ਡਾਕਘਰ ਦਾ ਸਬੰਧ ਪੁਰਾਣੇ ਸਮੇਂ ਤੋ ਹੀ ਰਿਹਾ ਹੈ ਜਦੋਂ ਕਿ ਫੋਨ ਅਤੇ ਮੋਬਾਇਲਾਂ ਦੀ ਸੁਵਿਧਾ ਨਹੀ ਹੁੰਦੀ ਸੀ।ਜਿਵੇਂ ਜਿਵੇਂ ਵਿਗਿਆਨ ਨੇ ਤਰੱਕੀ ਕੀਤੀ ਤਾਂ ਇਹਨਾ ਡਾਕਘਰਾਂ ਦੀਆਂ ਸੇਵਾਵਾਂ ਵੀ ਸੀਮਿਤ ਹੋ ਗਈਆਂ।ਡਾਕਘਰ ਜਿਸ ਨੂੰ ਕਿ ਦੂਰ ਅੰਦੇਸ਼ੀ ਸੰਚਾਰ ਦਾ ਸਾਧਨ ਮੰਨਿਆ ਜਾਂਦਾ ਸੀ ਜਿੱਥੇ ਪੁਰਾਣੇ ਵੇਲਿਆਂ ਦੇ ਲੋਕ ਆਪਣੀ ਚਿੱਠੀ ਦੀ ਉਡੀਕ ਬੇਸਬਰੀ ਨਾਲ ਕਰਦੇ ਸਨ।ਚਿੱਠੀਆਂ ਦਾ ਉਹ ਜਮਾਨਾ ਵੀ ਬਹੁਤ ਸੋਹਣਾ ਤੇ ਸਬਰ ਵਾਲਾ ਹੁੰਦਾ ਸੀ ਜਿੱਥੇ ਦੂਰ ਬੈਠੇ ਸਕੇ ਸਬੰਧੀਆਂ ਦੀ ਖੈਰ ਸੁੱਖ ਇਹ ਚਿੱਠੀ ਦਿੰਦੀ ਤੇ ਦੂਜੇ ਪਾਸਿਓਂ ਚਿੱਠੀ ਦੇ ਉੱਤਰ ਦੀ ਉਡੀਕ ਕੀਤੀ ਜਾਂਦੀ ਸੀ।ਪੁਰਾਣੇ ਵੇਲਿਆਂ ਵਿੱਚ ਚਿੱਠੀਆਂ ਲਿਖਣ ਤੇ ਪੜਨ ਵਾਲੇ ਵੀ ਵਿਰਲੇ ਟਾਵੇਂ ਹੁੰਦੇ ਸਨ।ਕਿਸੇ ਨੇ ਚਿੱਠੀ ਲਿਖਵਾਉਣੀ ਤਾਂ ਪਿੰਡ ਜਾਂ ਕਸਬੇ ਵਿੱਚ ਕਿਸੇ ਪੜੇ ਲਿਖੇ ਤੇ ਵਧੀਆ ਢੰਘ ਨਾਲ ਚਿੱਠੀ ਲਿਖਣ ਵਾਲੇ ਕੋਲ ਪਿੰਡ ਦੇ ਲੋਕਾਂ ਦਾ ਅਕਸਰ ਆਉਣਾ ਜਾਣਾ ਲੱਗਾ ਰਹਿੰਦਾ ਸੀ।ਮੀਲਾਂ ਦੂਰ ਹੋਕੇ ਵੀ ਰਿਸ਼ਤੇ ਜੁੜੇ ਤੇ ਉਹਨਾ ਵਿੱਚ ਅਥਾਹ ਮੋਹ ਹੁੰਦਾ ਸੀ।ਕਿਸੇ ਵਿਆਹ ਤਿਓਹਾਰ ਜਾਂ ਕਿਸੇ ਹੋਰ ਦਿਨ ਤੇ ਜਦੋਂ ਇਕੱਠੇ ਹੋਣਾ ਤਾਂ ਘਰਾਂ ਵਿੱਚ ਰੌਣਕਾਂ ਲੱਗ ਜਾਂਦੀਆਂ ਸਨ।ਇਕ ਦੂਜੇ ਨੂੰ ਚਿਰਾਂ ਬਾਅਦ ਜੱਫੀਆਂ ਪਾਕੇ ਮਿਲਣਾ ਇਹ ਪਿਆਰ ਤੇ ਰਿਸ਼ਤਿਆਂ ਦੇ ਜੁੜੇ ਹੋਣ ਦਾ ਪੂਰਨ ਸਬੂਤ ਹੁੰਦਾ ਸੀ।ਚਿੱਠੀਆਂ ਦਾ ਵੇਲੇ ਭਾਵੇਂ ਲੋਕ ਇਕ ਦੂਜੇ ਤੋਂ ਦੂਰ ਸਨ ਪਰ ਦਿਲਾਂ ਦੇ ਇਕ ਦੂਜੇ ਦੇ ਬਹੁਤ ਕਰੀਬ ਸਨ।ਜਿਵੇਂ ਜਿਵੇਂ ਸਮਾ ਬਦਲਿਆ ਅਤੇ ਵਿਗਿਆਨ ਨੇ ਤਰੱਕੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਟੈਲੀਫੋਨ ਦੀ ਕਾਢ ਕੱਢੀ ਗਈ।ਫੋਨ ਨੇ ਮਹੀਨਿਆਂ ਦਿਨਾਂ ਦੀ ਤਾਰ ਨੂੰ ਸਕਿੰਟਾਂ ਵਿੱਚ ਇਕ ਦੂਜੇ ਤਕ ਪਹੁਚਾਉਣਾ ਸ਼ੁਰੂ ਕਰ ਦਿੱਤਾ।ਇਹ ਫੋਨ ਤਾਰਾਂ ਡਾਕਘਰਾਂ ਵਿੱਚ ਵੀ ਲੱਗੀਆਂ ਹੁੰਦੀਆਂ ਸਨ।ਹੌਲੀ ਹੌਲੀ ਟੈਲੀਫੋਨ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਤੇ ਲੋਕਾਂ ਦੀਆਂ ਖਬਰਾਂ ਇਕ ਦੂਜੇ ਤਕ ਜਲਦੀ ਪਹੁੰਚਣੀਆਂ ਸ਼ੁਰੂ ਹੋ ਗਈਆਂ।ਭਾਵੇਂ ਪਹਿਲਾਂ ਚਿੱਠੀਆਂ ਦੇ ਮੁਕਾਬਲੇ ਟੈਲੀਫੋਨਾਂ ਦੀ ਸਹੂਲਤ ਬਹੁਤ ਜਿਆਦਾ ਮਹੱਤਵਪੂਰਨ ਸੀ ਪਰ ਹੌਲੀ ਹੌਲੀ ਚਿੱਠੀਆਂ ਲਿਖਣ ਦਾ ਰੁਝਾਣ ਘਟਣਾ ਸ਼ੁਰੂ ਹੋ ਗਿਆ।ਜਦੋਂ ਟੈਲੀਫੋਨ ਕਿਸੇ ਖਾਸ ਘਰਾਂ ਵਿੱਚ ਹੁੰਦੇ ਸਨ ਤਾਂ ਕੁਝ ਕੁ ਹੌਲੀ ਹੌਲੀ ਐਸ ਟੀ ਡੀ, ਪੀ ਸੀ ਓ ਲੱਗਣੇ ਸ਼ੁਰੂ ਹੋ ਗਏ ਜਿੱਥੋਂ ਲੋਕ ਪੈਸੇ ਦੇਕੇ ਆਪਣੇ ਸਕੇ ਸਬੰਧੀਆਂ ਨੂੰ ਫੋਨ ਕਰਦੇ ਸਨ ਅਤੇ ਬਾਹਰਲੇ ਦੇਸ਼ਾਂ ਨੂੰ ਵੀ ਇਸ ਸੰਚਾਰ ਮਾਧਿਅਮ ਰਾਹੀ ਲੋਕ ਆਪਣੇ ਬਾਹਰ ਬੈਠੇ ਸਕੇ ਸਬੰਧੀਆਂ ਨਾਲ ਗੱਲ ਕਰਦੇ।