ਕੋਟਕਪੂਰਾ, 2 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਟਰੱਕ ਡਰਾਈਵਰਾਂ ਵੱਲੋਂ ਦੇਸ਼ ਭਰ ‘ਚ ਹੜਤਾਲ ‘ਤੇ ਜਾਣ ਕਾਰਨ ਬਹੁਤ ਸਾਰਾ ਵਰਗ ਪ੍ਰਭਾਵਿਤ ਹੋਇਆ ਹੈ ਤੇ ਢੋਆ ਢੁਆਈ ਰੁਕ ਜਾਣ ਕਾਰਨ ਲੋਕਾਂ ਵੱਲੋਂ ਸਮਾਨ ਦੀ ਖਰੀਦ ਫਰੋਖਤ ਤੇਜ਼ ਕਰ ਦਿੱਤੀ ਗਈ ਹੈ। ਇਸ ਹੜਤਾਲ ਦਾ ਪ੍ਰਭਾਵ ਆਮ ਵਰਗ ਤੇ ਪਵੇਗਾ। ਹਿੱਟ ਐਂਡ ਰਨ ਕਾਨੂੰਨ ਦਾ ਵਿਰੋਧ ਕਰ ਹਨ, ਟਰੱਕਾਂ ਵਾਲਿਆਂ ਨੇ ਹੜਤਾਲ ਦਾ ਸਮਾਂ ਵਧਾਉਣ ਕਾਰਨ ਲੋਕਾਂ ਇੱਕ ਦਮ ਘਰਾਂ ਵਿੱਚ ਬਾਹਰ ਨਿਕਲੇ। ਸਵੇਰੇ ਹੀ ਸ਼ਹਿਰ ਦੇ ਪਟਰੌਲ ਪੰਪ ‘ਤੇ ਤੇਲ ਪਵਾਉਣ ਵਾਲੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ, ਹਾਲਾਂਕਿ ਤੇਲ ਦੀਆਂ ਕੀਮਤਾਂ ਘਟਣ ਦੀਆਂ ਅਫਵਾਹਾਂ ਕਾਰਨ ਪੰਪ ਮਾਲਕਾਂ ਨੂੰ ਘਾਟਾ ਦਿਸ ਰਿਹਾ ਸੀ ਪਰ ਤੇਲ ਦੇ ਰੇਟ ਤਾਂ ਨਹੀਂ ਘਟੇ ਸਗੋਂ ਗਾਹਕ ਵੱਧ ਗਏ। ਕੁਝ ਕੁ ਪੈਟਰੋਲ ਪੰਪ ਮਾਲਕਾਂ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਅਧਿਕਾਰਤ ਰੇਟ ‘ਤੇ ਤੇਲ ਵੇਚਦੇ ਰਹੇ ਹਾਂ ਤੇ ਜਦ ਤੱਕ ਐਮਰਜੈਂਸੀ ਸਟਾਕ ਨੂੰ ਛੱਡ ਕੇ ਪਟਰੌਲ/ਡੀਜ਼ਲ ਖਤਮ ਨਹੀਂ ਹੁੰਦਾ, ਖਪਤਕਾਰਾਂ ਨੂੰ ਤੇਲ ਵੇਚਦੇ ਰਹਾਂਗੇ। ਇਸ ਦਰਮਿਆਨ ਜੇਕਰ ਸਰਕਾਰ ਨੇ ਰੇਟ ਘੱਟ ਕੀਤੇ ਤਾਂ ਲੋਕਾਂ ਨੂੰ ਤੁਰਤ ਘੱਟ ਰੇਟ ‘ਤੇ ਤੇਲ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ 31 ਦਸੰਬਰ ਤੋਂ ਕੇਂਦਰ ਸਰਕਾਰ ਵੱਲੋਂ ਪਟਰੌਲ ਤੇ ਡੀਜ਼ਲ ਦੇ ਰੇਟ ਘੱਟ ਕਰਨ ਦੀਆਂ ਖਬਰਾਂ ਕਾਰਨ ਕਈ ਪੰਪ ਵਾਲਿਆਂ ਨੇ ਨਵਾਂ ਸਟਾਕ ਨਹੀਂ ਮੰਗਾਇਆ ਤੇ ਹੁਣ ਤੇਲ ਖਤਮ ਹੋ ਚੁੱਕਾ ਹੈ। ਇਸ ਮੌਕੇ ਕੁਝ ਕੁ ਟਰੱਕ ਡਰਾਈਵਰਾਂ ਨੇ ਕਿਹਾ ਕਿ ਕੇਂਦਰ ਵੱਲੋਂ ਜੋ ਡਰਾਈਵਰਾਂ ਵੀਰਾਂ ਲਈ ਘਾਤਕ ਕਾਨੂੰਨ ਲਿਆਂਦਾ ਹੈ, ਇਸ ਨਾਲ ਭਾਈਚਾਰੇ ਵਿੱਚ ਮਾਯੂਸੀ ਛਾ ਗਈ ਹੈ ਤੇ ਉਹ ਹੜਤਾਲ ‘ਤੇ ਚਲੇ ਗਏ ਹਨ। ਕੋਈ ਵੀ ਡਰਾਈਵਰ ਜਾਣਬੁੱਝ ਕੇ ਹਾਦਸਾ ਨਹੀਂ ਕਰਦਾ, ਅਚਾਨਕ ਹਾਦਸਾ ਹੁੰਦਾ ਹੈ ਤੇ ਕਈ ਵਾਰ ਡਰਾਈਵਰ ਦੀ ਜਾਨ ਵੀ ਚਲੀ ਜਾਂਦੀ ਹੈ।ਦੁੱਧ, ਫਲ, ਸਬਜੀਆਂ ਤੇ ਹੋਰ ਸਮਾਨ ਨਾ ਆਉਣ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ।।ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣਾ ਚਾਹੀਦਾ ਹੈ।