ਜ਼ਿੰਦਗੀ ਵਿੱਚ ਸਫਲਤਾ ਲਈ ਦੋ ਚੀਜ਼ਾਂ ਬਹੁਤ ਜਰੂਰੀ ਹਨ– ਪ੍ਰੇਰਨਾ ਅਤੇ ਚੰਗੀਆਂ ਆਦਤਾਂ।ਪ੍ਰੇਰਨਾ ਸਾਨੂੰ ਸ਼ੁਰੂਆਤ ਕਰਵਾਉਂਦੀ ਹੈ ਅਤੇ ਚੰਗੀਆਂ ਆਦਤਾਂ ਸਾਨੂੰ ਅੱਗੇ ਵਧਾਉਂਦੀਆਂ ਹਨ।
ਚੰਗੀਆਂ ਆਦਤਾਂ ਇਨਸਾਨ ਦਾ ਗਹਿਣਾ ਹੁੰਦੀਆਂ ਹਨ। ਇਹ ਮਨੁੱਖ ਦੀ ਸ਼ਾਨ ਵਧਾਉਂਦੀਆਂ ਹਨ। ਇਹ ਮਨੁੱਖ ਨੂੰ ਸਾਕਾਰਾਤਮਕ ਦ੍ਰਿਸ਼ਟੀਕੋਣ ਦਿੰਦੀਆਂ ਹਨ, ਅਤੇ ਮਨੁੱਖ ਦੀ ਸ਼ਖਸ਼ੀਅਤ ਵਿੱਚ ਵੀ ਨਿਖਾਰ ਲਿਆਉਂਦੀਆਂ ਹਨ। ਜਦੋਂ ਕਿ ਬੁਰੀਆਂ ਆਦਤਾਂ ਵਿਅਕਤੀ ਦੇ ਪਤਨ ਦਾ ਖੁੱਲਾ ਮੈਦਾਨ ਹਨ। ਇਹ ਸਾਨੂੰ ਨਿਘਾਰ ਵੱਲ ਲੈ ਕੇ ਜਾਂਦੀਆਂ ਹਨ। ਸੰਗਤ ਦਾ ਮਨੁੱਖ ਤੇ ਬਹੁਤ ਪ੍ਰਭਾਵ ਪੈਂਦਾ ਹੈ। ਪੰਜਾਬੀ ਵਿੱਚ ਆਮ ਕਹਾਵਤ ਹੈ– ਜੈਸੀ ਸੰਗਤ ਵੈਸੀ ਰੰਗਤ, ਭਾਵ ਜਿਹੋ ਜਿਹੇ ਲੋਕਾਂ ਦਾ ਸੰਗ ਕਰਾਂਗੇ, ਉਹੋ ਜਿਹੀਆਂ ਸਾਡੀਆਂ ਆਦਤਾਂ ਬਣ ਜਾਂਦੀਆਂ ਹਨ। ਚੰਗੇ ਲੋਕਾਂ ਦੀ ਸੰਗਤ ਕਰਨ ਨਾਲ ਆਦਤਾਂ ਵੀ ਚੰਗੀਆਂ ਤੇ ਮਾੜੇ ਬੰਦਿਆਂ ਦਾ ਸੰਗ ਕਰਨ ਨਾਲ ਆਦਤਾਂ ਵੀ ਮਾੜੀਆਂ ਬਣ ਜਾਂਦੀਆਂ ਹਨ। ਬੁਰੀਆਂ ਆਦਤਾਂ ਇਨਸਾਨ ਦੇ ਕਿਰਦਾਰ ਨੂੰ ਧੁੰਦਲਾ ਕਰ ਦਿੰਦੀਆਂ ਹਨ। ਇਹਨਾਂ ਨੂੰ ਲਾਉਣਾ ਜਿੰਨਾ ਸੌਖਾ ਹੁੰਦਾ ਹੈ, ਛੱਡਣਾ ਉਨਾ ਹੀ ਔਖਾ ਹੁੰਦਾ ਹੈ।ਹੌਲੀ ਹੌਲੀ ਬੰਦਾ ਆਪਣੀਆਂ ਮਾੜੀਆਂ ਆਦਤਾਂ ਦਾ ਗੁਲਾਮ ਬਣ ਜਾਂਦਾ ਹੈ। ਚੰਗੀਆਂ ਆਦਤਾਂ ਮਹਿੰਗੀਆਂ ਨਹੀਂ ਹੁੰਦੀਆਂ, ਬਸ ਅਪਣਾਉਣ ਤੇ ਹੀ ਕੁਝ ਵਕਤ ਲੱਗਦਾ ਹੈ, ਪਰ ਦੇ ਕੇ ਬਹੁਤ ਕੁਝ ਜਾਂਦੀਆਂ ਹਨ ਅਤੇ ਅੰਤ ਸਮੇਂ ਤੱਕ ਸਾਡੇ ਨਾਲ ਰਹਿੰਦੀਆਂ ਹਨ। ਜ਼ਿੰਦਗੀ ਨੂੰ ਬੇਹਤਰ ਅਤੇ ਸਫਲ ਬਣਾਉਣ ਲਈ ਚੰਗੀਆਂ ਆਦਤਾਂ ਬਹੁਤ ਜ਼ਰੂਰੀ ਹਨ। ਇਸ ਨਾਲ ਸਾਡਾ ਜੀਵਨ ਸੰਵਰਦਾ ਹੈ ਅਤੇ ਪਛਾਣ ਬਣਦੀ ਹੈ।
ਅੰਤ ਵਿੱਚ ਮੈਂ ਸਿਰਫ ਇਹੀ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਕੰਮ ਦਾ ਬੀਜ, ਬੀਜ ਕੇ ਆਦਤਾਂ ਦੀ ਫਸਲ ਕੱਟਦੇ ਹਾਂ ਅਤੇ ਆਦਤਾਂ ਦਾ ਬੀਜ,ਬੀਜ ਕੇ ਚਰਿੱਤਰ ਦੀ ਫਸਲ ਕੱਟਦੇ ਹਾਂ।ਚਰਿੱਤਰ ਦਾ ਬੀਜ, ਬੀਜ ਕੇ ਤਕਦੀਰ ਦਾ ਫਲ ਕੱਟਦੇ ਹਾਂ, ਭਾਵ ਸਭ ਕੁਝ ਆਦਤਾਂ ਤੇ ਹੀ ਨਿਰਭਰ ਕਰਦਾ ਹੈ। ਇਸ ਲਈ ਸਾਨੂੰ ਆਪਣੀ ਜੀਵਨ ਸ਼ੈਲੀ ਵਿੱਚ ਲੋੜੀਦੀਆਂ ਤਬਦੀਲੀਆਂ ਕਰਕੇ,ਆਸ ਤੇ ਵਿਸ਼ਵਾਸ ਦਾ ਪੱਲਾ ਫੜ ਕੇ, ਸਮਾਂ ਅਜਾਈ ਨਾ ਗੁਆ ਕੇ, ਜ਼ਿੰਦਗੀ ਦੇ ਹਰ ਪਲ ਦਾ ਰੱਜ ਕੇ ਆਨੰਦ ਮਾਨਣਾ ਚਾਹੀਦਾ ਹੈ। ਆਪਣੀਆਂ ਆਦਤਾਂ ਅਤੇ ਮਿਹਨਤ ਤੇ ਨਜ਼ਰ ਰੱਖਣੀ ਚਾਹੀਦੀ ਹੈ। ਜ਼ਿੰਦਗੀ ਵਿੱਚ ਅੱਗੇ ਵਧਣ ਅਤੇ ਨਵੀਂ ਛਾਪ ਛੱਡਣ ਲਈ ਸਾਨੂੰ ਇਸ ਕੀਮਤੀ ਸੰਪੱਤੀ ਵਿੱਚ ਵਾਧਾ ਅਤੇ ਸੰਭਾਲ ਕਰਨੀ ਚਾਹੀਦੀ ਹੈ।
ਚੰਗੀਆਂ ਗੱਲਾਂ ਪੜ੍ਨ ਦੀ ਆਦਤ ਹੋਵੇ, ਤਾਂ ਵਧੀਆ ਗੱਲਾਂ ਕਰਨ ਦੀ ਆਦਤ ਆਪਣੇ ਆਪ ਹੋ ਜਾਂਦੀ ਹੈ।

ਨੀਲਮ (9779788365)