀ ਫਿਤਰਤ ਵੱਖੋ-ਵੱਖਰੀ ਹੁੰਦੀ ਹੈ। ਜ਼ਿੰਦਗੀ ਸਾਡੀਆਂ ਆਦਤਾਂ ਤੇ ਨਿਰਭਰ ਕਰਦੀ ਹੈ ਅਤੇ ਆਦਤਾਂ ਸਾਡੀ ਸੋਚ ਤੇ। ਕਈ ਇਨਸਾਨ ਆਪਣੀ ਜ਼ਿੰਦਗੀ ਨੂੰ ਬੜੀ ਜਿੰਦਾਦਿਲੀ ਨਾਲ ਜਿਉਂਦੇ ਹਨ ਅਤੇ ਕਈ ਆਪਣੇ ਡਿੱਗੇ ਹੌਸਲੇ ਕਾਰਨ ਨਰਕੀ ਕੁੰਭ ਮੰਨਣ ਲੱਗ ਜਾਂਦੇ ਨੇ।
ਕਿਸੇ ਵੀ ਕੰਮ ਦੇ ਹੋਣ ਲਈ ਉਸ ਪਿੱਛੇ ਕੀਤੇ ਯਤਨ, ਉਤਸ਼ਾਹ, ਮਿਹਨਤ ਅਤੇ ਸਾਕਾਰਾਤਮਕ ਸੋਚ ਨਿਰਭਰ ਕਰਦੀ ਹੈ। ਕੰਮ ਸਹੀ ਅਤੇ ਵਧੀਆ ਢੰਗ ਨਾਲ ਕਰਨ ਲਈ ਸਾਡੀ ਸੋਚ ਦਾ ਮਜਬੂਤ ਹੋਣਾ ਬਹੁਤ ਜ਼ਰੂਰੀ ਹੈ। ਜੇ ਸਾਡੀ ਸੋਚ ਚੰਗੀ ਅਤੇ ਸਾਕਾਰਾਤਮਕ ਹੈ ਤਾਂ ਅਸੀਂ ਦੂਜੇ ਵਿਅਕਤੀ ਕੋਲੋਂ ਵੀ ਹੱਲਾਸ਼ੇਰੀ ਦੇ ਕੇ ਕੰਮ ਕਰਵਾ ਸਕਦੇ ਹਾਂ। ਜਿਵੇਂ ਸਿਆਣੇ ਕਹਿੰਦੇ ਨੇ—-
“ਹੋਵੇ ਸੋਚ ਤਾਂ ਭੰਨ ਪਹਾੜ ਦੇਈਏ, ਬਿਨਾ ਇਰਾਦਿਆਂ ਚੁੱਕਣਾ ਚਮਚ ਔਖਾ”
ਸਾਡੇ ਅਤੇ ਜਾਨਵਰਾਂ ਵਿੱਚ ਸਭ ਤੋਂ ਵੱਡਾ ਫ਼ਰਕ ਸਾਡੀ ਸੋਚਣ ਦੀ ਸਮਰੱਥਾ ਹੀ ਹੈ। ਇਹ ਸਾਨੂੰ ਰੱਬ ਵੱਲੋਂ ਬਖਸ਼ੀ ਇੱਕ ਦਾਤ ਜਾਂ ਤੋਹਫਾ ਹੈ। ਜਿਸ ਸਦਕਾ ਅਸੀਂ ਆਪਣੀ ਸੂਝਬੂਝ ਤੇ ਮਿਹਨਤ ਨਾਲ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਹਾਂ ਪਰ ਇਸ ਲਈ ਸਾਡੀ ਸੋਚ ਦਾ ਚੰਗਾ ਹੋਣਾ ਬਹੁਤ ਜਰੂਰੀ ਹੈ। ਚੰਗੀ ਸੋਚ ਚੰਗੇ ਇਨਸਾਨ ਅਤੇ ਚੰਗੇ ਨਿਰੋਏ ਸਮਾਜ ਦਾ ਨਿਰਮਾਣ ਕਰਦੀ ਹੈ। ਸਾਡੀ ਸੋਚ ਦੂਜਿਆਂ ਤੋਂ ਕੋਈ ਉਮੀਦ ਕੀਤੇ ਬਿਨਾਂ ਉਹਨਾਂ ਦਾ ਚੰਗਾ ਕਰਨ ਦੀ ਹੋਣੀ ਚਾਹੀਦੀ ਹੈ। ਹਾਲਾਤ ਚਾਹੇ ਜੋ ਵੀ ਹੋਣ,ਉਸ ਵਿੱਚੋਂ ਚੰਗਾ ਲੱਭਣ ਦੀ ਕੋਸ਼ਿਸ਼ ਕਰੋ ਅਤੇ ਖੁਸ਼ ਰਹੋ। ਜਿਵੇਂ…..
