ਦਰਵਾਜ਼ੇ ‘ਤੇ ਘੰਟੀ ਵੱਜੀ। ਦੋਹਾਂ ਨੇ ਇਕੱਠਿਆਂ ਦਰਵਾਜ਼ੇ ਵੱਲ ਤੱਕਿਆ। ਫਿਰ ਦੋਹਾਂ ਨੇ ਇੱਕ-ਦੂਜੇ ਵੱਲ ਵੇਖਿਆ। ਹੱਥ ਵਿੱਚ ਰਿਮੋਟ ਲਈ ਟੀਵੀ ਸਾਹਮਣੇ ਬੈਠੀ ਬਜ਼ੁਰਗ ਔਰਤ ਅਤੇ ਦੀਵਾਨ ‘ਤੇ ਅੱਧ-ਲੇਟਿਆ ਜਿਹਾ ਪਿਆ ਅਖਬਾਰ ‘ਚ ਸਿਰ ਗੱਡੀ ਬਜ਼ੁਰਗ, ਦੋਹਾਂ ਦੀਆਂ ਅੱਖਾਂ ‘ਚ ਇੱਕ ਹੀ ਸਵਾਲ ਸੀ – ਇਸ ਦੁਪਹਿਰ ਵੇਲੇ ਕੌਣ ਹੋਵੇਗਾ? ਇਸ ਤੋਂ ਪਹਿਲਾਂ ਕਿ ਦੋਵਾਂ ਵਿੱਚੋਂ ਕੋਈ ਉੱਠਦਾ, ਘੰਟੀ ਇੱਕ ਵਾਰ ਫਿਰ ਵੱਜੀ। ਬੁੱਢੇ ਨੇ ਅਖਬਾਰ ਇੱਕ ਪਾਸੇ ਰੱਖ ਕੇ ਬੈਠ ਗਿਆ। ਉਦੋਂ ਹੀ ਬਜ਼ੁਰਗ ਔਰਤ ਨੇ ਟੀਵੀ ਦੀ ਅਵਾਜ਼ ਘੱਟ ਕੀਤੀ। ਉਹ ਆਪਣੇ ਸੱਜੇ ਗੋਡੇ ‘ਤੇ ਹੱਥ ਰੱਖ ਕੇ ਉੱਠਦੀ ਹੋਈ ਬੋਲੀ, “ਤੁਸੀਂ ਬੈਠੋ, ਮੈਂ ਵੇਖਦੀ ਹਾਂ।”
ਪਹਿਲਾਂ ਬੁੱਢੀ ਔਰਤ ਨੇ ‘ਆਈ-ਮਿਰਰ’ ਰਾਹੀਂ ਬਾਹਰ ਤੱਕਿਆ, ਪਰ ਐਨਕਾਂ ਦੇ ਬਾਵਜੂਦ ਉਸ ਦੀਆਂ ਬੁੱਢੀਆਂ ਅੱਖਾਂ ਦੂਜੇ ਪਾਸੇ ਦੇ ਪਰਛਾਵੇਂ ਨੂੰ ਚੰਗੀ ਤਰ੍ਹਾਂ ਨਹੀਂ ਵੇਖ ਸਕੀਆਂ। ਉਸਨੇ ਜੰਜ਼ੀਰ ਪਾ ਕੇ ਦਰਵਾਜ਼ਾ ਥੋੜ੍ਹਾ’ ਜਿਹਾ ਖੋਲ੍ਹਿਆ ਅਤੇ ਬਾਹਰ ਝਾਕਿਆ – “ਕੌਣ ਹੈ?”
ਬਾਹਰ ਦੋ ਮੁੰਡੇ ਖੜ੍ਹੇ ਸਨ। ਉਨ੍ਹਾਂ ਵਿੱਚੋਂ ਇੱਕ ਦੇ ਹੱਥ ਵਿੱਚ ਇੱਕ ਕਾਪੀ ਵੇਖ ਕੇ ਉਸ ਨੇ ਸੋਚਿਆ, ਚੰਦਾ ਮੰਗਣ ਵਾਲੇ ਹੋਣਗੇ ਅਤੇ ਦਰਵਾਜ਼ਾ ਬੰਦ ਕਰਨ ਲੱਗੀ ਕਿ ਉਨ੍ਹਾਂ ਵਿੱਚੋਂ ਇੱਕ ਨੇ ਕਿਹਾ, “ਤੁਹਾਡੇ ਘਰ ਦੀ ਟੂਟੀ ਬਾਰੇ ਕੋਈ ਕੰਪਲੇਂਟ ਹੈ? ਟੂਟੀ ਠੀਕ ਕਰਨੀ ਹੈ।”
“ਟੂਟੀ ਦੀ ਕੰਪਲੇਂਟ?’ ਉਹ ਸੋਚਣ ਲੱਗੀ।
“ਠਹਿਰੋ? ਪੁੱਛਦੀ ਹਾਂ?”
ਇਹ ਕਹਿ ਕੇ ਉਸ ਨੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਤੇ ਬਜ਼ੁਰਗ ਕੋਲ ਆ ਕੇ ਪੁੱਛਿਆ, “ਟੂਟੀ ਦੀ ਕੰਪਲੇਂਟ ਸੀ ਕੋਈ?”
“ਟੂਟੀ ਦੀ ਕੰਪਲੇਂਟ?… ਮੈਂ ਤਾਂ ਨਹੀਂ ਕੀਤੀ। ਵੈਸੇ ਕਈ ਦਿਨਾਂ ਤੋਂ ਟੂਟੀ ਖਰਾਬ ਤਾਂ ਹੈ, ਰਸੋਈ ਦੀ। ਬਾਥਰੂਮ ਦੀ ਵੀ ਠੀਕ ਤਰ੍ਹਾਂ ਬੰਦ ਨਹੀਂ ਹੁੰਦੀ, ਪਾਣੀ ਟਪਕਦਾ ਰਹਿੰਦਾ ਹੈ।” ਉਦੋਂ ਤੱਕ ਬਜ਼ੁਰਗ ਵੀ ਉੱਠ ਕੇ ਦਰਵਾਜ਼ੇ ਕੋਲ ਪਹੁੰਚ ਗਿਆ।
“ਤੁਸੀਂ ਕਿੱਥੋ ਆਏ ਹੋ?”
