ਸਿਹਤ ਕਾਮਿਆਂ ਵੱਲੋਂ ਤਲਵੰਡੀ ਚੌਂਕ ਪੁੱਲ ’ਤੇ ਚੱਕਾ ਜਾਮ ਕਰਕੇ ਧਰਨਾ ਲਾਇਆ, ਕੀਤੀ ਨਾਹਰੇਬਾਜੀ
ਫਰੀਦਕੋਟ, 1 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮ)
ਪਿਛਲੇ ਕਈ ਦਿਨਾਂ ਤੋਂ ਜ਼ਿਲਾ ਸਿਹਤ ਵਿਭਾਗ ਦੇ ਸਮੂਹ ਕਰਮਚਾਰੀ ਅਤੇ ਅਧਿਕਾਰੀਆਂ ਵੱਲੋਂ ਜ਼ਿਲਾ ਟੀ.ਬੀ ਕਲੀਨਿਕ ਫਰੀਦਕੋਟ ’ਚ ਕੰਮ ਕਰਦੇ ਹਰਮਨਦੀਪ ਅਰੋੜਾ ਨਾਲ ਡਾਕਟਰ ਮਨਦੀਪ ਕੌਰ ਖੰਗੂੜਾ, ਸਹਾਇਕ ਸਿਵਲ ਸਰਜਨ ਕਮ ਜਿਲਾ ਟੀਬੀ ਅਫ਼ਸਰ ਵੱਲੋਂ ਕੀਤੀ ਸ਼ਰਮਨਾਕ ਕਾਰਵਾਈ ਤੇ ਸਿਹਤ ਵਿਭਾਗ ਦੇ ਸਮੂਹ ਮੁਲਾਜਮਾਂ ਵੱਲੋਂ ਜਿਲੇ ਦੀਆਂ ਸਿਹਤ ਸੇਵਾਵਾਂ ਠੱਪ ਕਰਕੇ ਧਰਨੇ ਪ੍ਰਦਰਸ਼ਨ ਨਿਰੰਤਰ ਜਾਰੀ ਹਨ।ਇਸੇ ਹੀ ਲੜੀ ਤਹਿਤ ਸਿਹਤ ਕਾਮਿਆਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਵੱਲੋਂ ਸੰਘਰਸ਼ ਨੂੰ ਤੇਜ ਕਰਦਿਆਂ ਸਥਾਨਕ ਤਲਵੰਡੀ ਚੌਕ ਪੁਲ ਤੇ ਚੱਕਾ ਜਾਮ ਕਰ ਦਿੱਤਾ ਗਿਆ ਅਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਜਿਲਾ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਸਿਹਤ ਸਟਾਫ, ਮਰੀਜਾਂ ਅਤੇ ਆਮ ਲੋਕਾਂ ਨਾਲ ਮਾੜਾ ਵਿਵਹਾਰ ਅਤੇ ਗਲਤ ਸ਼ਬਦਾਬਲੀ ਵਰਤਣ ਵਾਲੀ ਇਸ ਮਹਿਲਾ ਡਾਕਟਰ ਨੂੰ ਤੁਰੰਤ ਚਲਦਾ ਕੀਤਾ ਜਾਵੇ ਅਤੇ ਉਸਦੀ ਬਦਲੀ ਜਿਲੇ ਤੋਂ ਬਾਹਰ ਕੀਤੀ ਜਾਵੇ। ਜਿਕਰਯੋਗ ਹੈ ਕਿ ਸਿਹਤ ਵਿਭਾਗ ਦੇ ਕਰਮਚਾਰੀ ਹਰਮਨਦੀਪ ਅਰੋੜਾ ਨੂੰ ਡਾ. ਮਨਦੀਪ ਕੌਰ ਖੰਗੂੜਾ ਵੱਲੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਕੇ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਗਿਆ ਸੀ। ਡਾ. ਮਨਦੀਪ ਕੌਰ ਖੰਗੂੜਾ ਤੋਂ ਸਿਹਤ ਵਿਭਾਗ ਵਿੱਚ ਕੰਮ ਕਰਦੇ ਕਲੈਰੀਕਲ ਕਾਮੇ, ਫੀਲਡ ਵਿੱਚ ਕੰਮ ਕਰਦੇ ਪੈਰਾ ਮੈਡੀਕਲ ਕਾਮੇ, ਮੈਲਟੀਪਰਪਜ਼ ਕਾਮੇ, ਐਨ.ਐਚ.ਐਮ ਕਾਮੇ ਬੜੇ ਲੰਮੇ ਸਮੇਂ ਤੋਂ ਉਸ ਦੇ ਮਾੜੇ ਵਤੀਰੇ ਕਾਰਨ ਅਤੇ ਧਮਕੀਆਂ ਭਰੇ ਲਹਿਜ਼ੇ ਤੋਂ ਪ੍ਰੇਸ਼ਾਨ ਚੱਲੇ ਆ ਰਹੇ ਹਨ। ਸਾਂਝੀ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਾਰਾ ਮਾਮਲਾ ਸੀਨੀਅਰ ਸਿਹਤ ਅਧਿਕਾਰੀਆਂ, ਜ਼ਿਲਾ ਪ੍ਰਸ਼ਾਸ਼ਨ ਅਤੇ ਸਰਕਾਰ ਦੇ ਨੁਮਾਇੰਦਿਆਂ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ ਪਰ ਅਜੇ ਤੱਕ ਇਸ ਅਫ਼ਸਰ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਹੋਈ, ਜਿਸ ਦੇ ਰੋਸ ਵਜੋਂ ਅੱਜ ਤਲਵੰਡੀ ਰੋਡ ਪੁਲ ਅਤੇ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਸਮੂਹ ਕਾਮਿਆਂ ਨੇ ਉਕਤ ਡਾਕਟਰ ਦੀ ਜ਼ਿਲੇੇ ਤੋਂ ਬਾਹਰ ਬਦਲੀ ਦੀ ਮੰਗ ਕੀਤੀ। ਜ਼ਿਲੇੇ ਦੀਆਂ ਸਿਰਫ਼ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਸਿਹਤ ਸੇਵਾਵਾਂ ਬੰਦ ਕਰਕੇ ਜ਼ਿਲੇੇ ਦੀਆਂ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਾਂਝੀ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ।
Leave a Comment
Your email address will not be published. Required fields are marked with *