ਹੁਣ ਡਾਕਘਰਾਂ ਵਿੱਚ ਇਹਨਾ ਚਿੱਠੀਆਂ ਪੱਤਰਾਂ ਦਾ ਕੰਮ ਵੀ ਘਟਣਾ ਸ਼ੁਰੂ ਹੋ ਗਿਆ ਅਤੇ ਬਹੁਤ ਘੱਟ ਲੋਕ ਡਾਕਘਰ ਵਿੱਚ ਚਿੱਠੀਆਂ ਪਾਉਣ ਆਂਉਦੇ।ਵਿਗਿਆਨ ਨੇ ਹੋਰ ਤਰੱਕੀ ਕੀਤੀ ਤਾਂ ਮੋਬਾਇਲ ਫੋਨ ਦੀ ਕਾਢ ਨੇ ਪੂਰੇ ਸੰਸਾਰ ਵਿੱਚ ਆਪਣਾ ਪਸਾਰਾ ਪਸਾਰ ਲਿਆ।ਸ਼ੁਰੂ ਵਿੱਚ ਮੋਬਾਇਲ ਫੋਨਾ ਦੀ ਕੀਮਤ ਮਹਿੰਗੀ ਸੀ ਤੇ ਕਾਲ ਰੇਟ ਵੀ ਜਿਆਦਾ ਹੁੰਦੇ ਸਨ ਅਤੇ ਫੋਨ ਕਾਲ ਸੁਣਨ ਦੇ ਵੀ ਪੈਸੇ ਕੱਟੇ ਜਾਂਦੇ ਸਨ।ਪਹਿਲਾਂ ਪਹਿਲਾਂ ਇਹ ਜਿਆਦਾਤਰ ਅਮੀਰ ਘਰਾਂ ਦੇ ਲੋਕਾਂ ਕੋਲ ਹੁੰਦੇ ਸਨ ਪਰ ਬਹੁਤਾ ਸਮਾਂ ਇਹ ਵੀ ਨਾ ਰਿਹਾ ਹੌਲੀ ਹੌਲੀ ਫੋਨ ਸਸਤੇ ਤੇ ਕਾਲ ਕਰਨ ਵਾਲੀਆਂ ਕੰਪਨੀਆ ਨੇ ਆਪਣੀਆਂ ਕਾਲ ਦਰਾਂ ਘਟਾਉਣੀਆਂ ਸ਼ੁਰੂ ਕਰ ਦਿੱਤੀਆਂ।ਹੁਣ ਹਰ ਬੰਦੇ ਦੀ ਪਹੁੰਚ ਵਿੱਚ ਇਹ ਮੋਬਾਇਲ ਫੋਨ ਮਿਲਣੇ ਸ਼ੁਰੂ ਹੋਗੇ।ਪਰ ਜਿਵੇਂ ਹੀ ਇੰਟਰਨੈਟ ਦੀ ਸੁਵਿਧਾ ਬਹੁਤ ਘੱਟ ਕੀਮਤ ਤੇ ਮਿਲਣੀ ਸ਼ੁਰੂ ਹੋ ਗਈ ਤਾਂ ਸਾਰਾ ਸੰਸਾਰ ਇਸ ਦੇ ਨਸ਼ੇ ਵਿੱਚ ਪੈ ਗਿਆ।ਸੰਚਾਰ ਦੇ ਸਾਧਨਾ ਵਿੱਚੋਂ ਮੋਬਾਇਲ ਇਕ ਆਜਿਹਾ ਸਾਧਨ ਜੋ ਅਜਕਲ ਹਰ ਇਕ ਦੀ ਜਰੂਰਤ ਬਣ ਗਿਆ ਹੈ ਪਰ ਜਰੂਰਤ ਤੋ ਇਲਾਵਾ ਇਸਦੇ ਬਹੁਤ ਜਿਆਦਾ ਨੁਕਸਾਨ ਹਨ।ਫਰੀ ਇੰਟਰਨੈਟ ਨੇ ਪੂਰੇ ਸੰਸਾਰ ਭਰ ਵਿੱਚ ਸ਼ੋਸ਼ਲ ਨੈਟਵਰਕ ਅਤੇ ਮੋਬਾਇਲ ਗੇਮਾਂ ਨੇ ਮਨੁੱਖ ਨੂੰ ਆਪਣਾ ਆਦੀ ਬਣਾ ਲਿਆ।