“ਕੋਟਲਾ ਤੋਂ। ਪਲੰਬਰ ਹਾਂ। ਤੁਹਾਡੇ ਘਰੋਂ ਕਾਲ ਆਈ ਸੀ। ਟੂਟੀ ਠੀਕ ਕਰਨੀ ਹੈ।”
ਦਰਵਾਜ਼ੇ ਦੀ ਝੀਥ ‘ਚੋਂ ਬਜ਼ੁਰਗ ਨੇ ਮੁੰਡਿਆਂ ਦੇ ਚਿਹਰਿਆਂ ਨੂੰ ਧਿਆਨ ਨਾਲ ਵੇਖਿਆ, ਪਰਖਿਆ। ਇੱਕ ਦੇ ਹੱਥ ਵਿੱਚ ਕਾਪੀ ਸੀ, ਦੂਜੇ ਦੇ ਹੱਥ ਵਿੱਚ ਝੋਲਾ। ਜਦੋਂ ਉਸ ਦੀ ਤਸੱਲੀ ਹੋ ਗਈ ਤਾਂ ਉਸ ਨੇ ਦਰਵਾਜ਼ਾ ਪੂਰੀ ਤਰ੍ਹਾਂ ਖੋਲ੍ਹ ਦਿੱਤਾ।
“ਕਿਹੜੀ ਟੂਟੀ ਖਰਾਬ ਹੈ?” ਕਾਪੀ ਵਾਲੇ ਮੁੰਡੇ ਨੇ ਘਰ ਦੇ ਅੰਦਰ ਆ ਕੇ ਬਜ਼ੁਰਗ ਨੂੰ ਪੁੱਛਿਆ।
“ਓਧਰ ਰਸੋਈ ਦੀ ਅਤੇ ਬਾਥਰੂਮ ਦੀ ਵੀ।” ਬਜ਼ੁਰਗ ਨੇ ਰਸੋਈ ਅਤੇ ਬਾਥਰੂਮ ਵੱਲ ਇਸ਼ਾਰਾ ਕੀਤਾ। ਦੋਵੇਂ ਮੁੰਡੇ ਬੈਠਕ ਅਤੇ ਲਾਬੀ ਨੂੰ ਪਾਰ ਕਰਕੇ ਰਸੋਈ ਅਤੇ ਬਾਥਰੂਮ ਵੱਲ ਚਲੇ ਗਏ। ਇੱਕ ਉਡਦੀ ਜਿਹੀ ਨਜ਼ਰ ਪਿਛਲੇ ਦੋ ਕਮਰਿਆਂ ‘ਤੇ ਮਾਰੀ ਅਤੇ ਟੂਟੀ ਚੈੱਕ ਕਰਨ ਲੱਗੇ।
“ਅੰਮਾ, ਪਿਆਸ ਲੱਗੀ ਹੈ। ਪਾਣੀ ਮਿਲੇਗਾ?” ਇੱਕ ਮੁੰਡੇ ਨੇ ਬੁੱਢੀ ਔਰਤ ਨੂੰ ਕਿਹਾ, ਜੋ ਬਾਹਰੋਂ ਦਰਵਾਜ਼ਾ ਬੰਦ ਕਰਕੇ ਉਨ੍ਹਾਂ ਕੋਲ ਆ ਖੜ੍ਹੀ ਹੋਈ ਸੀ।
ਉਹ ਬਿਨਾਂ ਕੁਝ ਬੋਲਿਆਂ ਫਰਿੱਜ ਵੱਲ ਵਧੀ। ਬਜ਼ੁਰਗ ਟੀਵੀ ਬੰਦ ਕਰਨ ਪਿੱਛੋਂ ਉਨ੍ਹਾਂ ਕੋਲ ਆ ਕੇ ਖੜ੍ਹਾ ਹੋ ਗਿਆ ਅਤੇ ਬਾਥਰੂਮ ਦੀ ਟੂਟੀ ਵਿਖਾਉਣ ਲੱਗਿਆ।
ਝੋਲੇ ਵਾਲੇ ਮੁੰਡੇ ਨੇ ਬਜ਼ੁਰਗ ਨੂੰ ਧਿਆਨ ਨਾਲ ਵੇਖਿਆ। ਦੁਬਲਾ-ਪਤਲਾ ਅਤੇ ਮਰੀਅਲ ਜਿਹਾ ਬੁੱਢਾ। ਬਸ, ਇੱਕ ਹੱਥ ਦੀ ਮਾਰ। ਉਸਨੇ ਅੱਖਾਂ-ਅੱਖਾਂ ਵਿੱਚ ਆਪਣੇ ਸਾਥੀ ਨੂੰ ਕੁਝ ਕਿਹਾ। ਇੱਕ ਨੇ ਬੁੱਢੇ ਨੂੰ ਫਟਾਫਟ ਆਪਣੀਆਂ ਬਾਹਾਂ ਵਿਚ ਜਕੜ ਲਿਆ, ਦੂਜੇ ਨੇ ਉਸ ਦੇ ਮੂੰਹ ‘ਤੇ ਵੱਡੀ ਸਾਰੀ ਟੇਪ ਚਿਪਕਾ ਦਿੱਤੀ ਅਤੇ ਉਸ ਦੇ ਦੋਵੇਂ ਹੱਥ ਪਿੱਛੇ ਕਰਕੇ ਰੱਸੀ ਨਾਲ ਬੰਨ੍ਹ ਦਿੱਤੇ। ਬੁੱਢਾ ‘ਗੂੰ-ਗੂੰ’ ਕਰਨ ਲੱਗਿਆ, ਛਟਪਟਾਉਣ ਅਤੇ ਆਪਣੇ ਹੱਥ-ਪੈਰ ਮਾਰਨ ਲੱਗਿਆ। ਉਦੋਂ ਹੀ ਬਜ਼ੁਰਗ ਔਰਤ ਪਾਣੀ ਦੀ ਬੋਤਲ ਲੈ ਕੇ ਆ ਗਈ। ਜਦੋਂ ਉਸ ਨੇ ਬੁੱਢੇ ਨੂੰ ਬੰਨ੍ਹਿਆ ਵੇਖਿਆ ਤਾਂ ਉਸ ਨੂੰ ਇੱਕ ਪਲ ਵਿਚ ਹੀ ਸਾਰਾ ਮਾਮਲਾ ਸਮਝ ਆ ਗਿਆ।
“ਕੌਣ ਹੋ ਤੁਸੀਂ? ਕੀ ਚਾਹੁੰਦੇ ਹੋ?” ਜਦੋਂ ਬਜ਼ੁਰਗ ਔਰਤ ਨੇ ਰੌਲਾ ਪਾਇਆ ਤਾਂ ਦੋਵਾਂ ਨੇ ਉਸ ਨੂੰ ਰਸੋਈ ਵਿੱਚ ਧੱਕਾ ਦੇ ਦਿੱਤਾ ਅਤੇ ਉਸਦਾ ਮੂੰਹ ਬੰਦ ਕਰਨ ਲੱਗੇ। ਬੁੱਢੀ ਵਿੱਚ ਇੰਨੀ ਤਾਕਤ ਪਤਾ ਨਹੀਂ ਕਿੱਥੋਂ ਆ ਗਈ ਸੀ ਕਿ ਉਹ ਦੋਹਾਂ ਨਾਲ ਜ਼ੋਰਦਾਰ ਮੁਕਾਬਲਾ ਕਰਨ ਲੱਗੀ। ਫਿਰ ਉਸ ਦੇ ਸਿਰ ‘ਤੇ ਇੱਕ ਵਾਰ ਹੋਇਆ ਅਤੇ ਉਹ ਭਿਆਨਕ ਚੀਕ ਮਾਰ ਕੇ ਡਿੱਗ ਪਈ। ਮੁੰਡਿਆਂ ਨੇ ਫੁਰਤੀ ਨਾਲ ਪੂਰੇ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਅਤੇ ਜੋ ਕੁਝ ਵੀ ਹੱਥ ਆਇਆ, ਲੈ ਕੇ ਰਫ਼ੂ-ਚੱਕਰ ਹੋ ਗਏ।
ਉੱਚੀ ਚੀਕ ਸੁਣ ਕੇ ਸੁਧਾਕਰ ਜਾਗ ਪੈਂਦੇ ਹਨ, “ਕੀ ਹੋਇਆ?… ਸੁੱਤੀ-ਸੁੱਤੀ ਕਿਉਂ ਚੀਕ ਰਹੀ ਹੈਂ?” ਪਤਨੀ ਉੱਠ ਕੇ ਬੈਠ ਜਾਂਦੀ ਹੈ। ਉਸ ਦਾ ਸਾਹ ਧੌਂਕਣੀ ਵਾਂਗ ਚੱਲ ਰਿਹਾ ਹੈ। ਉਹ ਟੱਡੀਆਂ-ਟੱਡੀਆਂ ਅੱਖਾਂ ਨਾਲ ਆਲੇ-ਦੁਆਲੇ ਵੇਖਦੀ ਹੈ। ਤਾਂ… ਤਾਂ ਇਹ ਸੁਪਨਾ ਸੀ? ਹੇ ਰੱਬਾ!
ਸੁਧਾਕਰ ਮੰਜੇ ਤੋਂ ਉੱਠ ਕੇ ਪਾਣੀ ਦਾ ਗਿਲਾਸ ਲੈ ਕੇ ਆਉਂਦੇ ਹਨ, “ਲੈ, ਪਾਣੀ ਪੀ। ਲੱਗਦਾ ਹੈ ਤੂੰ ਕੋਈ ਭੈੜਾ ਸੁਪਨਾ ਵੇਖਿਆ ਹੈ।” ਉਹ ਪਾਣੀ ਪੀਂਦੀ ਹੈ। ਜਦੋਂ ਉਸਦਾ ਸਾਹ ਠੀਕ ਹੋ ਜਾਂਦਾ ਹੈ ਤਾਂ ਉਹ ਕਹਿੰਦੀ ਹੈ, “ਹਾਂ, ਮੈਂ ਇੱਕ ਸੁਪਨਾ ਦੇਖਿਆ, ਇੱਕ ਬਹੁਤ ਬੁਰਾ ਸੁਪਨਾ।” ਫਿਰ ਉਹ ਸਾਰਾ ਸੁਪਨਾ ਪਤੀ ਨੂੰ ਸੁਣਾਉਂਦੀ ਹੈ।
ਅੱਜਕੱਲ੍ਹ ਸ਼ਹਿਰ ਵਿੱਚ ਘਰਾਂ ਵਿੱਚ ਇਕੱਲੇ ਰਹਿਣ ਵਾਲੇ ਬਜ਼ੁਰਗਾਂ ਨਾਲ ਅਜਿਹੀਆਂ ਕਈ ਘਟਨਾਵਾਂ ਵਾਪਰ ਰਹੀਆਂ ਹਨ। ਘਰ ਵਿੱਚ ਕੰਮ ਕਰਦੇ ਨੌਕਰ ਮੌਕਾ ਪਾ ਕੇ ਰਾਤ ਨੂੰ ਸੁੱਤੇ ਪਏ ਬਜ਼ੁਰਗ ਜੋੜੇ ਦਾ ਗਲਾ ਵੱਢ ਕੇ ਉਨ੍ਹਾਂ ਦੀ ਨਕਦੀ ਤੇ ਗਹਿਣੇ ਲੁੱਟ ਕੇ ਫ਼ਰਾਰ ਹੋ ਜਾਂਦੇ ਹਨ। ਦੁਪਹਿਰ ਵੇਲੇ ਭਿਖਾਰੀਆਂ ਦੇ ਭੇਸ ਵਿੱਚ ਜਾਂ ਘਰ ਦੀ ਟੂਟੀ ਜਾਂ ਪੱਖਾ ਠੀਕ ਕਰਨ ਦੇ ਬਹਾਨੇ ਆਏ ਮੁੰਡੇ ਬਜ਼ੁਰਗ ਪਤੀ-ਪਤਨੀ ਨੂੰ ਬੰਨ੍ਹ ਕੇ ਉਨ੍ਹਾਂ ਦਾ ਸਮਾਨ ਲੈ ਕੇ ਭੱਜ ਜਾਂਦੇ ਹਨ। ਕਈ ਵਾਰੀ ਜਾਨ ਤੋਂ ਵੀ ਮਾਰ ਦਿੰਦੇ ਹਨ। ਹਰ ਰੋਜ਼ ਅਖਬਾਰਾਂ ਅਤੇ ਟੀ.ਵੀ. ‘ਤੇ ਅਜਿਹੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ।
ਪਰਸੋਂ ਹੀ ਤਾਂ ਲੁਟੇਰਿਆਂ ਨੇ ਡਿਫੈਂਸ ਕਲੋਨੀ ਦੀ ਇੱਕ ਕੋਠੀ ਵਿੱਚ ਰਹਿੰਦੇ ਬਜ਼ੁਰਗ ਜੋੜੇ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਸਾਰੇ ਗਹਿਣੇ ਅਤੇ ਨਕਦੀ ਲੈ ਕੇ ਨੌਂ-ਦੋ ਗਿਆਰਾਂ ਹੋ ਗਏ। ਕੱਲ੍ਹ ਦੇ ਅਖਬਾਰਾਂ ਵਿੱਚ ਇੱਕ ਵੱਡੀ ਖ਼ਬਰ ਛਪੀ ਸੀ ਇਸ ਵਾਰਦਾਤ ਬਾਰੇ। ਟੀਵੀ ‘ਤੇ ਵੀ ਨਿਊਜ਼ ਚੈਨਲ ਇਹ ਖ਼ਬਰ ਸਾਰਾ ਦਿਨ ਵਾਰ-ਵਾਰ ਵਿਖਾਉਂਦੇ ਰਹੇ ਸਨ। ਟੀ.ਵੀ. ਵੇਖਦੀ ਹੋਈ ਪਤਨੀ ਪ੍ਰਭਾ ਕਾਫੀ ਡਰੀ ਹੋਈ ਨਜ਼ਰ ਆ ਰਹੀ ਸੀ। ਉਹੀ ਡਰ ਇਸਦੇ ਅੰਦਰ ਬੈਠ ਗਿਆ ਹੋਵੇਗਾ ਜੋ ਇੱਕ ਬੁਰੇ ਸੁਪਨੇ ਦੇ ਰੂਪ ਵਿੱਚ ਪ੍ਰਗਟ ਹੋਇਆ ਸੀ। ਇਹੋ ਡਰ ਧੀ ਬਿੱਟੀ ਦੇ ਅੰਦਰ ਵੀ ਹਰ ਵੇਲੇ ਛਾਲਾਂ ਮਾਰਦਾ ਰਹਿੰਦਾ ਹੋਵੇਗਾ, ਇਸੇ ਲਈ ਤਾਂ ਉਹ ਰੋਜ਼ ਦਫ਼ਤਰ ਜਾਂਦੇ ਸਮੇਂ ਆਪਣੇ ਮਾਪਿਆਂ ਨੂੰ ਬਹੁਤ ਸਮਝਾਉਂਦੀ ਹੈ। ਉਹ ਸੁਚੇਤ ਰਹਿਣ ਲਈ ਕਹਿੰਦੀ ਹੈ, ਦਰਵਾਜ਼ਾ ਅੰਦਰੋਂ ਚੰਗੀ ਤਰ੍ਹਾਂ ਬੰਦ ਰੱਖਣ ਅਤੇ ਕਿਸੇ ਅਜਨਬੀ ਨੂੰ ਦਰਵਾਜ਼ਾ ਨਾ ਖੋਲ੍ਹਣ ਲਈ ਵਾਰ-ਵਾਰ ਹਦਾਇਤਾਂ ਦਿੰਦੀ ਹੈ। ਉਹ ‘ਖਾਣਾ ਖਾਣ’ ਅਤੇ ‘ਸਮੇਂ ‘ਤੇ ਦਵਾਈ ਲੈਣ’ ਦੇ ਬਹਾਨੇ ਘਰ ਦੀ ਸਥਿਤੀ ਦਾ ਪਤਾ ਲਗਾਉਣ ਲਈ ਦਿਨ ਵਿਚ ਇੱਕ-ਦੋ ਵਾਰ ਦਫਤਰ ਤੋਂ ਫੋਨ ਕਰਨਾ ਕਦੇ ਨਹੀਂ ਭੁੱਲਦੀ।
