ਡਾਕਟਰ ਐਮ. ਐਸ. ਰੰਧਾਵਾ ਕਲਾ ਅਤੇ ਸਾਹਿਤ ਉਤਸਵ 2 ਫਰਵਰੀ ਨੂੰ ਸ਼ੁਰੂ ਹੋਏਗਾ
ਚੰਡੀਗੜ੍ਹ, 18 ਜਨਵਰੀ : (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੁਆਰਾ ਪੰਜ ਰੋਜ਼ਾ ਡਾਕਟਰ ਐਮ. ਐਸ. ਰੰਧਾਵਾ ਕਲਾ ਅਤੇ ਸਾਹਿਤ ਉਤਸਵ 2 ਫਰਵਰੀ ਤੋਂ ਮਨਾਇਆ ਜਾਏਗਾ ਜਿਸ ਵਿੱਚ ਪੰਜ ਪੰਜਾਬ ਗੌਰਵ ਪੁਰਸਕਾਰ ਦਿੱਤੇ ਜਾਣਗੇ।
ਇੱਥੇ ਪੱਤਰਕਾਰ ਸੰਮੇਲਨ ਦੌਰਾਨ ਚੇਅਰਮੈਨ ਡਾਕਟਰ ਸੁਰਜੀਤ ਪਾਤਰ ਨੇ ਅਹੁਦੇਦਾਰ ਲਖਵਿੰਦਰ ਜੌਹਲ, ਡਾਕਟਰ ਸਰਬਜੀਤ ਕੌਰ ਸੋਹਲ, ਡਾਕਟਰ ਯੋਗਰਾਜ, ਦੀਵਾਨ ਮਾਨਾ, ਕੇਵਲ ਧਾਲੀਵਾਲ, ਸੁਰਿੰਦਰ ਸਿੰਘ ਸੁੰਨੜ ਤੇ ਪ੍ਰੀਤਮ ਸਿੰਘ ਰੂਪਾਲ ਦੀ ਹਾਜ਼ਰੀ ਵਿੱਚ ਦੱਸਿਆ ਕਿ ਸਾਹਿਤ ਅਤੇ ਕਲਾ ਦੇ ਖੇਤਰ ਦੀਆਂ ਪੰਜ ਹਸਤੀਆਂ ਨੂੰ ਪੰਜਾਬ ਗੌਰਵ ਸਨਮਾਨ ਦਿੱਤਾ ਜਾਏਗਾ ਜਿਨਾਂ ਵਿੱਚ ਡਾਕਟਰ ਮੋਹਨਜੀਤ, ਰਾਣੀ ਬਲਬੀਰ ਕੌਰ, ਅਰਪਨਾ ਕੌਰ, ਦੇਸ ਰਾਜ ਲਚਕਾਨੀ ਤੇ ਬਲਦੇਵ ਸਿੰਘ ਸੜਕਨਾਮਾ ਦੇ ਨਾਂ ਸ਼ਾਮਿਲ ਹਨ। ਇਹਨਾਂ ਨੂੰ ਇਕ ਲੱਖ ਰੁਪਏ ਨਕਦ ਅਤੇ ਪ੍ਰਸੰਸਾ ਪੱਤਰ ਦਿੱਤੇ ਜਾਣਗੇ । ਇਸ ਮੌਕੇ ਕਲਾ ਪ੍ਰੀਸ਼ਦ ਦਾ ਮੈਗਜ਼ੀਨ ‘ਕਲਾ ਦੁਆਰ’ ਵੀ ਲੋਕ ਅਰਪਿਤ ਕੀਤਾ ਜਾਏਗਾ।
ਡਾਕਟਰ ਪਾਤਰ ਨੇ ਦੱਸਿਆ ਕਿ ਉਤਸਵ ਦੇ ਪੰਜ ਦਿਨ ਕਲਾ ਅਤੇ ਸਾਹਿਤ ਨੂੰ ਸਮਰਪਿਤ ਹੋਣਗੇ ਜਿਨਾਂ ਵਿੱਚ ਸੈਮੀਨਾਰ, ਹੀਰ ਵਾਰਸ ਗਾਇਨ, ਕਵੀ ਦਰਬਾਰ, ਨਾਟਕ ਅਤੇ ਵੱਖ ਵੱਖ ਸ਼ਖਸ਼ੀਅਤਾਂ ਦੇ ਰੂਬਰੂ ਕਰਵਾਏ ਜਾਣਗੇ।
ਕਲਾ ਪ੍ਰੀਸ਼ਦ ਦੇ ਵਿੱਤੀ ਲੇਖੇ ਜੋਖੇ ਬਾਰੇ ਪੁੱਛੇ ਜਾਣ ਤੇ ਡਾਕਟਰ ਪਾਤਰ ਨੇ ਦੱਸਿਆ ਕਿ ਕਲਾ ਪ੍ਰੀਸ਼ਦ ਲਈ ਨਾਨ ਪਲਾਨ ਸਕੀਮ ਵਿੱਚ ਪੱਕੇ ਬਜਟ ਦੀ ਬੜੀ ਲੋੜ ਹੈ। ਜੇਕਰ ਸਰਕਾਰ ਸਾਡੀ ਇਹ ਮੰਗ ਮੰਨ ਲਵੇ ਤਾਂ ਕਲਾ ਅਤੇ ਸਾਹਿਤ ਦੇ ਪ੍ਰੋਗਰਾਮ ਹੋਰ ਵੀ ਸੁਚਾਰੂ ਤਰੀਕੇ ਨਾਲ ਚਲਾਏ ਜਾ ਸਕਦੇ ਹਨ।
Leave a Comment
Your email address will not be published. Required fields are marked with *