ਡਾਕਘਰ ਦੀਆਂ ਉਹ ਪੁਰਾਣੀਆਂ ਯਾਦਾਂ ਬਸ ਯਾਦਾ ਬਣਕੇ ਰਹਿ ਗਈਆਂ।ਚਿੱਠੀਆਂ ਦਾ ਉਹ ਮੋਹ ਖਤਮ ਹੋ ਗਿਆ ਤੇ ਅੱਜ ਫੋਨ ਕੋਲ ਹੁੰਦਿਆਂ ਵੀ ਇਕ ਦੂਸਰੇ ਤੋਂ ਕੋਹਾਂ ਦੂਰ ਹਨ।ਰਿਸ਼ਤਿਆਂ ਵਿੱਚ ਉਹ ਪਹਿਲਾਂ ਵਾਲਾ ਮੋਹ ਨਹੀ ਰਿਹਾ ਤੇ ਜਿੰਨਾ ਫੋਨਾ ਨੇ ਨੇੜੇ ਕੀਤਾ ਉਸਤੋਂ ਕਿਤੇ ਜਿਆਦਾ ਇਕ ਦੂਜੇ ਨੂੰ ਦੂਰ ਕਰ ਦਿੱਤਾ।ਅਜ ਡਾਕਘਰ ਵਿੱਚ ਕੇਵਲ ਦਫਤਰੀ ਇਸ਼ਤਿਹਾਰ ,ਸੂਚਨਾ,ਜਾਂ ਕਿਸੇ ਨੂੰ ਪਾਰਸਲ ਜਾਂ ਕੋਈ ਸਮਾਨ ਭੇਜਣ ਲਈ ਵਰਤਿਆ ਜਾਂਦਾ ਪਰ ਉਹ ਚਿੱਠੀਆਂ ਅਤੇ ਤਾਰਾਂ ਦਾ ਜਮਾਨਾ ਕਿਧਰੇ ਅਲੋਪ ਹੋ ਗਿਆ।ਹੁਣ ਡਾਕੀਆ ਵੀ ਜੇਕਰ ਕਿਸੇ ਦਾ ਚਿੱਠੀ ਪੱਤਰ ਆਂਉਦਾ ਹੈ ਤਾਂ ਉਹ ਵੀ ਫੋਨ ਕਰਕੇ ਡਾਕਘਰ ਵਿੱਚੋਂ ਪ੍ਰਾਪਤ ਕਰ ਲਈ ਕਹਿ ਦਿੰਦਾ ਹੈ।ਡਾਕਘਰ ਜਿਸਦਾ ਅੱਧਾ ਕੰਮ ਇਹਨਾ ਫੋਨਾਂ ਤੇ ਇੰਟਰਨੈਟ ਦੀ ਕਾਢ ਨੇ ਖਤਮ ਕਰ ਦਿੱਤਾ।ਵਿਗਿਆਨਕ ਕਾਢਾਂ ਨੇ ਮਨੁੱਖ ਨੂੰ ਦਿਨੋ ਦਿਨ ਆਪਣੇ ਵੱਸ ਕਰਨਾ ਸ਼ੁਰੂ ਕਰ ਦਿੱਤਾ ਜੋ ਕਿ ਨਾ ਚਾਹੁੰਦਿਆਂ ਵੀ ਮਨੁੱਖ ਨੂੰ ਇਸ ਬਦਲਦੇ ਸਮਾਜ ਨਾਲ ਚੱਲਣਾ ਜਰੂਰੀ ਹੋ ਗਿਆ।
✍️ ਰਵਨਜੋਤ ਕੌਰ ਸਿੱਧੂ “ਰਾਵੀ”
ਪਿੰਡ ਜੱਬੋਵਾਲ, ਜ਼ਿਲਾਂ ਸ਼ਹੀਦ ਭਗਤ ਸਿੰਘ ਨਗਰ
ਸੰਪਰਕ – 8283066125
Leave a Comment
Your email address will not be published. Required fields are marked with *