ਸੁਧਾਕਰ ਨੂੰ ਦੁਬਾਰਾ ਨੀਂਦ ਨਹੀਂ ਆ ਰਹੀ। ਉਹ ਮੰਜੇ ਦੀ ਢੋਅ ਨਾਲ ਆਪਣੀ ਪਿੱਠ ਲਾ ਕੇ ਬੈਠ ਜਾਂਦੇ ਹਨ। ਕਮਰੇ ਵਿੱਚ ਨਾਈਟ-ਬਲਬ ਦੀ ਹਲਕੀ ਨੀਲੀ ਬੱਤੀ ਕਮਰੇ ਵਿੱਚ ਫੈਲੀ ਹੋਈ ਹੈ। ਉਹ ਆਪਣੇ ਕੋਲ ਪਈ ਪਤਨੀ ਵੱਲ ਵੇਖਦੇ ਹਨ ਜੋ ਦੁਬਾਰਾ ਸੌਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਸੋਚਦੇ ਹਨ ਕਿ ਸ਼ਹਿਰਾਂ ਅਤੇ ਮਹਾਨਗਰਾਂ ਵਿੱਚ ਬਜ਼ੁਰਗ ਕਿੰਨੇ ਅਸੁਰੱਖਿਅਤ ਹੋ ਗਏ ਹਨ। ਜਿਨ੍ਹਾਂ ਦੇ ਪੁੱਤਰ-ਧੀਆਂ ਵਿਦੇਸ਼ਾਂ ਵਿਚ ਵੱਸ ਗਏ ਹਨ, ਉਹ ਪਿੱਛੇ ਨੌਕਰਾਂ ਦੇ ਸਹਾਰੇ ਇਕੱਲੇ ਰਹਿਣ ਲਈ ਮਜਬੂਰ ਹਨ। ਜ਼ਿੰਦਗੀ ਹਰ ਵੇਲੇ ਖਤਰੇ ਵਿਚ ਰਹਿੰਦੀ ਹੈ। ਪਿਛਲੇ ਮਹੀਨੇ ਹੀ ਸੁਸਾਇਟੀ ਦੇ ਨਾਲ ਲੱਗਦੀ ਕਾਲੋਨੀ ਵਿੱਚ ਕਿੰਨਾ ਵੱਡਾ ਹਾਦਸਾ ਵਾਪਰਿਆ ਸੀ। ਘਰ ਵਿੱਚ ਸਿਰਫ਼ ਤਿੰਨ ਜਣੇ ਸਨ। ਬਜ਼ੁਰਗ ਪਤੀ-ਪਤਨੀ ਅਤੇ ਉਨ੍ਹਾਂ ਦੀ ਧੀ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਨਵਾਂ ਨੌਕਰ ਰੱਖਿਆ ਸੀ। ਇੱਕ ਹਫ਼ਤੇ ਬਾਅਦ ਹੀ ਨੌਕਰ ਨੇ ਆਪਣਾ ਕਾਰਨਾਮਾ ਕਰ ਵਿਖਾਇਆ। ਤਿੰਨਾਂ ਨੂੰ ਰਾਤ ਦੇ ਖਾਣੇ ਵਿੱਚ ਜ਼ਹਿਰ ਦੇ ਕੇ ਮਾਰ ਮੁਕਾਇਆ, ਘਰ ਖਾਲੀ ਕਰਕੇ ਰਾਤ ਨੂੰ ਹੀ ਫ਼ਰਾਰ ਹੋ ਗਿਆ।
ਉਨ੍ਹਾਂ ਦੀ ਆਪਣੀ ਧੀ ਬਿੱਟੀ ਨਾਲ ਵੀ ਇੱਕ ਹਾਦਸਾ ਹੁੰਦਾ-ਹੁੰਦਾ ਬਚਿਆ ਸੀ, ਪਿਛਲੇ ਸਾਲ। ਦਸੰਬਰ ਦਾ ਮਹੀਨਾ ਸੀ। ਉਸਦੀ ਆਫਿਸ ਵਾਲੀ ਸਹੇਲੀ ਦੀ ਬੇਟੀ ਦਾ ਜਨਮਦਿਨ ਸੀ। ਬਿੱਟੀ ਦਫ਼ਤਰ ਤੋਂ ਉਹਦੇ ਘਰ ਚਲੀ ਗਈ ਸੀ। ਵਾਪਸ ਪਰਤਣ ਵਿੱਚ ਦੇਰ ਹੋ ਗਈ ਸੀ। ਉਹ ਫਲੈਟ ਦੇ ਹੇਠਾਂ ਆਪਣੀ ਸਕੂਟੀ ਖੜ੍ਹੀ ਕਰ ਰਹੀ ਸੀ ਕਿ ਉਦੋਂ ਹੀ ਦੋ ਮੁੰਡਿਆਂ ਨੇ ਉਸ ਨੂੰ ਇਕੱਲਾ ਵੇਖ ਕੇ ਲੁੱਟਣ ਦੀ ਕੋਸ਼ਿਸ਼ ਕੀਤੀ। ਸੁਸਾਇਟੀ ਦੇ ਅੰਦਰ ਸਟਰੀ ਲਾਈਟਾਂ ਖ਼ਰਾਬ ਸਨ ਅਤੇ ਉੱਥੇ ਹਨੇਰਾ ਸੀ। ਇਸੇ ਹਨੇਰੇ ਅਤੇ ਸੁੰਨਸਾਨ ਸਟਰੀਟ ਦਾ ਫਾਇਦਾ ਉਠਾ ਕੇ ਮੁੰਡਿਆਂ ਨੇ ਉਸ ‘ਤੇ ਹਮਲਾ ਕਰ ਦਿੱਤਾ ਸੀ। ਪਰ ਬਿੱਟੀ ਨੇ ਰੌਲਾ ਪਾਉਂਦੇ ਹੋਏ ਉਨ੍ਹਾਂ ਨਾਲ ਮੁਕਾਬਲਾ ਕੀਤਾ ਸੀ। ਰੌਲਾ ਸੁਣ ਕੇ ਹੇਠਾਂ ਫਲੈਟ ‘ਚ ਰਹਿੰਦੇ ਲੋਕ ਬਾਹਰ ਆ ਗਏ। ਲੋਕਾਂ ਨੂੰ ਆਉਂਦਾ ਦੇਖ ਕੇ ਦੋਵੇਂ ਭੱਜਣ ਲੱਗੇ ਪਰ ਉਨ੍ਹਾਂ ‘ਚੋਂ ਇੱਕ ਬਿੱਟੀ ਦੀ ਮਜ਼ਬੂਤ ਪਕੜ ਤੋਂ ਬਚ ਨਾ ਸਕਿਆ। ਪੁਲਿਸ ਬੁਲਾਈ ਗਈ। ਪਤਾ ਲੱਗਿਆ ਕਿ ਉਹ ਸੁਸਾਇਟੀ ਦੇ ਨੇੜੇ ਵਾਲੀ ਅਣਅਧਿਕਾਰਤ ਕਲੋਨੀ ਦੇ ਸਮੈਕੀਏ ਸਨ। ਸ਼ਹਿਰ ਵਿੱਚ ਵਧਦੀਆਂ ਚੋਰੀਆਂ, ਲੁੱਟਾਂ-ਖੋਹਾਂ, ਅਤੇ ਚੇਨ ਸਨੈਚਿੰਗ ਦੀਆਂ ਜ਼ਿਆਦਾਤਰ ਘਟਨਾਵਾਂ ਵਿੱਚ ਨੌਜਵਾਨ ਲੜਕੇ ਹੀ ਹਨ। ਸੁਧਾਕਰ ਦਾ ਮੰਨਣਾ ਹੈ ਕਿ ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਬੇਰੁਜ਼ਗਾਰੀ ਹੈ, ਜੋ ਦੇਸ਼ ਵਿੱਚ ਭਿਆਨਕ ਰੂਪ ਧਾਰਨ ਕਰ ਰਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਰੁਜ਼ਗਾਰ ਮਿਲਿਆ ਹੁੰਦਾ ਤਾਂ ਉਹ ਇਨ੍ਹਾਂ ਗਲਤ ਧੰਦਿਆਂ ਵਿੱਚ ਕਿਉਂ ਸ਼ਾਮਲ ਹੁੰਦੇ।
