ਚੰਡੀਗੜ੍ਹ, 5 ਦਸੰਬਰ (ਸਟਾਫ਼ ਰਿਪੋਰਟਰ /ਵਰਲਡ ਪੰਜਾਬੀ ਟਾਈਮਜ਼)
ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸਭਾ ਦੇ ਦਫਤਰ ਸੈਕਟਰ-41 ਚੰਡੀਗੜ੍ਹ ਵਿਖੇ ਸ਼ਾਨਦਾਰ ਕਵੀ ਦਰਬਾਰ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ ਜਿਸ ’ਚ ਪ੍ਰਸਿੱਧ ਪੰਜਾਬੀ ਪ੍ਰਵਾਸੀ ਪੱਤਰਕਾਰ ਜਰਨੈਲ ਸਿੰਘ ਬਸੋਤਾ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ’ਚ ਮੁੱਖ ਮਹਿਮਾਨ ਸਮੇਤ ਸੰਸਥਾ ਦੇ ਪ੍ਰਧਾਨ ਬਹਾਦਰ ਸਿੰਘ ਗੋਸਲ, ਸਾਹਿਤਕਾਰ ਤੇ ਪੱਤਰਕਾਰ ਬਲਜਿੰਦਰ ਕੌਰ ਸ਼ੇਰਗਿੱਲ, ਪੱਤਰਕਾਰ ਅਮਰਜੀਤ ਸਿੰਘ ਬਠਲਾਣਾ ਸ਼ਾਮਲ ਸਨ।
ਸਮਾਗਮ ਦੇ ਅਰੰਭ ਵਿੱਚ ਸੰਸਥਾ ਦੇ ਪ੍ਰਧਾਨ ਪਿ੍ੰ ਬਹਾਦਰ ਸਿੰਘ ਗੋਸਲ ਨੇ ਮੁੱਖ ਮਹਿਮਾਨ ਅਤੇ ਦੂਜੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਦੇ ਹੋਏ ਮੁੱਖ ਮਹਿਮਾਨ ਅਤੇ ਸੰਸਥਾ ਦੇ ਅਹੁਦੇਦਾਰਾਂ ਨਾਲ ਜਾਣ ਪਹਿਚਾਣ ਕਰਵਾਈ ਅਤੇ ਜਰਨੈਲ ਬਸੋਤਾ ਜੀ ਵਲੋਂ ਦੇਸ਼ ਵਿਦੇਸ਼ਾਂ ’ਚ ਪੱਤਰਕਾਰੀ ਕਰਨ ਅਤੇ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੇ ਕੰਮਾਂ ਦੀ ਪ੍ਰਸ਼ੰਸਾ ਕੀਤੀ। ਇਸ ਤੋਂ ਬਾਅਦ ਸ਼ਾਨਦਾਰ ਕਵੀ ਦਰਬਾਰ ਦੀ ਅਰੰਭਤਾ ਮੈਡਮ ਬਲਜਿੰਦਰ ਕੌਰ ਸ਼ੇਰਗਿੱਲ ਦੀ ਪੰਜਾਬੀ ਮਾਂ ਬੋਲੀ ਬਾਰੇ ਕਵਿਤਾ ਨਾਲ ਕੀਤੀ ਗਈ। ਹਾਜ਼ਰ ਕਵੀਆਂ ਅਤੇ ਪਤਵੰਤਿਆਂ ਨੇ ਆਪਣੀਆਂ ਨਵੀਆਂ ਰਚਨਾਵਾਂ ਨਾਲ ਕਵੀ ਦਰਬਾਰ ’ਚ ਰੰਗ ਬੰਨਿ੍ਹਆ ਅਤੇ ਖੂਬ ਵਾਹ ਵਾਹ ਖੱਟੀ। ਜਿਨ੍ਹਾਂ ਕਵੀਆਂ ਨੇ ਆਪਣੀਆਂ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ ਉਨ੍ਹਾਂ ’ਚ ਦਲਬੀਰ ਸਿੰਘ ਸਰੋਆ, ਰਾਜਵਿੰਦਰ ਸਿੰਘ ਗੱਡੂ, ਅਵਤਾਰ ਸਿੰਘ ਮਹਿਤਪੁਰੀ, ਕਰਮਜੀਤ ਸਿੰਘ ਬੱਗਾ, ਭੁਪਿੰਦਰ ਭਾਗੋਮਾਜਰੀਆ, ਸਤਬੀਰ ਕੌਰ, ਸੁਰੇਸ਼ ਦੇਵੀ ਸ਼ਾਮਲ ਸਨ। ਜਗਤਾਰ ਸਿੰਘ ਜੋਗ ਵਲੋਂ ਪਿ੍ੰਸੀਪਲ ਗੋਸਲ ਰਚਿਤ ਗੀਤ ”ਕਿਵੇਂ ਵਿਰਸਾ ਸਾਂਭਣਗੇ ਜੇ ਘਰ ਘਰ ਹੋਊ ਸ਼ਰਾਬੀ” ਗਾਏ ਗੀਤ ਨੇ ਖੂਬ ਸਮਾਗਮ ਨੂੰ ਚਾਰ ਚੰਨ ਲੱਗਾ ਦਿੱਤੇ।
