ਡਾ. ਸੁੱਖਪ੍ਰੀਤ ਸਿੰਘ ਉੱਦੋਕੇ ਜੀ ਨਾਲ ਕੱਲ ਮਿਤੀ 23/02/2024 ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਮੁਲਾਕਾਤ ਹੋਈ। ਜਿੱਥੇ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੇ ਮਾਤਾ ਜੀ ਅਤੇ ਹੋਰ ਸਿੱਖ ਯੋਧਿਆਂ ਦੇ ਪਰਿਵਾਰਕ ਮੈਂਬਰਾਂ ਨੇ ਭੁੱਖ ਹੜਤਾਲ ਕੀਤੀ ਹੋਈ ਹੈ। ਉੱਥੇ ਡਾ. ਸਾਹਿਬ ਨਾਲ ਕਾਫੀ ਪੰਥਕ ਵਿਚਾਰਾਂ ਹੋਈਆਂ।
ਡਾ. ਸਾਹਿਬ ਨੇ ਅੱਜ ਦੇ ਸਿੰਘਾ ਦੇ ਹਲਾਤਾਂ ਨੂੰ ਲੈ ਕੇ ਬਹੁਤ ਚਿੰਤਾਂ ਜ਼ਾਹਿਰ ਕੀਤੀ ਅਤੇ ਜੇਲ੍ਹਾਂ ਵਿੱਚ ਹੋ ਰਹੇ ਸਿੰਘਾਂ ਉੱਤੇ ਤਸ਼ਦੱਦ ਨੂੰ ਸਾਫ ਸ਼ਬਦਾਂ ਵਿੱਚ ਨਿੰਦਿਆ। ਸਿੰਘਾਂ ਦੇ ਬਾਥਰੂਮਾਂ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲਗਾਏ ਕੈਮਰਿਆਂ ਨੂੰ ਅਤੇ ਸਾਡੇ ਸਿੱਖ ਸੂਰਮਿਆਂ ਨੂੰ ਨਗਨ ਅਵਸਥਾ ਵਿੱਚ ਕੈਮਰਿਆਂ ਰਾਹੀਂ ਦੇਖਣ ਦੀ ਸਰਕਾਰ ਅਤੇ ਪ੍ਰਸ਼ਾਸਨ ਦੀ ਇਸ ਨੀਚ ਕੋਸ਼ਸ਼ ਨੂੰ ਸਾਫ-ਸਿੱਧਾ ਮਾਨਵ ਅਧਿਕਾਰਾਂ ਦੀ ਉਲੰਘਣਾ ਦੱਸਿਆ। ਡਾ. ਸਾਹਿਬ ਨੇ ਆਪਣੇ ਭਾਸ਼ਣ ਵਿੱਚ ਸਾਰੀ ਸੰਗਤ ਨੂੰ ਜਾਪਤੇ ਵਿੱਚ ਰਹਿ ਕੇ ਸ਼ਾਂਤਮਈ ਪ੍ਰਦਸ਼ਣ ਕਰਣ ਲਈ ਕਿਹਾ ਅਤੇ ਸਰਕਾਰ ਨੂੰ ਵੀ ਹਦਾਇਤ ਕੀਤੀ ਕਿ ਸਿੰਘਾਂ ਦੇ ਪਰਿਵਾਰਕ ਮੈਂਬਰਾਂ ਨਾਲ ਜਲਦ ਤੋਂ ਜਲਦ ਮਿਲ ਬੈਠ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ। ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਅਪੀਲ ਵੀ ਕੀਤੀ ਕਿ ਜ਼ਿਆਦਾ ਤੋਂ ਜ਼ਿਆਦਾ ਸੰਗਤ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੇ ਮਾਤਾ ਜੀ ਵੱਲੋਂ ਕੀਤੀ ਇਸ ਭੁੱਖ ਹੜਤਾਲ ਵਿੱਚ ਉਨ੍ਹਾਂ ਨੂੰ ਸਹਿਯੋਗ ਦੇਣ ਲਈ ਸ਼ਾਮਲ ਹੋਣ।
ਡਾ. ਸਾਹਿਬ ਸਿੱਖ ਕੌਮ ਦੇ ਇੱਕ ਉੱਘੇ ਖੋਜਕਾਰ ਹਨ। ਉੱਨਾਂ ਦੱਸਿਆ ਕਿ ਕਿਸ ਤਰਾਂ ਸਾਡੀ ਅਗਲੀ ਪੀੜ੍ਹੀ ਆਪਣੇ ਗੌਰਵਮਈ ਇਤਿਹਾਸ ਨਾਲੋਂ ਟੁੱਟ ਰਹੀ ਹੈ। ਕਿਸ ਤਰਾਂ ਨਾਲ ਕਿਤਾਬਾਂ ਵਿੱਚ ਅੱਧੇ ਅਧੂਰੇ ਬਿਰਤਾਂਤ ਛਾਪ ਕੇ ਅਗਲੀ ਪੀੜ੍ਹੀ ਨੂੰ ਪੜਾਇਆ ਜਾ ਰਿਹਾ ਹੈ। ਇੱਕ ਸਿੱਖ ਇਤਿਹਾਸ ਦੇ ਖੋਜਕਾਰ ਹੋਣ ਦੇ ਨਾਤੇ ਉਨ੍ਹਾਂ ਦੀ ਇਹ ਚਿੰਤਾ ਜਾਇਜ਼ ਹੈ। ਕਿਉਂਕੀ ਅਗਲੇਰੀ ਪੀੜ੍ਹੀ ਨੂੰ ਆਪਣੇ ਗੌਰਵਮਈ ਇਤਿਹਾਸ ਨਾਲ ਜੋੜਣ ਲਈ ਕਿਤਾਬਾਂ ਹੀ ਮੂਲ ਜ਼ਰਿਆ ਹੁੰਦੀਆਂ ਹਨ।
ਉਨ੍ਹਾਂ ਚਿੰਤਾ ਜਾਹਿਰ ਕੀਤੀ ਕੀ ਅੱਜ ਕੱਲ ਦੇ ਲੇਖਕ ਡੁੰਘਾਈ ਨਾਲ ਨਾ ਲਿਖਕੇ ਕੁਝ ਤੱਥਾਂ ਦੇ ਅਧਾਰ ਤੇ ਹੀ ਸਿਰਫ ਕਲਮਬੱਧ ਕਰਣ ਦੀ ਕੋਸ਼ਸ਼ ਕਰਦੇ ਹਨ ਜੋ ਕਿ ਸਾਡੇ ਸਿੱਖ ਕੌਮ ਦੇ ਇਤਿਹਾਸ ਲਈ ਬਹੁਤ ਨੁਕਸਾਨਦਾਇਕ ਸਿੱਧ ਹੋ ਰਿਹਾ ਹੈ।

ਰਸ਼ਪਿੰਦਰ ਕੌਰ ਗਿੱਲ
ਐਕਟਰ, ਲੇਖਕ, ਐਂਕਰ, ਸੰਪਾਦਕ, ਸੰਸਥਾਪਕ, ਪ੍ਰਧਾਨ- ਪੀਂਘਾਂ ਸੋਚ ਦੀਆਂ ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ +91-9888697078