ਦੋਵਾਂ ਬੱਚਿਆਂ ਦਾ ਇਲਾਕੇ ਦੇ ਨਾਮਵਰ ਵੱਡੇ ਪ੍ਰਾਈਵੇਟ ਸਕੂਲ ਵਿੱਚ ਦਾਖ਼ਲਾ ਹੋਣ ਤੇ ਸਾਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਸੀ ; ਸਿਵਾਏ ਸੁਰਜਨ ਸਿੰਘ ਦੇ । ਸੁਰਜਨ ਸਿੰਘ ਨੇ ਪਹਿਲਾਂ ਤਾਂ ਬਹੁਤ ਵਿਰੋਧ ਕੀਤਾ ਪਰ ਨੂੰਹ ਅਤੇ ਮੁੰਡਿਆਂ ਦੀ ਜ਼ਿੱਦ ਅੱਗੇ ਉਸਦੀ ਕੋਈ ਪੇਸ਼ ਨਾ ਗਈ । ਉਸ ਦੀ ਹੁਣ ਕੌਣ ਸੁਣਦਾ ਸੀ ਜੇ ਉਹ ਕੁਝ ਆਖਦਾ ਤਾਂ ਅੱਗੋਂ ਬਾਪੂ ਤੇਰੀ ਪੁਰਾਣੀ ਸੋਚ ਪੁਰਾਣੀਆਂ ਗੱਲਾਂ ਕਹਿ ਉਸ ਨੂੰ ਚੁੱਪ ਕਰਵਾ ਦਿੰਦੇ । ਬੱਚੇ ਅੰਗਰੇਜ਼ੀ ਸਕੂਲ ਵਿੱਚ ਪੜ੍ਹ ਕੇ ਕਿਤੇ ਬਾਹਰ ਜਾਂ ਸੈੱਟ ਹੋ ਜਾਣਗੇ ਤੇ ਨਾਲ ਹੀ ਸਾਨੂੰ ਵੀ ਲੈ ਜਾਣਗੇ। ਅਸੀਂ ਇਹ ਸਭ ਬੱਚਿਆਂ ਦੇ ਚੰਗੇ ਭਵਿੱਖ ਲਈ ਹੀ ਕਰ ਰਹੇ ਹਾਂ ; ਕੋਈ ਐਵੇਂ ਹੀ ਪੈਸੇ ਖ਼ਰਾਬ ਨਹੀਂ ਕਰ ਰਹੇ। ਸਕੂਲ ਵੱਲੋਂ ਬੱਚਿਆਂ ਨੂੰ ਦਾਖਲਾ ਦੇਣ ਦੇ ਨਾਲ਼ – ਨਾਲ਼ ਇੱਕ ਲੰਮੀ ਚੌੜੀ ਲਿਸਟ ਵੀ ਦਿੱਤੀ ਗਈ ਸੀ । ਜਿਸ ਵਿੱਚ ਇੱਕ ਵੱਡਾ ਬਿੱਲ ਤੇ ਬੱਚਿਆਂ ਨੇ ਕੀ ਖਾਣਾ ਕੀ , ਨਹੀਂ ਖਾਣਾ, ਕੀ ਕਰਨਾ, ਕਦੋਂ ਕਰਨਾ, ਕੀ ਪਾਉਣਾ , ਕੀ ਨਹੀਂ ਪਾਉਣਾ , ਹੋਰ ਕਾਫ਼ੀ ਕੁਝ ਸ਼ਾਮਿਲ ਸੀ ਤੇ ਨਾਲ ਹੀ ਸਕੂਲ ਵੱਲੋਂ ਹੀ ਉਹਨਾਂ ਨੂੰ ਕਿਤਾਬਾਂ ਕਾਪੀਆਂ ਤੇ ਵਰਦੀਆਂ ਵੀ ਦਿੱਤੀਆਂ ਗਈਆਂ ਸਨ । ਸੁਰਜਨ ਦੀ ਨੂੰਹ ਬੜੀ ਖੁਸ਼ੀ ਖੁਸ਼ੀ ਕਹਿ ਰਹੀ ਸੀ ਕਿ ਪੈਸੇ ਤਾਂ ਭਾਵੇਂ ਮਾਸਾ ਵੱਧ ਹੀ ਲੱਗ ਗਏ ਨੇ ਪਰ ਉਹਨਾਂ ਦੀ ਬਾਹਰੋਂ ਕਿਤਾਬਾਂ ਅਤੇ ਵਰਦੀਆਂ ਖਰੀਦਣ ਦੀ ਖੱਜਲ ਖ਼ੁਆਰੀ ਤੋਂ ਬਚਾਅ ਹੋ ਗਿਆ। ਸੁਰਜਨ ਸਿੰਘ ਨੂੰ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਗੁੱਸਾ ਚੜ੍ਹ ਰਿਹਾ ਸੀ ਇਸ ਲਈ ਉਹ ਵਾਹਿਗੁਰੂ…. ਵਾਹਿਗੁਰੂ …….ਕਰਦਾ ਉਠ ਕੇ ਖੇਤਾਂ ਵੱਲ ਨੂੰ ਚਲਾ ਗਿਆ ਖੌਰੇ ਖੁੱਲੀ ਹਵਾ ਵਿੱਚ ਉਸਨੂੰ ਭੋਰਾ ਆਰਾਮ ਮਿਲੇ।
ਥੋੜੇ ਦਿਨਾਂ ਬਾਅਦ ਹੀ ਬੱਚਿਆਂ ਨੇ ਸਕੂਲ ਵੈਨ ਤੇ ਸਕੂਲ ਜਾਣਾ ਸ਼ੁਰੂ ਕਰ ਦਿੱਤਾ। ਸੁਰਜਨ ਵੀ ਕਦੇ ਕਦੇ ਉਹਨਾਂ ਨੂੰ ਵੈਨ ਤੱਕ ਛੱਡਣ ਚਲਾ ਜਾਂਦਾ। ਸਕੂਲ ਵੈਨ ਜਲਦੀ ਆਉਣ ਕਾਰਨ ਬੱਚੇ ਰੋਜ਼ ਸਵੇਰੇ ਭੱਜੋ-ਨੱਠੀ ਵਿੱਚ ਤਿਆਰ ਹੁੰਦੇ… ਕਿਸੇ ਦੀ ਟਾਈ ਗੁੰਮ ਜਾਂਦੀ ਕਿਸੇ ਦੀਆਂ ਜੁਰਾਬਾਂ ਨਾ ਮਿਲਦੀਆਂ । ਬੱਚਿਆਂ ਦੀ ਮਾਂ ਦੀ ਹਾਲਤ ਉਹਨਾਂ ਤੋਂ ਵੀ ਹੱਸੋ-ਹੀਣੀ ਹੋਈ ਹੋਈ ਸੀ । ਦੋਹਾਂ ਬੱਚਿਆਂ ਨੂੰ ਅਲੱਗ ਅਲੱਗ ਤਰ੍ਹਾਂ ਦਾ ਟਿਫਨ ਤਿਆਰ ਕਰਕੇ ਦੇਣਾ ਪੈਂਦਾ। ਉਸ ਨੂੰ ਹਰ ਰੋਜ਼ ਸਕੂਲ ਦੀਆਂ ਲਿਸਟ ਮੁਤਾਬਕ ਸ਼ਹਿਰੋਂ ਵੱਖ-ਵੱਖ ਪ੍ਰਕਾਰ ਦੇ ਫ਼ਲ ਸਬਜ਼ੀਆਂ ਅਤੇ ਹੋਰ ਪਤਾ ਨਹੀਂ ਕੀ ਕੁਝ ਮੰਗਵਾਉਣਾ ਪੈਂਦਾ। ਕਦੇ ਸਕੂਲ ਵੱਲੋਂ ਬੱਚਿਆਂ ਦੀ ਡਾਇਰੀ ਅੰਦਰ ਅੰਗਰੇਜ਼ੀ ਵਿੱਚ ਕੁਝ ਲਿਖ ਦਿੱਤਾ ਜਾਂਦਾ ਫਿਰ ਉਹ ਭੱਜੀ-ਭੱਜੀ ਗੁਆਂਡੀਆਂ ਦੇ ਜਾ ਪੁੱਛ ਕੇ ਆਉਂਦੀ। ਰੋਜ਼ ਖੇਤ ਤੇ ਕਾਮਿਆਂ ਦੀ ਰੋਟੀ ਲੇਟ ਹੋ ਜਾਂਦੀ ਸੁਰਜਨ ਸਿੰਘ ਨੇ ਵੀ ਪਿੰਡ ਵਿੱਚ ਕਿਸੇ ਕੰਮ ਧੰਦੇ ਜਾਣਾ ਹੁੰਦਾ ਤਾਂ ਬੈਠਾ ਉਡੀਕਦਾ ਰਹਿੰਦਾ ਤੇ ਕਦੋਂ ਰੋਟੀ ਮਿਲੇ ਤੇ ਉਹ ਜਾਵੇ। ਉਹ ਮੰਜੀ ਉੱਤੇ ਬੈਠਾ ਸਭ ਕੁਝ ਵੇਖਦਾ ਰਹਿੰਦਾ ਤੇ ਅੰਦਰ ਹੀ ਅੰਦਰ ਕੁੜਦਾ ਰਹਿੰਦਾ। ਗੱਲ ਕੀ ਅੰਗਰੇਜ਼ੀ ਸਕੂਲ ਦੇ ਚੱਕਰ ਵਿੱਚ ਸਾਰੇ ਘਰ ਦਾ ਸਾਰਾ ਮਾਹੌਲ ਅਸਤ-ਵਿਅਸਤ ਹੋ ਗਿਆ ਸੀ। ਭਾਵੇਂ ਸੁਰਜਨ ਸਿੰਘ ਦਾ ਮੁੰਡਾ ਵੀ ਇਹਨਾ ਨਿੱਤ-ਨਿੱਤ ਦੇ ਖਰਚਿਆਂ ਅਤੇ ਝਮੇਲਿਆਂ ਤੋਂ ਦੁਖੀ ਤਾਂ ਬੜਾ ਸੀ ਪਰ ਘਰਵਾਲੀ ਦੇ ਕਲੇਸ਼ ਤੋਂ ਡਰਦਾ ਬੋਲਦਾ ਕੁਝ ਨਹੀਂ ਸੀ।
ਇੱਕ ਦਿਨ ਬੱਚਿਆਂ ਨੇ ਆਪਣੀ ਮਾਂ ਨੂੰ ਪੀਲੇ ਰੰਗ ਦੇ ਕਾਰਡ ਵਿੱਚ ਸਕੂਲ ਵਾਲਿਆਂ ਦੀ ਚਿੱਠੀ ਲਿਆ ਫੜਾਈ। ਜਦੋਂ ਉਹ ਗੁਆਂਢੀਆਂ ਦੇ ਜਾ ਕੇ ਪੁੱਛ ਕੇ ਆਈ ਤਾਂ ਪਤਾ ਚੱਲਿਆ ਕਿਸ ਸਕੂਲ ਵੱਲੋਂ ਨਵਾਂ ‘ਡਰੈਸ ਕੋਡ’ ਲਾਗੂ ਕੀਤਾ ਗਿਆ ਹੈ ਹੁਣ ਬੱਚੇ ਹਰ ਸ਼ਨੀਵਾਰ ਬਲੂ ਜਿਨਸ ਤੇ ਵਾਇਟ ਸ਼ਰਟ ਪਾ ਕੇ ਸਕੂਲ ਜਾਣਗੇ। ਇਹ ਡਰੈਸ ਵੀ ਉਹਨਾਂ ਨੂੰ ਸਕੂਲ ਵੱਲੋਂ ਹੀ ਦਿੱਤੇ ਜਾਣ ਦੀ ਗੱਲ ਲਿਖੀ ਗਈ ਸੀ।ਇਸ ਕਰਕੇ ਉਹਨਾਂ ਨੂੰ ਅਗਲੇ ਦੋ ਦਿਨਾਂ ਵਿੱਚ ਦੋਹਾਂ ਬੱਚਿਆਂ ਦਾ ਸੱਤ ਸੱਤ ਕੁੱਲ ਚੌਦਾਂ ਹਜ਼ਾਰ ਰੁਪਇਆ ਭਰਨ ਲਈ ਕਿਹਾ ਗਿਆ ਸੀ। ਜਦੋਂ ਕੁੜੀ ਦੇ ਜਿਨਸ ਪੈਂਟ ਸ਼ਰਟ ਪਾਉਣ ਦੀ ਗੱਲ ਸੁਰਜਨ ਨੂੰ ਪਤਾ ਲੱਗੀ ਤਾਂ ਉਹ ਅੱਗ ਬਬੂਲਾ ਹੋ ਉੱਠਿਆ ਅਤੇ ਅਗਲੇ ਦਿਨ ਸਿੱਧਾ ਸਕੂਲ ਪ੍ਰਿੰਸੀਪਲ ਦੇ ਦਫਤਰ ਜਾ ਬੈਠਾ ਉਸਨੇ ਜਦੋਂ ਸਕੂਲ ਦੇ ਪ੍ਰਿੰਸੀਪਲ ਸਾਹਿਬ ਨਾਲ ਕੁੜੀਆਂ ਤੇ ਮੁੰਡਿਆਂ ਵਾਂਗ ਡਰੈਸ ਪਾਉਣ ਬਾਰੇ ਗੱਲ ਕੀਤੀ ਤਾਂ ਉਹ ਉਸ ਨੂੰ ਕੁੜੀਆਂ ਮੁੰਡਿਆਂ ਦੀ ਬਰਾਬਰਤਾ ਤੇ ਸਮਾਨਤਾ ਤੇ ਭਾਸ਼ਣ ਦੇਣ ਲੱਗਾ। ਪ੍ਰਿੰਸੀਪਲ ਦੀ ਗੱਲ ਪੂਰੀ ਹੋਣ ਤੇ ਸੁਰਜਨ ਸਿੰਘ ਨੇ ਬੜੇ ਠਰ੍ਹਮੇ ਨਾਲ ਕਿਹਾ ਕਿ ਦੱਸੋ ਜੀ ਫਿਰ ਮੁੰਡੇ ਦੇ ਫ਼ਰਾਕ ਤੇ ਸਲਵਾਰ ਕਮੀਜ਼ ਕਿਸ ਦਿਨ ਪਵਾ ਕੇ ਭੇਜੀਏ…….? ਪ੍ਰਿੰਸੀਪਲ ਇਦਾਂ ਨਹੀਂ ਹੁੰਦਾ ਜੀ.. ਕਹਿ ਕੇ ਚੁੱਪ ਕਰ ਗਿਆ। ਕਿਉਂ ਜੀ!…. ਕਿਉਂ ਨਹੀਂ ਹੋ ਸਕਦਾ ਜੀ ਫਿਰ ਬਰਾਬਰਤਾ ਤੇ ਸਮਾਨਤਾ ਦਾ ਦੋਵੇਂ ਪਾਸੇ ਹੋਣੀ ਚਾਹੀਦੀ ਹੈ । ਜੇ ਕੁੜੀਆਂ ਮੁੰਡਿਆਂ ਵਾਲੇ ਕੱਪੜੇ ਪਾ ਸਕਦੀਆਂ ਨੇ ਤਾਂ ਮੁੰਡੇ ਕਿਉਂ ਨਹੀਂ ! ਸੁਰਜਨ ਸਿੰਘ ਬੋਲਿਆ। ਪ੍ਰਿੰਸੀਪਲ ਨਹੀਂ ਜੀ…. ਨਹੀਂ ਜੀ….. ਨਹੀਂ ਕਹਿੰਦਾ ਨਿਉੱਤਰ ਹੋ ਗਿਆ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਉੱਤਰ ਦੇਵੇ? ਕੀ ਨਾ। ਸੁਰਜਨ ਸਿੰਘ ਨੇ ਫਿਰ ਬੋਲਣਾ ਸ਼ੁਰੂ ਕੀਤਾ, ਕਿ ਜੀ ਬਰਾਬਰਤਾ ਸਮਾਨਤਾ ਕੱਪੜਿਆਂ ਵਿੱਚ ਨਹੀਂ ਵਿਚਾਰਾਂ ਅਤੇ ਸੋਚ ਵਿੱਚ ਹੋਣੀ ਚਾਹੀਦੀ ਹੈ। ਅਸੀਂ ਕੁੜੀ ਨੂੰ ਮੁੰਡੇ ਦੇ ਬਰਾਬਰ ਪੜ੍ਹਾ ਰਹੇ ਹਾਂ ਉਸ ਨੂੰ ਅੱਗੇ ਵਧਣ ਦਾ ਬਰਾਬਰ ਮੌਕਾ ਦੇ ਰਹੇ ਹਾਂ , ਮੁੰਡੇ ਵਾਂਗੂੰ ਹੀ ਉਸਨੂੰ ਪਿਆਰ ਮਿਲਦਾ ਹੈ। ਇਹੀ ਬਰਾਬਰਤਾ ਤੇ ਸਮਾਨਤਾ ਹੈ । ਸਾਨੂੰ ਬੱਚਿਆਂ ਨੂੰ ਇੱਕ ਦੂਸਰੇ ਦੀ ਇੱਜ਼ਤ ਅਤੇ ਸਨਮਾਨ ਕਰਨਾ ਸਿਖਾਉਣਾ ਚਾਹੀਦਾ ਹੈ ਕੱਪੜੇ ਪਾਉਣ ਦੀ ਬਰਾਬਰਤਾ ਨਾਲ ਕੁਝ ਨਹੀਂ ਹੁੰਦਾ…. ਕੁਦਰਤ ਨੇ ਨਰ ਅਤੇ ਮਾਦਾ ਨੂੰ ਅਲੱਗ-ਅਲੱਗ ਵਿਸ਼ੇਸ਼ਤਾਵਾਂ ਅਤੇ ਨਿਆਮਤਾਂ ਨਾਲ ਸਿਰਜਿਆ ਹੈ। ਸਾਨੂੰ ਉਹਨਾਂ ਨੂੰ ਉਹਨਾਂ ਬਾਰੇ ਦੱਸਣਾ ਤੇ ਸਮਝਾਉਣਾ ਸਾਡਾ ਫਰਜ਼ ਹੈ।ਸਾਨੂੰ ਬੱਚਿਆਂ ਨੂੰ ਉਹਨਾਂ ਵਿਸ਼ੇਸ਼ਤਾਵਾਂ ਅਨੁਸਾਰ ਹੀ ਵਿਵਹਾਰ ਕਰਨਾ ਸਿਖਾਉਣਾ ਚਾਹੀਦਾ ਹੈ। ਵੈਸੇ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਕਿ ਇਸ ਤਰ੍ਹਾਂ ਨਾ ਕਰਨ ਨਾਲ ਕਈ ਵਾਰ ਬੱਚੇ ਮਾਨਸਿਕ ਰੂਪ ਵਿਚ ਬਿਮਾਰ ਅਤੇ ਡਿਸਆਰਡਰ ਦਾ ਸ਼ਿਕਾਰ ਹੋ ਜਾਂਦੇ ਹਨ…..ਜਿਸ ਦੀਆਂ ਹਜ਼ਾਰਾਂ ਹੀ ਉਦਾਹਰਣਾਂ ਸਾਡੇ ਸਾਹਮਣੇ ਹਨ…ਕਿ ਲੜਕੀਆਂ ਕਈ ਵਾਰ ਆਪਣੇ ਆਪ ਨੂੰ ਲੜਕਾ ਅਤੇ ਲੜਕੇ ਲੜਕੀਆਂ ਵਾਂਗ ਹਰਕਤਾਂ ਕਰਨ ਲੱਗ ਜਾਂਦੇ ਹਨ।
ਪ੍ਰਿੰਸੀਪਲ ਦੇ ਚਿਹਰੇ ਨੂੰ ਦੇਖ ਕੇ ਸਾਫ ਸਾਫ ਪਤਾ ਚੱਲ ਲੱਗਦਾ ਸੀ ਕਿ ਉਹ ਅੰਦਰ ਹੀ ਅੰਦਰ ਸੁਰਜਨ ਦੀਆਂ ਗੱਲਾਂ ਨਾਲ ਸਹਿਮਤ ਹੋ ਗਿਆ ਜਾਪਦਾ ਸੀ।ਪ੍ਰਿੰਸੀਪਲ ਸਾਹਿਬ ਨੇ ,”ਕਿ ਜੀ ਮੈਂ ਸਕੂਲ ਦੀ ਮੈਨੇਜਮੈਂਟ ਕਮੇਟੀ ਨਾਲ ਗੱਲ ਕਰਕੇ ਜਲਦੀ ਤੁਹਾਨੂੰ ਸੁਨੇਹਾ ਪਹੁੰਚਾ ਦੇਵਾਂਗਾ” ਕਹਿ ਕੇ ਗੱਲ ਨਬੇੜੀ।
ਘਰ ਪਹੁੰਚਣ ਤੇ ਨੂੰਹ ਅਤੇ ਮੁੰਡੇ ਸੁਰਜਨ ਸਿੰਘ ਦੇ ਦੁਆਲੇ ਹੋ ਗਏ ਅਖੇ ਬਾਪੂ ਜੀ ਤੁਸੀਂ ਬੱਚਿਆਂ ਦੇ ਸਕੂਲ ਕਿਉਂ ਗਏ ਮਸਾਂ ਤਾਂ ਬੱਚਿਆਂ ਨੂੰ ਉਥੇ ਦਾਖ਼ਲਾ ਮਿਲਿਆ। ਤੁਹਾਨੂੰ ਉਥੇ ਜਾ ਕੇ ਝਗੜਨ ਦੀ ਕੀ ਲੋੜ ਸੀ। ਉਹਨਾਂ ਦੀਆਂ ਸੁਣਨ ਤੋਂ ਬਾਅਦ ਸੁਰਜਨ ਸਿੰਘ ਨੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਜੇਕਰ ਸਕੂਲ ਨੇ ਆਪਣਾ ਡਰੈਸ ਕੋਡ ਦਾ ਫ਼ੈਸਲਾ ਨਾ ਬਦਲਿਆ ਤਾਂ ਮੈਂ ਉਥੋਂ ਆਪਣੇ ਬੱਚੇ ਪੜ੍ਹਨੋਂ ਹਟਾ ਲੈਣੇ ਆ…..। ਨੂੰਹ ਅਤੇ ਮੁੰਡੇ ਉਸਦੇ ਮੂੰਹ ਵੱਲ ਵੇਖਦੇ ਰਹਿ ਗਏ….. ਕਿਸੇ ਵਿੱਚ ਉਸਦੀ ਗੱਲ ਪਲਟਣ ਦੀ ਹਿੰਮਤ ਨਾ ਹੋਈ।
ਦੋ ਦਿਨਾਂ ਬਾਅਦ ਹੀ ਸੁਰਜਨ ਦੇ ਘਰ ਸਕੂਲ ਦੀ ਚਿੱਠੀ ਆ ਗਈ ਜਿਸ ਵਿੱਚ ਲਿਖਿਆ ਸੀ ਕਿ ਸ਼ਨੀਵਾਰ ਦਾ ਡਰੈਸ ਕੋਡ ਖਾਰਜ ਕੀਤਾ ਜਾਂਦਾ ਹੈ ਵਿਦਿਆਰਥਣਾ ਆਪਣੀ ਮਰਜ਼ੀ ਅਨੁਸਾਰ ਜੀ ਜਿਨਸ ਪੈਂਟ ਸ਼ਰਟ ਜਾਂ ਸਲਵਾਰ ਕਮੀਜ਼ ਪਾ ਸਕਦੀਆਂ ਹਨ।
![](https://i0.wp.com/worldpunjabitimes.com/wp-content/uploads/2024/04/IMG-20240307-WA0003.jpg?resize=876%2C1024&ssl=1)
ਜ..ਦੀਪ ਸਿੰਘ ‘ਦੀਪ’
ਪਿੰਡ ਕੋਟੜਾ ਲਹਿਲ
ਜ਼ਿਲ੍ਹਾ ਸੰਗਰੂਰ
ਮੋਬਾ:98760-04714
Leave a Comment
Your email address will not be published. Required fields are marked with *