ਕੋਟਕਪੂਰਾ, 27 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜਲ ਜੀਵਨ ਬਚਾਓ ਮੋਰਚਾ ਦੇ ਰੂਪ ’ਚ ਫਰੀਦਕੋਟ ਦੀਆਂ ਸਮਾਜਸੇਵੀ ਸੰਸਥਾਵਾਂ ਤੇ ਸੰਯੁਕਤ ਕਿਸਾਨ ਜੱਥੇਬੰਦੀਆਂ ਲੰਬੇ ਸਮੇਂ ਤੋਂ ਮੰਗ ਕਰ ਰਹੀਆਂ ਹਨ ਕਿ ਫਰੀਦਕੋਟ ’ਚੋ ਲੰਘਦੀਆਂ ਜੌੜੀਆਂ ਨਹਿਰਾਂ ਬਹੁਤ ਖਸਤਾ ਹਾਲਤ ’ਚ ਹਨ, ਕਿਸੇ ਵੇਲੇ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ, ਨਹਿਰਾਂ ਦੀ ਬਿ੍ਰੱਕ ਮੁਰੰਮਤ ਹੋਣੀ ਬਹੁਤ ਜਰੂਰੀ ਹੈ ਪਰ ਸਰਕਾਰ ਲਗਾਤਾਰ ਇਸ ਸੰਵੇਦਨਸ਼ੀਲ ਮੁੱਦੇ ਦੀ ਅਣਦੇਖੀ ਕਰ ਰਹੀ ਹੈ। ਹੁਣ ਸਰਕਾਰ ਨੇ ਫਿਰ ਰਾਜਸਥਾਨ ਨੂੰ ਫਾਇਦਾ ਪਹੁੰਚਾਉਣ ਲਈ ਨਹਿਰ ਨੂੰ ਗੈਰਕੁਦਰਤੀ ਤੇ ਲੋਕ ਵਿਰੋਧੀ ਢੰਗ ਨਾਲ ਪੱਕਿਆਂ ਕਰਨ ਦਾ ਫੈਸਲਾ ਕੀਤਾ ਹੈ, ਜਦੋਂ ਕਿ ਸਰਕਾਰ ਇਹ ਪਹਿਲਾਂ ਹੀ ਰੱਦ ਕਰ ਚੁੱਕੀ ਸੀ ਤੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਤਾਂ ਅਖਬਾਰਾਂ ’ਚ ਪਹਿਲਾਂ ਹੀ ਇਸ ਗੱਲ ਦਾ ਐਲਾਨ ਕਰ ਦਿੱਤਾ ਸੀ ਕਿ ਨਹਿਰਾਂ ਨੂੰ ਪੱਕਿਆਂ ਕਰਨ ਦਾ ਫੈਸਲਾ ਰੱਦ ਕਰ ਦਿੱਤਾ ਹੈ ਪਰ ਹੁਣ ਰਾਜਸਥਾਨ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਪਾਰਟੀ ਰਾਜਸਥਾਨ ’ਚ ਆਪਣੀ ਸ਼ਾਖ ਨੂੰ ਵਧਾਉਣ ਲਈ ਰਾਜਸਥਾਨ ਨੂੰ ਪਾਣੀ ਦਾ ਫਾਇਦਾ ਦੇਣਾ ਚਾਹੁੰਦੀ ਹੈ ਜਦੋਂ ਕਿ ਰਾਜਸਥਾਨ ਕੋਲੋਂ ਪੰਜਾਬ ਨੂੰ ਕਦੇ ਵੀ ਪਾਣੀ ਦਾ ਕੋਈ ਮੁਆਵਜਾ ਨਹੀਂ ਮਿਲਿਆ। ਇੱਕ ਪਾਸੇ ਮੁੱਖ ਮੰਤਰੀ ਪੰਜਾਬ ਸਾਫ ਸ਼ਬਦਾਂ ’ਚ ਹਰਿਆਣੇ ਨੂੰ ਕਹਿ ਚੁੱਕੇ ਹਨ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ, ਫਿਰ ਰਾਜਸਥਾਨ ਨੂੰ ਪਾਣੀ ਦੇਣਾ ਕੀ ਮਜਬੂਰੀ ਹੈ। ਬਹੁਤ ਜਲਦੀ ਨਹਿਰੀ ਮਹਿਕਮੇ ਵੱਲੋਂ ਲੱਖਾਂ ਰੁਪਏ ਸਫਾਈ ਤੇ ਮੁਰੰਮਤ ਦੇ ਨਾਮ ’ਤੇ ਕਿਵੇਂ ਖੁਰਦ ਬੁਰਦ ਕੀਤੇ ਗਏ ਲੋਕਾਂ ਅੱਗੇ ਨਸ਼ਰ ਕੀਤੇ ਜਾਣਗੇ।