ਕਿਸੇ ਪਿੰਡ ਵਿੱਚ ਪਰਮਾਤਮਾ ਦੀ ਹਰ ਸਮੇਂ ਭਗਤੀ ਕਰਨ ਵਾਲੇ ਦੋ ਸਾਧੂ ਝੁੱਗੀ ਬਣਾ ਰਹਿੰਦੇ ਸਨ। ਇੱਕ ਦਿਨ ਬਹੁਤ ਝੱਖੜ- ਹਨੇਰੀ ਆਉਣ ਕਾਰਨ ਝੁੱਗੀ ਟੁੱਟ ਜਾਂਦੀ ਹੈ ਤਾਂ ਇੱਕ ਸਾਧੂ ਰੱਬ ਨੂੰ ਬਹੁਤ ਬੁਰਾ ਭਲਾ ਕਹਿੰਦਾ ਹੈ ਕਿ ਮੈਂ ਸਾਰਾ ਦਿਨ ਤੇਰੀ ਪੂਜਾ ਕਰਦਾ ਹਾਂ ਤੇ ਤੂੰ ਮੇਰੀ ਝੁੱਗੀ ਤੋੜ ਦਿੱਤੀ ਪਰ ਦੂਜਾ ਸਾਧੂ ਟੁੱਟੀ ਝੁੱਗੀ ਦੇਖ ਕੇ, ਖੁਸ਼ ਹੋ ਕੇ ਨੱਚਦਾ ਹੋਇਆ ਭਗਵਾਨ ਦਾ ਸ਼ੁਕਰੀਆ ਅਦਾ ਕਰਦਾ ਹੋਇਆ ਕਹਿੰਦਾ ਹੈ,ਕਿ ਮਾਲਕ ਤੁਸੀਂ ਮੇਰੀ ਅੱਧੀ ਝੁਗੀ ਟੁੱਟਣ ਤੋਂ ਬਚਾ ਲਈ। ਦੋਹਾਂ ਸਾਧੂਆਂ ਦੇ ਸੋਚਣ ਦਾ ਤਰੀਕਾ ਵੱਖੋ-ਵੱਖਰਾ ਸੀ। ਇੱਕ ਨੇ ਨਾਕਾਰਾਤਮਕ ਤਰੀਕੇ ਨਾਲ ਅਤੇ ਦੂਜੇ ਨੇ ਸਾਕਾਰਾਤਮਕ ਤਰੀਕੇ ਨਾਲ ਸੋਚਿਆ।
ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਣੀ ਸੋਚ ਹਮੇਸ਼ਾ ਚੰਗੀ, ਸਾਕਾਰਾਤਮਕ ਤੇ ਉੱਚੀ ਰੱਖੋ। ਕਦੇ ਵੀ ਆਪਣੇ ਸੋਚੇ ਮੁਤਾਬਿਕ ਦੂਜਿਆਂ ਦੇ ਕਿਰਦਾਰ ਦਾ ਅੰਦਾਜ਼ਾ ਨਾ ਲਗਾਓ। ਚੰਗੀਆਂ ਕਿਤਾਬਾਂ, ਚੰਗੇ ਸਫਲ ਹੋਏ ਵਿਅਕਤੀਆਂ ਦਾ ਸੰਗ ਕਰਕੇ, ਮਿਹਨਤ, ਹੌਸਲੇ ਅਤੇ ਲਗਨ ਨਾਲ ਦੂਜਿਆਂ ਦੇ ਗੁਣਾਂ ਨੂੰ ਗ੍ਰਹਿਣ ਕਰਕੇ, ਨਿਰਾਸ਼ ਲੋਕਾਂ ਤੋਂ ਦੂਰੀ ਬਣਾ ਕੇ,ਆਪਣੀ ਕਾਬਲੀਅਤ ਨੂੰ ਪੇਸ਼ ਕਰੋ ਅਤੇ ਜ਼ਿੰਦਗੀ ਪ੍ਰਤੀ ਨਜ਼ਰੀਆ ਖੁਸ਼ਨੁਮਾ ਰੱਖੋ। ਆਪਣੀ ਸੋਚ ਹਮੇਸ਼ਾ ਉੱਚੀ ਅਤੇ ਸਿੱਧੀ ਰੱਖੋ। ਕਿਉਂਕਿ
“ਪੁੱਠੀ ਸੋਚ ਕਦੇ ਸਿੱਧਾ ਰਾਸਤਾ ਨਹੀਂ ਦਿਖਾਉਂਦੀ।”
‘ਨੀਲਮ’ (9779788365)
Leave a Comment
Your email address will not be published. Required fields are marked with *