ਸਫ਼ਰ ਜ਼ਿੰਦਗੀ ਦਾ ਹਰੇਕ ਲਈ,
ਹੁੰਦਾ ਬੜਾ ਹੀ ਔਖਾ।
ਐਪਰ ਜੇਕਰ ਰਜ਼ਾ ‘ਚ ਰਹੀਏ,
ਹੋ ਜਾਂਦਾ ਹੈ ਸੌਖਾ।
ਜੀਵਨ-ਪੰਧ ‘ਚ ਸਦਾ ਹੀ ਆਵਣ,
ਉੱਚੇ-ਨੀਵੇਂ ਰਸਤੇ।
ਨਿੱਕੇ ਮੋਢਿਆਂ ‘ਤੇ ਟੰਗੇ ਨੇ,
ਕਿੰਨੇ ਭਾਰੀ ਬਸਤੇ।
ਹੱਸ-ਖੇਡ ਕੇ ਕੱਟੀਏ ਜੀਵਨ,
ਮੇਲਾ ਚਾਰ ਦਿਹਾੜੇ।
ਸੁਖੀ ਰਹਾਂਗੇ ਆਪਾਂ ਜੇਕਰ,
ਕਰੀਏ ਕੰਮ ਨਾ ਮਾੜੇ।
ਸਭਨਾਂ ਦੇ ਦਿਲ ਅੱਲ੍ਹਾ ਵੱਸਦਾ,
ਸਭ ਦਾ ਦੁਖ ਵੰਡਾਈਏ।
ਕੰਡੇ ਚੁਗੀਏ ਰਾਹਾਂ ਵਿੱਚੋਂ,
ਸਭ ਦੀ ਖ਼ੈਰ ਮਨਾਈਏ।
ਮੋਹ, ਮਮਤਾ ਤੇ ਹਮਦਰਦੀ ਨੇ,
ਗੁਣ ਸਾਰੇ ਹੀ ਪਿਆਰੇ।
ਮਿੱਠਾ ਬੋਲਣ ਵਾਲੇ ਹਰ ਥਾਂ,
ਜਾਂਦੇ ਨੇ ਸਤਿਕਾਰੇ।
ਨੀਵੇਂ ਹੋ ਕੇ ਰਹੀਏ ਹਰਦਮ,
ਓਸ ਖ਼ੁਦਾ ਤੋਂ ਡਰੀਏ।
ਗਊ-ਗ਼ਰੀਬ ਦੀ ਰਾਖੀ ਕਰਕੇ,
ਇਹ ਭਵਸਾਗਰ ਤਰੀਏ।

* ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.