ਕੁੱਝ ਵੀ ਨਹੀਂ ਬਦਲਿਆ
ਸ਼ਿਕਾਗੋ ਦੇ ਘੋਲ਼ ਤੋਂ
ਸੁ਼ਰੂ ਹੋਇਆ ਘੋਲ਼
ਅੱਜ ਵੀ ਜਾਰੀ ਹੈ
ਹਨੇਰੇ ਸੰਗ ਲੜਦਾ ਕਿਰਤੀ
ਚਾਨਣ ਦੀ ਤਲਾਸ਼ ਲਈ
ਆਪਣਾ ਆਪਾ ਖੋਰਦਾ
ਤਿਣਕਾ ਤਿਣਕਾ ਭੋਰਦਾ
ਆਪਣੀ ਜ਼ਿੰਦਗੀ
ਚਾਨਣ ਦੀ ਛਿੱਟ
ਅੱਜ ਵੀ ਕੈਦ ਹੈ
ਉੱਚੇ ਮੀਨਾਰਿਆਂ ‘ਚ
ਘੁੱਪ ਹਨੇਰ ਹੈ
ਕਿਰਤੀ ਦੇ ਢਾਰਿਆਂ’ਚ
ਆਦਿ ਜੁਗਾਦਿ ਤੋਂ
ਸਰਮਾਏਦਾਰੀ ਹੱਕਦੀ
ਆਰ ਲੱਗੀ ਪਰਾਣੀ ਲੈ
ਮਜਬੂਰੀ ਵੱਸ ਘੁੰਮਦੇ
ਕਿਰਤੀ ਕਾਮਿਆਂ ਨੂੰ
ਲਾਚਾਰੀ ਦੇ ਖੋਪੇ
ਆਸੇ ਪਾਸੇ ਤੋਂ ਬੇਖ਼ਬਰ
ਬੱਸ ਘੁੰਮ ਰਿਹੈ
ਕੋਹਲੂ ਦੇ ਬਲਦ ਵਾਂਗ
ਚੱਕਰਵਿਊ ‘ਚ ਫਸਿਆ
ਬੱਸ ਘੁੰਮੀ ਜਾ ਰਿਹੈ
ਹਾਂ………….
ਐਨਾ ਕੁ ਤਾਂ ਹੋਇਆ
ਘੰਟਿਆਂ ਦੇ ਘੱਗੇ ਤੋਂ
ਟਿੱਪੀ ਤਾਂ ਲਹੀ ਹੈ
ਪਰ ਅੋਵਰ ਟਾਈਮ ਦੇ
ਮਿੱਠੇ ਲੌਲੀਪੌਪ ਸਦਕਾ
ਕਾਮੇ ਦੀ ਮਿੱਝ
ਅੱਜ ਵੀ ਬਲਦੀ ਹੈ
ਕਾਰਖਾਨੇ ਦੀ ਭੱਠੀ’ਚ
ਤੇ ਪੇਟ ਦੀ ਅੱਗ ‘ਚ
ਸੁੱਕ ਜਾਂਦੀਆਂ ਸੱਧਰਾਂ
ਗੁਰਬਤ ਦੇ ਸੇਕ ‘ਚ
ਰੁੜ੍ਹ ਜਾਂਦੀ ਜਵਾਨੀ
ਸਮੇਂ ਦੇ ਵੇਗ ‘ਚ

ਗੁਰਸ਼ਰਨ ਕੌਰ ਦੇਵਗੁਣ
—7696401390