ਸੰਗਰੂਰ 11 ਨਵੰਬਰ (ਸਵਰਨਜੀਤ ਸਿੰਘ/ਵਰਲਡ ਪੰਜਾਬੀ ਟਾਈਮਜ਼)
ਇਸਰਾਇਲ ਵਲੋਂ ਫ਼ਲਸਤੀਨ ਉਪਰ ਵਿੱਢੇ ਗੈਰ ਮਨੁੱਖੀ ਅਤੇ ਨਸਲਘਾਤੀ ਹਮਲੇ ਦੇ ਖਿਲਾਫ ਜਮਹੂਰੀ ਅਧਿਕਾਰ ਸਭਾ ਦੀ ਜ਼ਿਲ੍ਹਾ ਇਕਾਈ ਸੰਗਰੂਰ ਵਲੋਂ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਹੋਰ ਇਨਸਾਫ਼ ਪਸੰਦ ਲੋਕਾਂ ਦੇ ਸਹਿਯੋਗ ਨਾਲ 19 ਨਵੰਬਰ ਨੂੰ ਸੰਗਰੂਰ ਵਿਖੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਫੈਸਲਾ ਅੱਜ ਇਥੇ ਗ਼ਦਰ ਮੈਮੋਰੀਅਲ ਭਵਨ ਵਿਖੇ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਮਹੂਰੀ ਅਧਿਕਾਰ ਸਭਾ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ। ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਇਜ਼ਰਾਈਲ ਵਲੋਂ ਹਮਾਸ ਉਪਰ ਹਮਲੇ ਦੇ ਪਰਦੇ ਹੇਠ ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਗਾਜ਼ਾ ਪੱਟੀ ਵਿਚ ਖਾਣ ਪੀਣ ਵਾਲੇ ਸਮਾਨ ਦੀ ਨਾਕਾਬੰਦੀ ਕਰਕੇ ਅਤੇ ਰਿਹਾਇਸ਼ੀ ਇਲਾਕਿਆਂ, ਸਕੂਲਾਂ, ਯੂਨੀਵਰਸਿਟੀਆਂ, ਹਸਪਤਾਲਾਂ, ਐਂਬੂਲੈਂਸਾਂ, ਰਾਹਤ ਸ਼ਿਵਿਰਾਂ ਉਪਰ ਹਵਾਈ ਅਤੇ ਜ਼ਮੀਨੀ ਹਮਲੇ ਕਰਕੇ ਹੁਣ ਤੱਕ 10500ਤੋਂ ਜ਼ਿਆਦਾ ਲੋਕਾਂ ,ਜਿਨ੍ਹਾਂ ਵਿੱਚੋਂ 4000 ਬੱਚਿਆਂ, ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਅਤੇ 25000 ਤੋਂ ਜ਼ਿਆਦਾ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਹੈ। ਬਾਕੀ ਲੋਕਾਂ ਨੂੰ ਭੁੱਖੇ ਪਿਆਸੇ ਮਰਨ ਲਈ ਮਜਬੂਰ ਕਰ ਦਿੱਤਾ ਗਿਆ ਹੈ। ਸੰਸਾਰ ਪੱਧਰ ਉੱਤੇ 120 ਦੇਸ਼ਾਂ ਵਲੋਂ ਵਿਰੋਧ ਕਰਨ ਦੇ ਬਾਵਜੂਦ ਅਮਰੀਕੀ ਅਤੇ ਯੂਰਪੀ ਦੇਸ਼ਾਂ ਵਲੋਂ ਇਜ਼ਰਾਈਲ ਦੀ ਮੱਦਦ ਕੀਤੀ ਜਾ ਰਹੀ ਹੈ। ਭਾਰਤੀ ਹਾਕਮਾਂ ਵਲੋਂ ਵੀ ਇਸ ਨਸਲਕੁਸ਼ੀ ਦਾ ਵਿਰੋਧ ਨਾ ਕਰ ਕੇ ਇਸ ਦੀ ਪਿੱਠ ਪੂਰੀ ਜਾ ਰਹੀ ਹੈ। ਸਮੂਹ ਜਨਤਕ ਅਤੇ ਜਮਹੂਰੀ ਜਥੇਬੰਦੀਆਂ ਨੂੰ ਇਸ ਜ਼ੁਲਮ ਖਿਲਾਫ ਇੱਕ ਜੁੱਟ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੰਦਿਆਂ ਉਨ੍ਹਾਂ ਸਾਰਿਆਂ ਨੂੰ 19 ਨਵੰਬਰ ਨੂੰ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ। ਮੀਟਿੰਗ ਵਿੱਚ ਸੂਬਾ ਆਗੂ ਨਾਮਦੇਵ ਭੁਟਾਲ, ਵਿਸ਼ਵ ਕਾਂਤ ਤੋਂ ਇਲਾਵਾ ਜ਼ਿਲ੍ਹਾ ਆਗੂ ਭਜਨ ਸਿੰਘ ਰੰਗੀਆਂ, ਹਰਗੋਬਿੰਦ ਸਿੰਘ ਸ਼ੇਰਪੁਰ,ਵਿਸਾਖਾ ਸਿੰਘ ਧੂਰੀ, ਕੁਲਵਿੰਦਰ ਬੰਟੀ, ਦਾਤਾ ਸਿੰਘ ਨਮੋਲ ਅਤੇ ਮਾਸਟਰ ਮੁਖਤਿਆਰ ਸਿੰਘ ਮੌਜੂਦ ਸਨ।
Leave a Comment
Your email address will not be published. Required fields are marked with *