ਕੋਠੇ ਤੇ ਕਾਂ, ਕਾਂ-ਕਾਂ ਕਰੇ,
ਮੁੰਡਾ ਤੁਰ ਪ੍ਰਦੇਸ਼ ਗਿਆ
ਪਤਨੀ ਨੂੰ ਕੱਲੀ ਛੱਡ ਕੇ ਘਰੇ।
ਤਵਾ ਪਿਆ ਏ ਚੁੱਲ੍ਹੇ ਤੇ,
ਲੋੜ ਦੂਜੇ ਬੰਦੇ ਦੀ ਪੈ ਜਾਂਦੀ
ਹਰ ਕੰਮ ਸਿਰੇ ਨਾ ਚੜ੍ਹੇ ਕੱਲੇ ਤੇ।
ਚੰਨ ਆਕਾਸ਼ ‘ਚ ਚਮਕ ਰਿਹਾ,
ਉਸ ਦਾ ਕੰਮ ਸੌਰ ਜਾਵੇ
ਜੋ ਮੰਨ ਲਵੇ ਸਿਆਣੇ ਦਾ ਕਿਹਾ।
ਥਾਲੀ ਵਿੱਚ ਰੋਟੀ ਏ,
ਪੁੱਤ ਨੂੰ ਸਿੱਧੇ ਰਾਹ ਪਾਉਣ ਲਈ
ਪਿਉ ਨੇ ਚੁੱਕ ਲਈ ਸੋਟੀ ਏ।
ਢੇਰ ਲੱਗਿਆ ਏ ਖਰਬੂਜ਼ਿਆਂ ਦਾ,
ਉਹ ਕਦੇ ਅੱਗੇ ਨਹੀਂ ਵੱਧ ਸਕਦੇ
ਜਿਹੜੇ ਭਲਾ ਸੋਚਦੇ ਨ੍ਹੀ ਦੂਜਿਆਂ ਦਾ।
ਰੜਕਾ ਤੀਲਾ, ਤੀਲਾ ਹੋ ਚੱਲਿਆ,
ਮਾੜੀ, ਮੋਟੀ ਅਕਲ ਆ ਜਾਊ
ਜੇ ਚੰਗੇ ਬੰਦਿਆਂ ‘ਚ ਬੈਠੇਂਗਾ ਬੱਲਿਆ।
ਰੁੱਖਾਂ ਦੇ ਸੁੱਕੇ ਪੱਤੇ ਝੜ ਗਏ ਨੇ,
ਹਾਕਮ ਦੇ ਸਤਾਏ ਹੋਏ ਲੋਕੀਂ
ਹੱਕ ਲੈਣ ਲਈ ਅੜ ਗਏ ਨੇ।
ਕਿਤਾਬਾਂ ਅਲਮਾਰੀ ‘ਚ ਪਈਆਂ ਨੇ,
‘ਮਾਨ’ ਨੇ ਆਪਣੇ ਟੱਪਿਆਂ ਵਿੱਚ
ਗੱਲਾਂ ਸੱਚੀਆਂ ਕਹੀਆਂ ਨੇ।

ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554