ਸੀ.ਐਸ.ਸੀ. ਸੈਂਟਰਾਂ ‘ਤੇ ਬਿਨਾਂ ਕਿਸੇ ਕੀਮਤ ਤੋਂ ਆਨਲਾਈਨ ਕਰਵਾ ਸਕਦੇ ਹੋ ਰਜਿਸਟ੍ਰੇਸ਼ਨ
ਫਰੀਦਕੋਟ , 14 ਮਾਰਚ (ਵਰਲਡ ਪੰਜਾਬੀ ਟਾਈਮਜ਼)
ਭਾਰਤ ਸਰਕਾਰ ਦੇ ਪੀ.ਐਮ.ਵਿਸ਼ਵਕਰਮਾ ਯੋਜਨਾ ਦੇ ਤਹਿਤ ਜਿਲਾ ਫਰੀਦਕੋਟ ਵਿੱਚ ਗਠਿਤ ਜਿਲਾ ਇੰਮਪਲੀਮਨਟੇਂਸ਼ਨ ਕਮੇਟੀ ਦੀ ਤੀਸਰੀ ਮੀਟਿੰਗ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਫਰੀਦਕੋਟ ਦੇ ਸਮੂਹ ਵਿਸ਼ਵਕਰਮਾ ਨੂੰ ਪੀ.ਐਮ.ਵਿਸ਼ਵਕਰਮਾ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਅਪੀਲ ਕੀਤੀ। ਇਸ ਮੀਟਿੰਗ ਵਿੱਚ ਕੁੱਲ 38 ਐਪਲੀਕੇਸ਼ਨ ਨੂੰ ਸਟੇਜ-3 ਲਈ ਵਿਚਾਰਿਆ ਗਿਆ। ਉਨ੍ਹਾਂ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਕੀਮ ਤਹਿਤ 18 ਕਿੱਤੇ ਜਿਸ ਵਿੱਚ ਤਰਖਾਣ, ਲੋਹਾਰ, ਸੁਨਿਆਰਾ, ਮੋਚੀ, ਘੁਮਿਆਰ, ਧੋਬੀ ਤਰਖਾਣ, ਨਾਈ, ਮੂਰਤੀਕਾਰ, ਟੇਲਰ(ਦਰਜੀ), ਰਾਜਮਿਸਤਰੀ, ਸ਼ਸਤਰ ਬਣਾਉਣ ਵਾਲਾ, ਤਾਲਾ ਬਣਾਉਣ ਵਾਲਾ, ਕਿਸ਼ਤੀ ਬਣਾਉਣ ਵਾਲਾ, ਗੁੱਡੀ ਅਤੇ ਖਿਡੌਣਾ ਬਣਾਉਣ ਵਾਲਾ, ਹਮੀਰ ਅਤੇ ਟੂਲ ਕਿੱਟ ਬਣਾਉਣ ਵਾਲਾ, ਟੋਕਰੀ/ਚਟਾਈ ਬਣਾਉਣ ਵਾਲਾ, ਗਾਰਲੈਂਡਰ (ਮਾਲਾ ਬਣਾਉਣ ਵਾਲਾ) ਮੱਛੀ ਫੜਣ ਲਈ ਨੈੱਟ ਬਣਾਉਣ ਵਾਲਾ ਆਦਿ ਸ਼ਾਮਿਲ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਰਟੀਫਿਕੇਟ ਅਤੇ ਆਈ.ਡੀ ਕਾਰਡ ਜਾਰੀ ਕੀਤਾ ਜਾਵੇਗਾ ਅਤੇ ਲਾਭਪਾਤਰੀ ਨੂੰ 15000 ਰੁਪਏ ਦਾ ਟੂਲਕਿਟ ਪ੍ਰੋਤਸਾਹਨ, 500 ਰੁਪਏ ਪ੍ਰਤੀ ਦਿਨ ਦੇ ਵਜੀਫੇ ਨਾਲ ਮੁਢਲੀ ਹੁਨਰ ਸਿਖਲਾਈ ,18 ਮਹੀਨਿਆਂ ਦੀ ਮੁੜ ਅਦਾਇਗੀ ਦੀ ਮਿਆਦ ਦੇ ਨਾਲ 1 ਲੱਖ ਰੁਪਏ ਤੱਕ ਦਾ ਕਰਜਾ, 500 ਰੁਪਏ ਪ੍ਰਤੀ ਦਿਨ ਦੇ ਵਜੀਫੇ ਨਾਲ ਅਡਵਾਂਸ ਹੁਨਰ ਸਿਖਲਾਈ ਅਤੇ 30 ਮਹੀਨਿਆਂ ਦੀ ਮੁੜ ਅਦਾਇਗੀ ਦੀ ਮਿਆਦ ਦੇ ਨਾਲ 2 ਲੱਖ ਰੁਪਏ ਤੱਕ ਦੇ ਕਰਜੇ ਦੀ ਕਿਸ਼ਤ ਪ੍ਰਾਪਤ ਕਰਨ ਯੋਗ ਹੋਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਕਾਰੀਗਰ ਆਪਣੇ ਪਿੰਡਾਂ ਵਿਚ ਸਥਿਤ ਸੀ.ਐਸ.ਸੀ. ਸੈਂਟਰਾਂ ‘ਤੇ ਬਿਨਾਂ ਕਿਸੇ ਕੀਮਤ ਤੋਂ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਮੀਤ ਪ੍ਰਧਾਨ ਸ਼੍ਰੀ ਰਾਜਨ ਨਾਰੰਗ ਅਤੇ ਐਡਵੋਕੇਟ ਗਗਨਦੀਪ ਸੁਖੀਜਾ ਆਦਿ ਵੀ ਹਾਜ਼ਰ ਸਨ।
Leave a Comment
Your email address will not be published. Required fields are marked with *