ਕੋਟਕਪੂਰਾ, 12 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕੇਂਦਰੀ ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਰਾਜ ਮੰਤਰੀ ਰਾਮਦਾਸ ਅਠਾਵਲੇ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਅਹਿਮ ਮੁੱਦਿਆਂ ’ਤੇ ਚਰਚਾ ਕਰਦਿਆਂ ਆਪਣੇ ਵਿਭਾਗ ਨਾਲ ਸਬੰਧਤ ਮੰਗਾਂ ਰੱਖੀਆਂ। ਕੇਂਦਰੀ ਮੰਤਰੀ ਦੇ ਇੱਕ ਦਿਨਾਂ ਫਰੀਦਕੋਟ ਦੌਰੇ ਦੌਰਾਨ ਇਹ ਮੀਟਿੰਗ ਹੋਈ ਜੋ ਸਮਾਜਿਕ ਨਿਆਂ ਅਤੇ ਸਮਾਜਿਕ ਸੁਰੱਖਿਆ ਵਿਭਾਗਾਂ ਦੇ ਪ੍ਰਭਾਵੀ ਕੰਮਕਾਜ ਸਬੰਧੀ ਵੱਖ-ਵੱਖ ਮੁੱਦਿਆਂ ’ਤੇ ਕੇਂਦਰਿਤ ਰਹੀ। ਅਠਾਵਲੇ ਨਾਲ ਗੱਲਬਾਤ ਦੌਰਾਨ ਡਾ. ਬਲਜੀਤ ਕੌਰ ਨੇ ਬਾਬੂ ਜਗਜੀਵਨ ਰਾਮ ਯੋਜਨਾ ਅਧੀਨ ਹੋਸਟਲਾਂ ਦੀ ਉਸਾਰੀ ਦੇ ਨਿਰਵਿਘਨ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਫੰਡਾਂ ਦੀ ਲੋੜ ‘ਤੇ ਜੋਰ ਦਿੱਤਾ। ਉਨ੍ਹਾਂ ਅਨੁਸੂਚਿਤ ਜਾਤੀਆਂ ਦੀ ਭਲਾਈ ਦੇ ਉਦੇਸ ਨਾਲ ਪਹਿਲਕਦਮੀਆਂ ਨੂੰ ਵਧਾਉਣ ਲਈ ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਉਦੈ ਯੋਜਨਾ ਤਹਿਤ ਅਲਾਟਮੈਂਟ ਵਧਾਉਣ ਦੀ ਵੀ ਵਕਾਲਤ ਕੀਤੀ। ਇਸ ਤੋਂ ਇਲਾਵਾ ਡਾ. ਬਲਜੀਤ ਕੌਰ ਨੇ ਗਰੀਬ ਬੱਚਿਆਂ ਲਈ ਰਿਹਾਇਸੀ ਸਕੂਲ ਸਥਾਪਤ ਕਰਨ ਅਤੇ ਵਿਦੇਸ਼ਾਂ ’ਚ ਸਿੱਖਿਆ ਦੇ ਮੌਕਿਆਂ ਦੀ ਸਹੂਲਤ ਲਈ ਹੋਰ ਫੰਡਾਂ ਦੀ ਲੋੜ ’ਤੇ ਵੀ ਜੋਰ ਦਿੱਤਾ। ਮੀਟਿੰਗ ਦੌਰਾਨ ਸਮਾਜਿਕ ਸੁਰੱਖਿਆ ਵਿਭਾਗ ਦੀ ਸਕੀਮ ਫਾਰ ਇੰਮਪਲੀਟੇਸਨ ਆਫ ਪਰਸਨਜ ਵਿਦ ਡਿਸਬਿਲਟੀ ਐਕਟ (ਸਿਪਡਾ ਸਕੀਮ) ਤਹਿਤ ਫੰਡਾਂ ਨੂੰ ਵਧਾਉਣ ਦੀ ਮੰਗ ਕੀਤੀ ਗਈ ਅਤੇ ਦਿੱਤੀਆਂ ਗਰਾਂਟਾਂ ਦੀ ਵਰਤੋਂ ਲਈ ਸਮਾਂ ਸੀਮਾ ਵਧਾਉਣ ਬਾਰੇ ਵੀ ਚਰਚਾ ਹੋਈ। ਇਸ ਤੋਂ ਇਲਾਵਾ ਡਾ. ਬਲਜੀਤ ਕੌਰ ਨੇ ਹੋਸਟਲ ਪ੍ਰਵਾਨਗੀਆਂ, ਆਦਰਸ ਗ੍ਰਾਮ ਯੋਜਨਾ ਲਈ ਫੰਡਾਂ ਦੀ ਮੰਗ ਅਤੇ ਐਸ.ਸੀ. ਕਾਰਪੋਰੇਸਨ ਕੇਂਦਰੀ ਹਿੱਸਾ ਨਾਲ ਸਬੰਧਤ ਮੰਗਾਂ ਵੱਲ ਅਠਾਵਲੇ ਦਾ ਧਿਆਨ ਦਿਵਾਉਦਿਆਂ ਇਨ੍ਹਾਂ ਸਕੀਮਾਂ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਵਾਉਣ ਦੀ ਵੀ ਪੁਰਜ਼ੋਰ ਸਿਫਾਰਿਸ਼ ਕੀਤੀ।