ਸੁਧਾਕਰ ਅਤੇ ਪ੍ਰਭਾ ਨੂੰ ਨਾ ਸਿਰਫ ਆਪਣੀ ਬੇਟੀ ਦੀ ਬਹਾਦਰੀ ‘ਤੇ ਮਾਣ ਸੀ, ਸਗੋਂ ਸੁਸਾਇਟੀ ਦੇ ਲੋਕ ਵੀ ਉਸ ਦੀ ਹਿੰਮਤ ਦੀ ਤਾਰੀਫ ਕਰਨ ਲੱਗ ਪਏ ਸਨ। ਪਰ ਡਰ ਹੁਣ ਸੁਸਾਇਟੀ ਦੇ ਹਰ ਘਰ ਵਿਚ ਦਾਖਲ ਹੋ ਚੁੱਕਾ ਸੀ। ਹਰ ਘਰ ਦਾ ਹਰ ਵਿਅਕਤੀ ਇਸ ਡਰ ਦੀ ਲਪੇਟ ਵਿਚ ਸੀ। ਇਹ ਡਰ ਹੀ ਸੀ ਜਿਸਨੇ ਸਾਰਿਆਂ ਨੂੰ ਇਕਜੁੱਟ ਕੀਤਾ ਸੀ। ਸਾਰਿਆਂ ਨੇ ਮਿਲ ਕੇ ਇੱਕ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਬਣਾਈ। ਹਰ ਮਹੀਨੇ ਹਰ ਘਰੋਂ ਚੰਦਾ ਮਿਲਣ ਲੱਗਾ। ਇਕੱਠੇ ਹੋਏ ਪੈਸਿਆਂ ਨਾਲ ਇਕ ਚੌਕੀਦਾਰ ਰੱਖ ਲਿਆ ਗਿਆ ਅਤੇ ਸਾਰੀ ਸੁਸਾਇਟੀ ਦੀਆਂ ਸਟਰੀਟ ਲਾਈਟਾਂ ਦੀ ਮੁਰੰਮਤ ਕਰਵਾਈ ਗਈ। ਕੁਝ ਦਿਨਾਂ ਬਾਅਦ ਸੁਸਾਇਟੀ ਨੂੰ ਜਾਣ ਵਾਲੀਆਂ ਦੋਵੇਂ ਸੜਕਾਂ ‘ਤੇ ਲੋਹੇ ਦੇ ਮਜ਼ਬੂਤ ਗੇਟ ਵੀ ਲਗਾ ਦਿੱਤੇ ਗਏ। ਹੁਣ ਐਸੋਸੀਏਸ਼ਨ ਸੀਸੀਟੀਵੀ ਕੈਮਰੇ ਲਗਾਉਣ ਬਾਰੇ ਸੋਚ ਰਹੀ ਹੈ। ਡਰ ਸਾਨੂੰ ਆਪਣੇ-ਆਪ ਨੂੰ ਮਜ਼ਬੂਤ ਕਰਨ ਲਈ ਮਜਬੂਰ ਕਰਦਾ ਹੈ। ਅਤੇ ਇੱਕ ਡਰਿਆ ਹੋਇਆ ਆਦਮੀ ਕਿਲ੍ਹੇ ਵਿੱਚ ਸੁਰੱਖਿਅਤ ਰਹਿਣ ਦੀ ਉਮੀਦ ਕਰਦਾ ਹੈ – ਸੁਧਾਕਰ ਸੋਚਦਾ ਹੈ।
ਘਰ ਵਿੱਚ ਕੰਮ ਕਰਨ ਵਾਲੀ ਨੌਕਰਾਣੀ ਨੇ ਜਦੋਂ ਨੌਕਰੀ ਛੱਡ ਦਿੱਤੀ ਸੀ, ਤਾਂ ਧੀ ਨੇ ਘਰ ਵਿੱਚ ਇੱਕ ਫੁੱਲ ਟਾਈਮ ਨੌਕਰ ਰੱਖਣ ਬਾਰੇ ਸੋਚਿਆ। ਪਰ ਹਰ ਰੋਜ਼ ਵਾਪਰ ਰਹੀਆਂ ਘਟਨਾਵਾਂ ਨੂੰ ਵੇਖਦਿਆਂ ਉਸ ਨੇ ਖੁਦ ਇਸ ਵਿਚਾਰ ਨੂੰ ਰੱਦ ਕਰ ਦਿੱਤਾ। ਸੁਧਾਕਰ ਅਤੇ ਪ੍ਰਭਾ ਨੇ ਆਪਣੀ ਧੀ ਨੂੰ ਕਿਹਾ ਸੀ, “ਬੇਟੀ, ਅਜੇ ਸਾਡੇ ਹੱਥ-ਪੈਰ ਚਲਦੇ ਹਨ। ਅਸੀਂ ਰੋਟੀ-ਪਾਣੀ ਅਤੇ ਸਾਫ਼-ਸਫ਼ਾਈ ਆਪੇ ਕਰ ਲਵਾਂਗੇ। ਤੂੰ ਚਿੰਤਾ ਨਾ ਕਰ।”
‘ਕੀ ਡਰ ਸਾਡੇ ਅੰਦਰ ਕਿਤੇ ਡੂੰਘੇ ਬੈਠ ਜਾਂਦੇ ਹਨ?… ਫਿਰ ਉਹ ਆਸਾਨੀ ਨਾਲ ਬਾਹਰ ਨਹੀਂ ਆਉਂਦੇ।’ ਸੁਧਾਕਰ ਮੰਜੇ ‘ਤੇ ਅੱਧ-ਲੇਟਿਆਂ ਸੋਚਣ ਲੱਗੇ। ਉਨ੍ਹਾਂ ਦੇ ਕੰਨਾਂ ਵਿੱਚ ਅਜੇ ਕੁਝ ਚਿਰ ਪਹਿਲਾਂ ਵਾਲੀ ਪਤਨੀ ਦੀ ਚੀਕ ਗੂੰਜ ਰਹੀ ਸੀ। ਟੀਵੀ ਤੋਂ ਵੀ ਹੁਣ ਉਨ੍ਹਾਂ ਨੂੰ ਡਰ ਆਉਣ ਲੱਗਾ ਸੀ। ਖ਼ਬਰਾਂ ਨੇ ਜਾਣਕਾਰੀ ਨਾਲੋਂ ਵੱਧ ਡਰ ਅਤੇ ਤਣਾਅ ਪੈਦਾ ਕਰ ਦਿੱਤਾ ਸੀ।
ਉਨ੍ਹਾਂ ਨੇ ਧੌਣ ਘੁਮਾ ਕੇ ਪਤਨੀ ਵੱਲ ਵੇਖਿਆ, ਜੋ ਹੁਣ ਸ਼ਾਂਤੀ ਨਾਲ ਸੌਂ ਰਹੀ ਸੀ।
ਉਦੋਂ ਹੀ ਨਾਲ ਵਾਲੇ ਕਮਰੇ ਦੀ ਲਾਈਟ ਜਗੀ। ਬਿੱਟੀ ਨੇ ਉਨ੍ਹਾਂ ਦੇ ਕਮਰੇ ਵਿੱਚ ਝਾਕ ਕੇ ਵੇਖਿਆ। ਪਿਤਾ ਨੂੰ ਜਾਗਦਾ ਵੇਖ ਕੇ ਉਹ ਅੰਦਰ ਆ ਗਈ।
“ਕੀ ਗੱਲ ਹੈ ਪਾਪਾ, ਤੁਹਾਨੂੰ ਨੀਂਦ ਨਹੀਂ ਆਈ?… ਤਬੀਅਤ ਤਾਂ ਠੀਕ ਹੈ ਨਾ?” ਬਿੱਟੀ ਨੇ ਘਬਰਾ ਕੇ ਪੁੱਛਿਆ।
“ਕੁਝ ਨਹੀਂ, ਬਿੱਟੀ… ਬਸ ਐਵੇਂ ਹੀ ਨੀਂਦ ਉਖੜ ਗਈ। ਮੈਂ ਠੀਕ ਹਾਂ।” ਸੁਧਾਕਰ ਨੇ ਬਿੱਟੀ ਵੱਲ ਵੇਖ ਕੇ ਕਿਹਾ।
“ਕੁਝ ਸਮਾਂ ਪਹਿਲਾਂ ਮੈਂ ਇੱਕ ਚੀਕ ਸੁਣੀ ਸੀ… ਕੀ ਤੁਸੀਂ ਵੀ ਸੁਣੀ ਸੀ?”