ਸਮਾਗਮ ਦੇ ਦੂਜੇ ਗੇੜ ’ਚ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਮੁੱਖ ਮਹਿਮਾਨ ਅਤੇ ਪ੍ਰਸਿੱਧ ਪ੍ਰਵਾਸੀ ਪੱਤਰਕਾਰ ਦਾ ਦੰਤਰ ਪਹੁੰਚਣ ਅਤੇ ਪੰਜਾਬੀ ਪ੍ਰੇਮ ਲਈ ਸਨਮਾਨ ਕੀਤਾ ਗਿਆ। ਉਨ੍ਹਾਂ ਨੂੰ ਪਿ੍ੰਸੀਪਲ ਬਹਾਦਰ ਸਿੰਘ ਗੋਸਲ ਪ੍ਰਧਾਨ, ਅਵਤਾਰ ਸਿੰਘ ਮਹਿਤਪੁਰੀ ਜਨਰਲ ਸਕੱਤਰ, ਜਗਤਾਰ ਸਿੰਘ ਜੋਗ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਬਠਲਾਣਾ ਪ੍ਰੈਸ ਸਕੱਤਰ, ਭੁਪਿੰਦਰ ਭਾਗੋਮਾਜਰੀਆ ਉਪ ਪ੍ਰਧਾਨ, ਬਲਜਿੰਦਰ ਸ਼ੇਰਗਿੱਲ ਉਪ ਪ੍ਰਧਾਨ ਅਤੇ ਮੁੱਖ ਸਲਾਹਕਾਰ ਮੈਡਮ ਸਤਬੀਰ ਕੌਰ ਵਲੋਂ ਇੱਕ ਸਨਮਾਨ ਚਿੰਨ, ਇਕ ਲੋਈ, ਫੁੱਲਾਂ ਦੇ ਗੁਲਦਸਤੇ ਅਤੇ ਕਿਤਾਬਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ।
ਮੁੱਖ ਮਹਿਮਾਨ ਜਰਨੈਲ ਸਿੰਘ ਬਸੋਤਾ ਵਲੋਂ ਇਸ ਸਨਮਾਨ ਲਈ ਸੰਸਥਾ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦੇ ਹੋਏ ਆਪਣੇ ਪੰਜਾਬੀ ਪ੍ਰਤੀ ਕੀਤੇ ਕੰਮਾਂ ਅਤੇ ਵਿਦੇਸ਼ਾਂ ’ਚ ਪੰਜਾਬੀ ਪੱਤਰਕਾਰੀ ਲਈ ਆਪਣੇ ਰੁਝੇਵਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸੰਸਥਾ ਨੂੰ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਹਰ ਤਰ੍ਹਾਂ ਦੀ ਮਾਲੀ ਸਾਹਿਤਕ ਅਤੇ ਪ੍ਰਚਾਰਕ ਸਮੱਗਰੀ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ’ਤੇ ਹਾਜ਼ਰ ਵਿਅਕਤੀਆਂ ’ਚ ਸਲਾਹਕਾਰ ਬਲਵਿੰਦਰ ਸਿੰਘ, ਕਾਰਜਕਾਰੀ ਸਕੱਤਰ ਰਾਜਿੰਦਰ ਧੀਮਾਨ, ਸਿਕੰਦਰ ਸਿੰਘ, ਅਮਰਜੀਤ ਬਠਲਾਣਾ ਅਤੇ ਦੂਜੇ ਪਤਵੰਤੇ ਵੀ ਹਾਜ਼ਰ ਸਨ। ਸਟੇਜ਼ ਸਕੱਤਰ ਦੀ ਸੇਵਾ ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ ਨੇ ਬਾ-ਖੂਬੀ ਨਿਭਾਈ। ਅੰਤ ਵਿੱਚ ਸ੍ਰੀ ਮਹਿਤਪੁਰੀ ਵਲੋਂ ਮੁੱਖ ਮਹਿਮਾਨ ਅਤੇ ਦੂਜੇ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ ।
Leave a Comment
Your email address will not be published. Required fields are marked with *