ਮੁਲਾਜਮ ਅਤੇ ਪੈਨਸ਼ਨਰ ਵਿਰੋਧੀ ਭਗਵੰਤ ਮਾਨ ਸਰਕਾਰ ਦਾ ਕੀਤਾ ਪਿੱਟ ਸਿਆਪਾ
ਜਨਵਰੀ ਅਤੇ ਫਰਵਰੀ ’ਚ ਆਮ ਆਦਮੀ ਪਾਰਟੀ ਦੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦਾ ਕੀਤਾ ਜਾਵੇਗਾ ਘਿਰਾਓ
ਫਰੀਦਕੋਟ, 15 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਵੱਖ ਵੱਖ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ’ਚੋਂ ਸੇਵਾ ਮੁਕਤ ਹੋਏ ਪੈਨਸਨਰਾਂ ਤੇ ਮੁਲਾਜਮਾਂ, ਆਸਾ ਵਰਕਰਾਂ ਤੇ ਆਂਗਣਵਾੜੀ ਵਰਕਰਾਂ ਵੱਲੋਂ ਪੰਜਾਬ ਮੁਲਾਜਮ ਤੇ ਪੈਨਸਨਰ ਸਾਂਝਾ ਫਰੰਟ ਦੇ ਸੱਦੇ ਤੇ ਅੱਜ ਡਿਪਟੀ ਕਮਿਸਨਰ ਦੇ ਦਫਤਰ ਸਾਹਮਣੇ ਰੋਸ ਰੈਲੀ ਕਰਨ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਮਾਨ ਦਾ ਪੁਤਲਾ ਫੂਕਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਤਿੱਖੀ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦੇ ਹੋਏ ਪੰਜਾਬ ਮੁਲਾਜਮ ਅਤੇ ਪੈਨਸਨਰਜ ਸਾਂਝਾ ਫਰੰਟ ਜਿਲਾ ਫਰੀਦਕੋਟ ਦੇ ਆਗੂ ਪ੍ਰੇਮ ਚਾਵਲਾ, ਇੰਦਰਜੀਤ ਸਿੰਘ ਖੀਵਾ, ਪਿ੍ਰੰਸੀਪਲ ਕਿ੍ਰਸਨ ਲਾਲ, ਵੀਰਇੰਦਰਜੀਤ ਸਿੰਘ ਪੁਰੀ, ਅਸੋਕ ਕੌਸਲ, ਕੁਲਵੰਤ ਸਿੰਘ ਚਾਨੀ, ਆਸਾ ਵਰਕਰ ਆਗੂ ਸਿੰਬਲਜੀਤ ਕੌਰ ਝੱਖੜ ਵਾਲਾ, ਆਂਗਣਵਾੜੀ ਵਰਕਰ ਆਗੂ ਕਿ੍ਰਸਨਾ ਦੇਵੀ ਔਲਖ, ਇਕਬਾਲ ਸਿੰਘ ਢੁੱਡੀ ਜਿਲਾ ਪ੍ਰਧਾਨ, ਬਲਕਾਰ ਸਿੰਘ ਮੰਡੀ ਬੋਰਡ ਜਿਲਾ ਜਨਰਲ ਸਕੱਤਰ ਕਲਾਸ ਫੋਰ ਯੂਨੀਅਨ, ਪੈਰਾ ਮੈਡੀਕਲ ਸਟਾਫ ਸਿਹਤ ਵਿਭਾਗ ਦੇ ਆਗੂ ਜਸਮੇਲ ਸਿੰਘ, ਬਾਬੂ ਸਿੰਘ, ਮਨਦੀਪ ਸਾਦਿਕ, ਸੁਖਵਿੰਦਰ ਸਿੰਘ ਪ੍ਰਧਾਨ ਕਲਾਸ ਫੋਰ ਯੂਨੀਅਨ ਸਿਹਤ ਵਿਭਾਗ, ਰਣਜੀਤ ਸਿੰਘ, ਭਰਾਤਰੀ ਜਥੇਬੰਦੀਆਂ ਦੇ ਆਗੂ ਸੁਖਜਿੰਦਰ ਸਿੰਘ ਤੂੰਬੜ ਭੰਨ, ਗੋਰਾ ਸਿੰਘ ਪਿਪਲੀ, ਬਲਵੀਰ ਸਿੰਘ ਔਲਖ, ਗੁਰਨਾਮ ਸਿੰਘ ਮਾਨੀ ਸਿੰਘ ਵਾਲਾ ਤੇ ਪ੍ਰਦੀਪ ਸਿੰਘ ਬਰਾੜ ਨੇ ਪੰਜਾਬ ਸਰਕਾਰ ਤੇ ਦੋਸ ਲਾਇਆ ਕਿ ਪੰਜਾਬ ਸਰਕਾਰ ਨੇ ਪੈਨਸਨਰਾਂ, ਆਊਟ ਸੋਰਸ, ਕੱਚੇ, ਠੇਕਾ ਆਧਾਰਤ ਤੇ ਰੈਗੂਲਰ ਮੁਲਾਜਮਾਂ ਅਤੇ ਸਕੀਮ ਵਰਕਰਾਂ ਦੀ ਆਪਣੇ 21 ਮਹੀਨੇ ਦੇ ਕਾਰਜ ਕਾਲ ਦੌਰਾਨ ਕੋਈ ਵੀ ਸਾਰ ਨਾ ਲੈਂਦੇ ਹੋਏ ਹੁਣ ਤੱਕ ਇੱਕ ਮੰਗ ਵੀ ਪੂਰੀ ਨਹੀਂ ਕੀਤੀ। ਉਹਨਾਂ ਅੱਗੇ ਕਿਹਾ ਕਿ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਪੰਜਾਬ ਦੇ ਸੱਦੇ ਤੇ ਸਮੂਹ ਦਫਤਰੀ ਕਾਮੇ 8 ਨਵੰਬਰ ਤੋਂ ਕਲਮ ਛੋੜ ਹੜਤਾਲ ਤੇ ਚੱਲ ਰਹੇ ਹਨ ਪਰ ਮੁੱਖ ਮੰਤਰੀ ਪੰਜਾਬ ਕੋਲ ਸਮੂਹ ਪੈਨਸਨਰਾਂ ਅਤੇ ਮੁਲਾਜਮਾਂ ਦੀ ਗੱਲ ਸੁਣਨ ਲਈ ਕੋਈ ਟਾਈਮ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਸਮੂਹ ਪੈਨਸਨਰ, ਸਮੂਹ ਦਰਜਾ ਚਾਰ ਮੁਲਾਜਮ ਤੋਂ ਦਰਜਾ ਇੱਕ ਤੱਕ ਦੇ ਅਧਿਕਾਰੀ ਇਸ ਸਮੇਂ ਕੇਂਦਰ ਸਰਕਾਰ ਤੇ ਕਈ ਹੋਰ ਰਾਜਾਂ ਦੇ ਮੁਲਾਜਮਾਂ ਨਾਲੋਂ 12 ਫੀਸਦੀ ਮਹਿੰਗਾਈ ਭੱਤਾ ਘੱਟ ਲੈ ਰਹੇ ਹਨ, ਪੰਜਾਬ ਸਰਕਾਰ ਵੱਲ ਡੀ ਏ ਦੀਆਂ ਤਿੰਨ ਕਿਸਤਾਂ ਬਕਾਇਆ ਖੜੀਆਂ ਹਨ, ਪੰਜਾਬ ਦੇ ਛੇਵੇਂ ਤਨਖਾਹ ਕਮਿਸਨ ਦੀਆਂ ਸਿਫਾਰਸਾਂ ਅਨੁਸਾਰ ਪੰਜਾਬ ਸਰਕਾਰ ਵੱਲ ਸਾਢੇ ਪੰਜ ਸਾਲਾਂ ਦਾ ਤਨਖਾਹ ਅਤੇ ਪੈਨਸਨਾਂ ਦਾ ਬਕਾਇਆ ਪੈਂਡਿੰਗ ਪਿਆ ਹੈ, ਤਨਖਾਹ ਕਮਿਸਨ ਦੀਆਂ ਸਿਫਾਰਸਾਂ ਅਨੁਸਾਰ ਪੈਨਸਨ ਸੋਧ 2.59 ਗੁੰਨਾਂਕ ਲਾਗੂ ਨਹੀਂ ਕੀਤਾ ਜਾ ਰਿਹਾ, ਜਨਵਰੀ 2016 ਤੋਂ 30 ਜੂਨ 2021 ਦਰਮਿਆਨ ਰਿਟਾਇਰ ਹੋਏ ਪੈਨਸਨਰਾਂ ਨੂੰ ਸੋਧੀ ਲੀਵ ਇਨਕੈਸਮੈਂਟ ਨਹੀਂ ਦਿੱਤੀ ਜਾ ਰਹੀ, ਲਗਭਗ ਇੱਕ ਸਾਲ ਪਹਿਲਾਂ ਪੰਜਾਬ ਮੰਤਰੀ ਮੰਡਲ ਵੱਲੋਂ ਪੁਰਾਣੀ ਪੈਨਸਨ ਸਕੀਮ ਨੂੰ ਬਹਾਲ ਕਰਨ ਦਾ ਫੈਸਲਾ ਅਜੇ ਤੱਕ ਅਮਲੀ ਰੂਪ ਵਿੱਚ ਲਾਗੂ ਨਹੀਂ ਹੋਇਆ, ਪੰਜਾਬ ਸਰਕਾਰ ਨੇ ਅਜੇ ਤੱਕ ਇੱਕ ਵੀ ਠੇਕਾ ਆਧਾਰਤ ਅਤੇ ਆਊਟਸੋਰਸ ਮੁਲਾਜਮ ਨੂੰ ਪੱਕਾ ਨਹੀਂ ਕੀਤਾ ਤੇ ਨਾ ਹੀ ਮੁਲਾਜਮਾਂ ਦੀਆਂ ਤਨਖਾਹਾਂ ਵਿੱਚ ਅਜੇ ਤੱਕ ਕੋਈ ਵਾਧਾ ਕੀਤਾ ਹੈ, ਆਸਾ ਵਰਕਰਾਂ, ਮਿਡ ਡੇ ਮੀਲ ਵਰਕਰਾਂ ਅਤੇ ਆਂਗਨਵਾੜੀ ਵਰਕਰਾਂ ਨੂੰ ਘੱਟ ਉਜਰਤਾਂ ਦੇ ਕੇ ਇਹਨਾਂ ਸਾਰਿਆਂ ਦਾ ਆਰਥਿਕ ਸੋਸਣ ਕੀਤਾ ਜਾ ਰਿਹਾ ਹੈ ਤੇ ਘੱਟੋ ਘੱਟ ਉਜਰਤ ਕਨੂੰਨ ਵੀ ਲਾਗੂ ਨਹੀਂ ਕੀਤਾ ਜਾ ਰਿਹਾ। ਆਗੂਆਂ ਨੇ ਭਗਵੰਤ ਮਾਨ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਮੂਹ ਪੈਨਸਨਰਾਂ ਤੇ ਮੁਲਾਜਮਾਂ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਨਾ ਕੀਤੇ ਗਏ ਤਾਂ ਪੰਜਾਬ ਦੇ ਪੈਨਸਨਰ ਅਤੇ ਮੁਲਾਜਮ ਪਿਛਲੀਆਂ ਹੁਕਮਰਾਨ ਸਰਕਾਰਾਂ ਵਾਂਗ ਆਮ ਆਦਮੀ ਪਾਰਟੀ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਆ ਰਹੀਆਂ ਚੋਣਾਂ ਸਮੇਂ ਸਬਕ ਸਿਖਾਉਣ ਲਈ ਮਜਬੂਰ ਹੋਣਗੇ। ਆਗੂਆਂ ਨੇ ਐਲਾਨ ਕੀਤਾ ਕਿ ਜਨਵਰੀ ਅਤੇ ਫਰਵਰੀ ਮਹੀਨੇ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਭਰਵੇਂ ਇਕੱਠ ਕਰਕੇ ਰੋਸ ਪ੍ਰਦਰਸਨ ਕੀਤੇ ਜਾਣਗੇ ਅਤੇ ਇਹਨਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੇਂਦਰੀ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਲੀਕੇ ਗਏ ਸਾਰੇ ਸਾਂਝੇ ਪ੍ਰੋਗਰਾਮ ਪੂਰੀ ਸਰਗਰਮੀ ਨਾਲ ਜਿਲਾ ਫਰੀਦਕੋਟ ਵਿੱਚ ਲਾਗੂ ਕੀਤੇ ਜਾਣਗੇ।
Leave a Comment
Your email address will not be published. Required fields are marked with *