“ਹਾਂ, ਤੇਰੀ ਮੰਮੀ ਇੱਕ ਭੈੜਾ ਸੁਪਨਾ ਵੇਖ ਕੇ ਡਰ ਗਈ ਸੀ… ਤੂੰ ਫ਼ਿਕਰ ਨਾ ਕਰ। ਹੁਣ ਉਹ ਸੌਂ ਗਈ ਹੈ। ਤੂੰ ਵੀ ਜਾ ਕੇ ਸੌਂ ਜਾ।”
“ਪਾਪਾ, ਮੈਂ ਤੁਹਾਡੇ ਕੋਲ ਇਸੇ ਕਮਰੇ ਵਿਚ ਹੀ ਸੌਂ ਜਾਂਦੀ ਹਾਂ।” ਬਿੱਟੀ ਸੋਫੇ ‘ਤੇ ਲੇਟਦੀ ਹੋਈ ਬੋਲੀ।
“ਕਿਉਂ? ਤੈਨੂੰ ਆਪਣੇ ਕਮਰੇ ਵਿੱਚ ਡਰ ਲੱਗਦਾ ਹੈ?” ਸੁਧਾਕਰ ਨੇ ਹੱਸਦੇ ਹੋਏ ਪੁੱਛਿਆ।
“ਇਹ ਅਜਿਹੀ ਗੱਲ ਨਹੀਂ ਹੈ, ਪਾਪਾ, ਪਰ ਮੈਨੂੰ ਤੁਹਾਡੀ ਚਿੰਤਾ ਹੈ।”
“ਹੂੰ…ਅ…।”
ਸੁਧਾਕਰ ਨੇ ਬਿੱਟੀ ਦੇ ਚਿਹਰੇ ਤੇ ਇੱਕ ਨਜ਼ਰ ਮਾਰੀ। ਬਿੱਟੀ ਉਨ੍ਹਾਂ ਵੱਲ ਹੀ ਵੇਖ ਰਹੀ ਸੀ। ਉਹ ਉਸਦੀਆਂ ਅੱਖਾਂ ਵਿੱਚ ਡੂੰਘਾਈ ਨਾਲ ਵੇਖਦੇ ਹੋਏ ਬੋਲੇ, “ਬੇਟੀ, ਡਰ ਸਾਨੂੰ ਉਦੋਂ ਤੱਕ ਡਰਾਉਂਦਾ ਹੈ, ਜਦੋਂ ਤੱਕ ਅਸੀਂ ਡਰਦੇ ਹਾਂ। ਇਸ ਲਈ ਅਸੀਂ ਡਰਨਾ ਨਹੀਂ, ਸਗੋਂ ਬੋਲਡ ਬਣਨਾ ਹੈ, ਜਿਵੇਂ ਸਾਡੀ ਬੇਟੀ। ਤੂੰ ਚਿੰਤਾ ਨਾ ਕਰ। ਜਾਹ, ਆਪਣੇ ਕਮਰੇ ਵਿੱਚ ਜਾ ਕੇ ਸੌਂ ਜਾ, ਸਵੇਰੇ ਤੂੰ ਡਿਊਟੀ ‘ਤੇ ਵੀ ਜਾਣਾ ਹੈ।”
“ਲਾਈਟ ਬੰਦ ਕਰ ਦਿਆਂ?” ਬਿੱਟੀ ਨੇ ਪੁੱਛਿਆ।
ਸੁਧਾਕਰ ਨੇ ਇੱਕ ਪਲ ਸੋਚਿਆ, ਫਿਰ ਆਪਣੇ ਮੰਜੇ ‘ਤੇ ਠੀਕ ਤਰ੍ਹਾਂ ਲੇਟਦਿਆਂ ਕਿਹਾ, “ਹਾਂ, ਬੁਝਾ ਦੇ।”
“ਜ਼ੀਰੋ ਵਾਟ ਦਾ ਬਲਬ ਜਗਾ ਦਿਆਂ, ਪਾਪਾ?” ਬਿੱਟੀ ਨੇ ਫਿਰ ਪੁੱਛਿਆ।
“ਨਹੀਂ ਨਹੀਂ, ਰਹਿਣ ਦੇ।”
ਫਿਰ ਇੱਕ ਸੰਘਣਾ ਕਾਲਾ ਹਨੇਰਾ ਛਾ ਗਿਆ, ਜਿਸਨੇ ਪਲਕ ਝਪਕਦਿਆਂ ਹੀ ਸਾਰੇ ਕਮਰੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਕੁਝ ਦਿਨ ਹੀ ਹੋਏ ਸਨ ਕਿ ਡਰ ਫਿਰ ਤੋਂ ਆਲੇ-ਦੁਆਲੇ ਦੇ ਇਲਾਕੇ ਵਿਚ ਕਿਸੇ ਵਹਿਸ਼ੀ ਜਾਨਵਰ ਵਾਂਗ ਘੁੰਮਦਾ ਨਜ਼ਰ ਆਇਆ। ਇਸ ਸੁਸਾਇਟੀ ਦੇ ਚਾਰ ਬਲਾਕ ਹਨ – ਏ, ਬੀ, ਸੀ ਅਤੇ ਡੀ। ਭਾਵੇਂ ਹਰ ਬਲਾਕ ਵਿੱਚ ਛੋਟੀਆਂ-ਛੋਟੀਆਂ ਪਾਰਕਾਂ ਹਨ ਪਰ ਵੱਡੀ ਤੇ ਵਧੀਆ ਪਾਰਕ ਏ-ਬਲਾਕ ਵਿੱਚ ਹੀ ਹੈ। ਹਰ ਕੋਈ ਜ਼ਿਆਦਾਤਰ ਏ-ਬਲਾਕ ਦੀ ਪਾਰਕ ਵਿੱਚ ਸਵੇਰੇ ਅਤੇ ਸ਼ਾਮ ਨੂੰ ਸੈਰ ਕਰਨ ਲਈ ਜਾਂਦਾ ਹੈ। ਨੇੜੇ ਹੀ ਇੱਕ ਮੰਦਰ ਹੈ ਅਤੇ ਇੱਕ ਵੱਡਾ ਬਾਜ਼ਾਰ ਵੀ ਹੈ। ਸੈਰ ਕਰਨ ਤੋਂ ਬਾਅਦ ਲੋਕ ਮੰਦਰ ਦੇ ਦਰਸ਼ਨ ਕਰਦੇ ਹਨ ਅਤੇ ਬਜ਼ਾਰ ਵਿੱਚੋਂ ਕੋਈ ਚੀਜ਼ ਲੈ ਕੇ ਆਪਣੇ ਘਰਾਂ ਨੂੰ ਪਰਤਦੇ ਹਨ। ਹੋਇਆ ਇਹ ਕਿ ਇਸ ਵੱਡੀ ਪਾਰਕ ਵਿੱਚ ਸਵੇਰੇ ਸੈਰ ਕਰਨ ਜਾ ਰਹੇ ਦੋ ਬਜ਼ੁਰਗਾਂ ਨਾਲ ਇੱਕ ਹਾਦਸਾ ਵਾਪਰ ਗਿਆ। ਸਵੇਰ ਵੇਲੇ, ਗਲੀਆਂ ਅਤੇ ਸੜਕਾਂ ਸੁੰਨਸਾਨ ਹੁੰਦੀਆਂ ਹਨ ਅਤੇ ਕਾਫ਼ੀ ਹਨੇਰਾ ਵੀ। ਦੋ ਨੌਜਵਾਨ ਮੋਟਰਸਾਈਕਲ ‘ਤੇ ਆਏ, ਹਨੇਰੇ ਅਤੇ ਸੁੰਨਸਾਨ ਜਗ੍ਹਾ ਦਾ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਨੇ ਪਾਰਕ ਵੱਲ ਜਾ ਰਹੇ ਬਜ਼ੁਰਗਾਂ ਦੇ ਗਲਾਂ ‘ਚ ਰੱਸੀ ਬੰਨ੍ਹ ਕੇ ਉਨ੍ਹਾਂ ਦੇ ਮੋਬਾਈਲ ਫੋਨ ਖੋਹ ਲਏ ਅਤੇ ਉਨ੍ਹਾਂ ਦੀਆਂ ਜੇਬਾਂ ‘ਚ ਪਈ ਥੋੜ੍ਹੀ-ਬਹੁਤ ਨਕਦੀ ਵੀ ਕੱਢ ਲਈ। ਇੱਕ ਬੁੱਢੇ ਆਦਮੀ ਦੇ ਸੱਜੇ ਹੱਥ ਦੀ ਉਂਗਲੀ ਵਿੱਚ ਸੋਨੇ ਦੀ ਮੁੰਦਰੀ ਸੀ, ਉਹ ਵੀ ਲਾਹ ਲਈ। ਜਦੋਂ ਦੂਜੇ ਬਜ਼ੁਰਗ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਨੂੰ ਕੁੱਟ-ਕੁੱਟ ਕੇ ਅੱਧਮਰਿਆ ਕਰ ਦਿੱਤਾ ਅਤੇ ਭੱਜ ਗਏ। ਇਸ ਘਟਨਾ ਨੇ ਸੋਸਾਇਟੀ ਦੇ ਫਲੈਟਾਂ ਵਿੱਚ ਰਹਿੰਦੇ ਬਜ਼ੁਰਗ ਮਰਦ-ਔਰਤਾਂ ਨੂੰ ਧੁਰ ਅੰਦਰ ਤੱਕ ਡਰਾ ਦਿੱਤਾ। ਉਹ ਸਵੇਰ ਦੀ ਸੈਰ ਲਈ ਜਾਣ ਤੋਂ ਡਰਨ ਅਤੇ ਕਤਰਾਉਣ ਲੱਗੇ। ਜੇ ਜਾਂਦੇ ਵੀ ਤਾਂ ਕਾਫ਼ੀ ਚਾਨਣ ਹੋਣ ਤੇ ਹੀ ਜਾਂਦੇ ਅਤੇ ਇਕੱਲੇ ਨਾ ਜਾ ਕੇ ਸਮੂਹ ਵਿੱਚ ਹੀ ਸੈਰ ਕਰਨ ਜਾਂਦੇ।
ਸੁਧਾਕਰ ਨੂੰ ਵੀ ਸਵੇਰੇ ਪੰਜ ਵਜੇ ਉੱਠ ਕੇ ਪਾਰਕ ਵਿੱਚ ਸੈਰ ਕਰਨ ਦੀ ਆਦਤ ਸੀ ਅਤੇ ਉਸ ਦੀ ਪਤਨੀ ਪ੍ਰਭਾ ਰਸਤੇ ਵਿੱਚ ਆਉਂਦੇ ਮੰਦਰ ਵਿੱਚ ਜਾਇਆ ਕਰਦੀ ਸੀ। ਇਸ ਘਟਨਾ ਨੇ ਉਨ੍ਹਾਂ ਦੇ ਦਿਲਾਂ ਵਿਚ ਵੀ ਡਰ ਪੈਦਾ ਕਰ ਦਿੱਤਾ। ਬੇਟੀ ਨੇ ਪਾਪਾ ਨੂੰ ਸੁਝਾਅ ਦਿੱਤਾ, “ਪਾਪਾ, ਤੁਸੀਂ ਬਹੁਤੀ ਸਵੇਰੇ ਸੈਰ ਕਰਨ ਲਈ ਆਪਣੀ ਸੁਸਾਇਟੀ ਤੋਂ ਬਾਹਰ ਨਾ ਜਾਇਆ ਕਰੋ, ਸੁਸਾਇਟੀ ਦੇ ਅੰਦਰ ਹੀ ਥੋੜ੍ਹਾ-ਬਹੁਤ ਘੁੰਮ ਲਿਆ ਕਰੋ।” ਫਿਰ ਉਸਨੇ ਆਪਣੀ ਮਾਂ ਨੂੰ ਕਿਹਾ, “ਮੰਮੀ, ਤੁਸੀਂ ਮੂੰਹ-ਹਨੇਰੇ ਮੰਦਰ ਨਾ ਜਾਇਆ ਕਰੋ। ਇੰਨੀ ਸਵੇਰੇ-ਸਵੇਰੇ ਸੜਕ ਸੁੰਨਸਾਨ ਹੁੰਦੀ ਹੈ।”
ਸੁਧਾਕਰ ਪਰਿਵਾਰ ਦਾ ਫਲੈਟ ਡੀ-ਬਲਾਕ ਵਿੱਚ ਹੈ। ਸਵੇਰ ਦੀ ਸੈਰ ਤਾਂ ਆਪਣੇ ਬਲਾਕ ਦੀ ਵੱਡੀ ਪਾਰਕ ਵਿੱਚ ਵੀ ਕਰ ਸਕਦੇ ਹਨ, ਪਰ ਕਿਉਂਕਿ ਮਾਰਕੀਟ ਏ-ਬਲਾਕ ਵਿੱਚ ਹੈ, ਇਸ ਲਈ ਉਹ ਵੱਡੀ ਪਾਰਕ ਵਿੱਚ ਜਾਣ ਦਾ ਮੋਹ ਕਰ ਲੈਂਦੇ ਹਨ। ਵਾਪਸੀ ‘ਤੇ ਉਹ ਦੁੱਧ-ਬਰੈੱਡ ਲੈ ਆਉਂਦੇ ਹਨ। ਅਤੇ ਪ੍ਰਭਾ ਨੇ ਮੰਦਰ ਵੀ ਜਾਣਾ ਹੁੰਦਾ ਹੈ, ਇਸ ਲਈ ਉਹ ਵੱਡੀ ਪਾਰਕ ਵੱਲ ਜਾਣਾ ਹੀ ਵਧੇਰੇ ਪਸੰਦ ਕਰਦੇ ਹਨ। ਜਦੋਂ ਤੋਂ ਵੱਡੀ ਪਾਰਕ ਵਿੱਚ ਸਵੇਰ ਦੀ ਸੈਰ ਕਰਨ ਜਾ ਰਹੇ ਦੋ ਬਜ਼ੁਰਗਾਂ ਨਾਲ ਘਟਨਾ ਵਾਪਰੀ ਹੈ, ਉਦੋਂ ਤੋਂ ਸੁਧਾਕਰ ਅਤੇ ਪ੍ਰਭਾ ਆਪਣੇ ਬਲਾਕ ਦੀ ਛੋਟੀ ਪਾਰਕ ਵਿੱਚ ਹੀ ਟਹਿਲ ਲੈਂਦੇ ਹਨ। ਜਦੋਂ ਸੜਕ ਤੇ ਕੁਝ ਰੌਣਕ ਹੋ ਜਾਂਦੀ ਹੈ, ਤਾਂ ਉਹ ਮਾਰਕਿਟ ਅਤੇ ਮੰਦਰ ਚਲੇ ਜਾਂਦੇ ਹਨ। ਉਹ ਕਈ ਦਿਨਾਂ ਤੱਕ ਅਜਿਹਾ ਕਰਦੇ ਰਹੇ। ਉਨ੍ਹਾਂ ਦੇ ਬਲਾਕ ਦੇ ਬਹੁਤ ਸਾਰੇ ਲੋਕ ਹੁਣ ਅਜਿਹਾ ਹੀ ਕਰ ਰਹੇ ਸਨ। ਪਰ ਪਤਾ ਨਹੀਂ ਕਿਉਂ ਸੁਧਾਕਰ ਨੂੰ ਛੋਟੀ ਜਿਹੀ ਪਾਰਕ ਵਿੱਚ ਸੈਰ ਕਰਨ ਤੋਂ ਉਕਤਾਹਟ ਹੋਣ ਲੱਗ ਪਈ ਸੀ। ਵੱਡੀ ਪਾਰਕ ਦੀ ਗੱਲ ਹੀ ਵੱਖਰੀ ਹੈ! ਚਾਰੇ ਪਾਸੇ ਹਰਿਆਲੀ ਹੈ, ਮਖਮਲੀ ਹਰਾ ਘਾਹ ਗਲੀਚੇ ਵਾਂਗ ਵਿਛਿਆ ਹੋਇਆ ਹੈ। ਇੱਥੇ ਫੁੱਲ, ਪੌਦੇ ਅਤੇ ਸੰਘਣੇ ਦਰਖਤ ਹਨ ਅਤੇ ਸਭ ਤੋਂ ਵੱਧ ਏਥੇ ਸਵੇਰ ਵੇਲੇ ਪੰਛੀਆਂ ਦੀ ਚਹਿਚਹਾਟ ਦਾ ਮਧੁਰ ਸੰਗੀਤ ਹੁੰਦਾ ਹੈ। ਕੋਇਲ ਦੀ ‘ਕੁਹੂ-ਕੁਹੂ’ ਹੁੰਦੀ ਹੈ। ਸੋਸਾਇਟੀ ਦੇ ਬਹੁਤ ਸਾਰੇ ਲੋਕਾਂ ਨਾਲ ਮੇਲ-ਜੋਲ ਹੋ ਜਾਂਦਾ ਹੈ। ਉੱਥੇ ਸਵੇਰ ਦੀ ਸੈਰ ਕਰਨ ਦਾ ਮਜ਼ਾ ਹੀ ਹੋਰ ਹੁੰਦਾ ਹੈ। ਏਥੇ ਛੋਟੀ ਜਿਹੀ ਪਾਰਕ ਵਿੱਚ ਤਾਂ ਲੱਗਦਾ ਹੀ ਨਹੀਂ ਕਿ ਸੈਰ ਕੀਤੀ ਹੈ!
ਸਵੇਰ ਦੇ ਚਾਰ ਵੱਜ ਚੁੱਕੇ ਹਨ। ਸੁਧਾਕਰ ਉਠ ਗਏ ਹਨ। ਨਿੱਤਨੇਮ ਕਰਕੇ ਉਨ੍ਹਾਂ ਨੇ ਪ੍ਰਭਾ ਨੂੰ ਵੀ ਜਗਾਇਆ। ਧੀ ਬਿੱਟੀ ਛੇ-ਸੱਤ ਵਜੇ ਤੋਂ ਪਹਿਲਾਂ ਨਹੀਂ ਉੱਠਦੀ।
“ਸੁਣ, ਅੱਜ ਆਪਾਂ ਵੱਡੀ ਪਾਰਕ ‘ਚ ਚਲਦੇ ਹਾਂ… ਆਪਣੇ ਬਲਾਕ ਦੀ ਛੋਟੀ ਜਿਹੀ ਪਾਰਕ ਵਿੱਚ ਤਾਂ ਲੱਗਦਾ ਹੀ ਨਹੀਂ ਕਿ ਸੈਰ ਕੀਤੀ ਹੈ।”
“ਠੀਕ ਹੈ, ਮੈਂ ਵੀ ਤੁਹਾਨੂੰ ਇਹੋ ਗੱਲ ਕਹਿਣ ਵਾਲੀ ਸਾਂ।” ਪ੍ਰਭਾ ਨੇ ਕਿਹਾ ਅਤੇ ਗਲੇ ਦੀ ਚੇਨ ਲਾਹ ਕੇ ਅਲਮਾਰੀ ਵਿੱਚ ਰੱਖ ਦਿੱਤੀ ਅਤੇ ਕੱਪੜੇ ਦੇ ਬੂਟ ਪਾ ਕੇ ਤਿਆਰ ਹੋ ਗਈ।
ਸੁਧਾਕਰ ਵੀ ਤਿਆਰ ਹੋ ਗਏ ਸਨ। ਜਦੋਂ ਉਹ ਘਰੋਂ ਨਿਕਲਣ ਲੱਗੇ ਤਾਂ ਉਹ ਇੱਕ ਪਲ ਖੜ੍ਹੇ ਹੋ ਕੇ ਸੋਚਣ ਲੱਗੇ। ਫਿਰ ਉਨ੍ਹਾਂ ਨੇ ਜੇਬ ‘ਚੋਂ ਮੋਬਾਈਲ ਕੱਢ ਕੇ ਮੇਜ਼ ‘ਤੇ ਰੱਖ ਦਿੱਤਾ। ਆਪਣੀ ਜੇਬ ਵਿੱਚ ਕੁਝ ਪੈਸੇ ਰੱਖੇ ਅਤੇ ਆਪਣੀ ਸੋਟੀ ਲੈ ਕੇ ਤੁਰਨ ਲੱਗੇ।
ਪ੍ਰਭਾ ਉਨ੍ਹਾਂ ਨੂੰ ਅਜਿਹਾ ਕਰਦਿਆਂ ਵੇਖ ਕੇ ਮੁਸਕਰਾਈ। ਸੁਧਾਕਰ ਨੇ ਮਹੀਨਿਆਂ ਬਾਅਦ ਸੋਟੀ ਆਪਣੇ ਨਾਲ ਲਈ ਸੀ। ਲੱਤ ਦੀ ਸੱਟ ਕਾਰਨ ਇਹ ਪਿਛਲੇ ਸਾਲ ਖਰੀਦੀ ਸੀ। ਜਦੋਂ ਸੱਟ ਠੀਕ ਹੋ ਗਈ ਤਾਂ ਉਨ੍ਹਾਂ ਨੇ ਸੋਟੀ ਨਾਲ ਤੁਰਨਾ ਬੰਦ ਕਰ ਦਿੱਤਾ ਸੀ। ਪ੍ਰਭਾ ਨੇ ਘਰ ਨੂੰ ਬਾਹਰੋਂ ਤਾਲਾ ਲਾਇਆ ਅਤੇ ਸੁਧਾਕਰ ਦੇ ਪਿੱਛੇ-ਪਿੱਛੇ ਪੌੜੀਆਂ ਉਤਰਨ ਲੱਗੀ।
ਬਾਹਰ ਅਜੇ ਵੀ ਕਾਫ਼ੀ ਹਨੇਰਾ ਸੀ।
* ਮੂਲ : ਸੁਭਾਸ਼ ਨੀਰਵ, 78/2, ਸ਼ਿਵਾਲਿਕ ਅਪਾਰਟਮੈਂਟ, ਫਲੈਟ ਨੰ. 12, ਪਹਿਲੀ ਮੰਜ਼ਿਲ, ਕੇ-1 ਐਕਸਟੈਂਸ਼ਨ, ਡੀ.ਕੇ ਰੋਡ, ਮੋਹਨ ਗਾਰਡਨ, ਉੱਤਮ ਨਗਰ, ਨਵੀਂ ਦਿੱਲੀ- 110059 ਫ਼ੋਨ : 9810534373.
Leave a Comment
Your email address will not be published. Required fields are marked with *