ਬੌਹਤ ਸਿੱਖਿਆ ਇਹਦੇ ਤੋਂ ਤੇ ਹਾਲੇ ਬੁਹਤ ਏਹਨੇ ਸਖੋਉਣਾ ਹੈ। ਓਸ ਸੂਰਜ ਨੂੰ ਤੱਕਿਆ ਜਿਸਨੇ ਪਿਛਲੇ ਸਾਲ ਦੇ ਚੰਦ ਨੂੰ ਖੂੰਜੇ ਲਾ ਸੁੱਟਿਆ ਤੇ ਫਿਰ ਆਪਣੀ ਰੌਸ਼ਨੀ ਦਾ ਪਸਾਰਾ ਕੀਤਾ, ਸਵੇਰ ਹੋਈ ਜਿਸਨੂੰ ਨਾਮ ਦਿੱਤਾ “ਨਵਾਂ ਸਾਲ”। ਏਹ ਸਾਲ ਵੀ ਓਸੇ ਤਰ੍ਹਾਂ ਗ਼ਮਾਂ, ਖੁਸ਼ੀਆਂ, ਹੰਝੂਆਂ ਤੇ ਹਾਸਿਆਂ ਨਾਲ ਲੰਘਣ ਤੋਂ ਤਿਆਰ ਹੈ ਅਤੇ ਇਸ ਨੂੰ ਨਕਾਰਿਆ ਵੀ ਨਹੀਂ ਜਾ ਸਕਦਾ ਕਿਉਂਕਿ ਮੇਰੇ ਤਜਰਬੇ ਦੇ ਰੂਬਰੂ ਏਹੀ “ਜ਼ਿੰਦਗੀ” ਹੈ। ਕੋਈ ਏਹ ਸਾਲ ਸੜਕ ਤੇ ਭੂੰਜੇ ਬੈਠ ਕੇ ਮਨਾਉ ਤੇ ਕੋਈ ਰਜਾਈ ਦੇ ਨਿੱਘ ਚ ਕਦੇ ਦਿਲ ਉਹਨਾਂ ਲਈ ਉਦਾਸ ਵੀ ਹੁੰਦੈ ਪਰ ਫਿਰ ਸੋਚੀਦੈ ਕਿ ਏਹ ਜ਼ਿੰਦਗੀ ਦਾ ਹੀ ਇੱਕ ਪਹਿਲੂ ਹੈ। ਜ਼ਿੰਦਗੀ ਹੁੰਦੀ ਈ ਜ਼ਿੰਦਾ ਦਿਲ ਲੋਕਾਂ ਦੀ ਹੈ ਜੋ ਹਰ ਸਮੇਂ ਪਰਮਾਤਮਾ ਦੇ ਦਿੱਤੇ ਹੁਕਮ ਨੂੰ ਖਿੜੇ ਮੱਥੇ ਸਹਾਰਦੇ ਨੇ ਤੇ ਸਵੀਕਾਰਦੇ ਨੇ। ਆਸ ਐ ਪਰਮਾਤਮਾ ਏਹ ਸਾਲ ਸਭ ਤਰੱਕੀਆਂ ਦਾ ਦਵੇ ਤੇ ਥੋੜ੍ਹਾ ਜਿਹਾ ਸਾਡੀ ਕੌਮ ਨੂੰ ਹਲੂਣਾ ਵੀ ਦਵੇ ਕਿ ਹੁਣ ਤਾਂ ਏਸ ਅੰਗਰੇਜ਼ੀ ਦੀ ਦੌੜ ਨੂੰ ਅਸੀਂ ਘਟਾਈਏ। “ਵੈਸਟਰਨ” ਸ਼ਬਦ ਤੇ ਹੋ ਰਹੀ ਲੁੱਟ ਨੂੰ ਅਸੀਂ ਥੋੜ੍ਹੀ ਠੱਲ ਪਾਈਏ।
ਪੰਜਾਬੀ ਨੂੰ ਪਿਆਰ ਕਰੀਏ, ਭਾਸ਼ਾ ਦੇ ਨਾਮ ਤੇ ਅਸੀਂ ਪੰਜਾਬੀ ਨਾਲ ਮਤਰੇਆ ਵਾਲ਼ਾ ਵਤੀਰਾ ਨਾ ਰੱਖੀਏ। ਮਾਫ਼ ਕਰਨਾ ਅੰਗਰੇਜ਼ੀ ਇਕ ਪੰਜਾਬੀਆਂ ਦੇ ਗਲ ਵਿਚ ਪਿਆ ਸੱਪ ਹੈ ਜਿਸਨੇ ਹੌਲੀ ਹੌਲੀ ਪੰਜਾਬੀਆਂ ਨੂੰ ਡੱਸਦੇ ਜਾਣੈ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਏਹਦਾ ਖਮਿਆਜਾ ਭੁਗਤਣਗੀਆਂ । ਇਤਿਹਾਸ ਕੌਮਾਂ ਨੂੰ ਜਿਊਂਦਾ ਰੱਖਦੈ ਤੇ ਅਸੀਂ ਬੜੇ ਪਿੱਛੇ ਹਾਂ ਏਹਨੂੰ ਜਿਊਂਦਾ ਰੱਖਣ ਲਈ। ਸਾਡੀ ਤਰਾਸਦੀ ਐ ਕਿ ਅਸੀਂ ਆਪਣੇ ਵਿਰਸੇ ਨੂੰ ਨਾ ਸਾਂਭਣ ਖੁਣੋਂ ਕੋਈ ਕਸਰ ਨੀ ਛੱਡੀ। ਮਾਂ ਸਭ ਤੋਂ ਵੱਡੀ ਕਾਤਲ ਐ ਪੰਜਾਬੀ ਦੀ। ਓਹ ਭਲਾ ਕਿਵੇਂ ? ਪੰਜਾਂ-ਸੱਤਾਂ ਸਾਲ ਦੇ ਜਵਾਕ ਨੂੰ ਕੀ ਪਤੈ ਕਿ ਓਸ ਕੇਸ ਰੱਖਣੇ ਆ ਜਾਂ ਕਟਾਉਣੇ ਆ ਓਹ ਤਾਂ ਹੋਸ਼ (ਸੁਰਤ) ਚ ਹੈ ਈ ਨਈ, ਹਾਲਾਂਕਿ ਨਾਈ ਦੀ ਦੁਕਾਨ ਤੇ ਵੀ ਓਹ ਖੁਦ ਨੀ ਜਾਂਦਾ ਮਾਵਾਂ ਤੋਰ ਦੀਆਂ ਨੇ। ਜਿੱਦਣ ਬੱਚੇ ਟਿੰਡ ਤੋਂ ਜੂੜਾ ਲਹਿ ਗਿਆ ਸਮਝੋ ਓਦਣ ਓਹਦੀ ਜੁਬਾਨ ਤੋਂ ਊੜਾ ਵੀ ਲਹਿ ਗਿਆ। ਬੋਲੀ ਕੋਈ ਮਾੜੀ ਨਹੀਂ, ਬੋਲਣ ਵਾਲੇ ਵੀ ਮਾੜੇ ਨਹੀਂ ਪਰ ਮਾਂ ਦੀ ਮੌਜੂਦਗੀ ਵਿੱਚ ਪਹਿਲਾਂ ਜੱਫੀ ਮਾਸੀ ਨੂੰ ਨਹੀਂ ਪੈ ਸਕਦੀ ਜਾਂ ਸ਼ਰੀਕ ਨੂੰ। ਸੋ ਬੋਲੀ ਨੂੰ ਵੀ ਏਸ ਸਾਲ ਓਨੀ ਹੀ ਮਹੱਤਤਾ ਦੇਣੀ ਐ ਜਿੰਨੀ ਅਸੀਂ ਆਪਣੇ ਕਿਸੇ ਖਾਸ ਕੰਮ ਨੂੰ। ਖ਼ੁਸ਼ੀਆਂ ਖੇੜੇ ਵੰਡ ਦੇ ਰੇਹੋ ਪਰਮਾਤਮਾ ਸੁੱਖ ਦੁੱਗਣੇ ਕਰੇ ਥੋਡੇ। ਖੂਬ ਵਧੋ।
![](https://i0.wp.com/worldpunjabitimes.com/wp-content/uploads/2024/01/IMG_20231130_135509_211.jpg?resize=1024%2C1024&ssl=1)
ਜੋਤ ਭੰਗੂ
ਪਿੰਡ – ਬੋਹੜਪੁਰ,ਪਟਿਆਲਾ।
Leave a Comment
Your email address will not be published. Required fields are marked with *