ਕੋਟਕਪੂਰਾ, 1 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ ਦਾ ਇੱਕ ਵਫਦ ਪ੍ਰਧਾਨ ਓਮਕਾਰ ਗੋਇਲ ਦੀ ਅਗਵਾਈ ਹੇਠ ਜਤਿੰਦਰ ਸਿੰਘ ਡੀ.ਐਸ.ਪੀ. ਕੋਟਕਪੂਰਾ ਨੂੰ ਮਿਲਿਆ, ਜਿਸ ਦੌਰਾਨ ਇਲਾਕੇ ਅੰਦਰ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਓਮਕਾਰ ਗੋਇਲ ਅਤੇ ਉਨ੍ਹਾਂ ਦੇ ਨਾਲ ਆਏ ਹਰੀਸ਼ ਸੇਤੀਆ, ਰਮਨ ਮਨਚੰਦਾ, ਜਸਵਿੰਦਰ ਸਿੰਘ ਜੌੜਾ, ਨਰਿੰਦਰ ਬਾਬਾ ਮਿਲਕ, ਹਰਸ਼ ਅਰੋੜਾ ਅਤੇ ਸਤੀਸ਼ ਕਟਾਰੀਆ ਨੇ ਡੀ.ਐਸ.ਪੀ. ਕੋਟਕਪੂਰਾ ਨੂੰ ਸ਼ਹਿਰ ਦੀ ਮੌਜੂਦਾ ਸਥਿਤੀ ਤੋਂ ਜਾਣੂੰ ਕਰਵਾਇਆ। ਇਸ ਦੌਰਾਨ ਵਫਦ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸ਼ਹਿਰ ਅੰਦਰ ਅਮਨ ਤੇ ਕਾਨੂੰਨ ਦੀ ਸਥਿੱਤੀ ਨੂੰ ਬਹਾਲ ਰੱਖਣ ਅਤੇ ਟ੍ਰੈਫਿਕ ਆਦਿ ਦੀ ਸਮੱਸਿਆ ਨੂੰ ਹੱਲ ਕਰਨ ਲਈ ਵਪਾਰੀ ਵਰਗ ਵੱਲੋਂ ਪੁਲਿਸ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ। ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ ਦੇ ਵਫਦ ਨੂੰ ਸਮੁੱਚੇ ਸ਼ਹਿਰ ਅੰਦਰ ਸੁਰੱਖਿਅਤ ਮਾਹੌਲ ਦੇਣ ਦਾ ਭਰੋਸਾ ਦਿਵਾਉਂਦੇ ਹੋਏ ਜਤਿੰਦਰ ਸਿੰਘ ਡੀ.ਐਸ.ਪੀ. ਕੋਟਕਪੂਰਾ ਨੇ ਕਿਹਾ ਕਿ ਪੁਲਸ ਸ਼ਹਿਰੀਆਂ ਦੇ ਜਾਨ-ਮਾਲ ਦੀ ਰਾਖੀ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸ਼ਹਿਰੀ ਉਨ੍ਹਾਂ ਨੂੰ ਕਿਸੇ ਵੀ ਕੰਮ ਲਈ ਕਿਸੇ ਵੀ ਸਮੇਂ ਬਿਨ੍ਹਾਂ ਕਿਸੇ ਝਿਜਕ ਦੇ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ’ਤੇ ਨਕੇਲ ਕਸਣ ਲਈ ਪੁਲਿਸ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਪੀ.ਸੀ.ਆਰ. ਟੀਮਾਂ ਵਲੋਂ ਦਿਨ-ਰਾਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਗਸ਼ਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਵਾਹਨਾਂ ’ਤੇ ਨੰਬਰ ਪਲੇਟਾਂ ਲਾ ਕੇ ਰੱਖਣ, ਪੂਰੇ ਕਾਗਜਾਤ ਨਾਲ ਰੱਖੇ ਜਾਣ ਅਤੇ ਟ੍ਰਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ।