ਚੰਡੀਗੜ 24 ਨਵੰਬਰ,(ਵਰਲਡ ਪੰਜਾਬੀ ਟਾਈਮਜ਼)
ਐਸ.ਡੀ.ਐਮ ਡੇਰਾਬੱਸੀ ਨੇ ਗੋਲਡਨ ਫਾਰੈਸਟ ਇੰਡੀਆ ਲਿਮਟਿਡ ਨਾਲ ਸਬੰਧਤ ਰਾਜ ਸਰਕਾਰ ਨੂੰ ਤਬਦੀਲੀ ਕੀਤੀ ਜ਼ਮੀਨ ਚੋਂ 275 ਏਕੜ ਦਾ ਕਬਜ਼ਾ ਲੈ ਲਿਆ ਹੈ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਇੱਥੇ ਦੱਸਿਆ ਕਿ ਗੋਲਡਨ ਫਾਰੈਸਟ ਇੰਡੀਆ ਲਿਮਟਿਡ ਦੀ ਜ਼ਮੀਨ ਜਿਸ ਦਾ ਕਬਜ਼ਾ ਪੰਜਾਬ ਲੈਂਡ ਰਿਫਾਰਮ ਐਕਟ-1972 ਤਹਿਤ ਸਰਪਲੱਸ ਘੋਸ਼ਿਤ ਕਰਕੇ ਪੰਜਾਬ ਸਰਕਾਰ ਨੂੰ ਤਬਦੀਲ ਕੀਤਾ ਗਿਆ ਸੀ, ਦੀ ਸਥਿਤੀ ਦਾ ਕੁਝ ਦਿਨ ਪਹਿਲਾਂ ਜਾਇਜ਼ਾ ਲੈਂਦੇ ਹੋਏ ਡੇਰਾਬੱਸੀ ਦੇ ਐਸ.ਡੀ.ਐਮ. ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਜ਼ਮੀਨ ਦੀ ਸ਼ਨਾਖਤ ਕਰਕੇ ਇਸ ਨੂੰ ਕਬਜ਼ਿਆਂ, ਜੇਕਰ ਕੋਈ ਹੋਵੇ, ਤੋਂ ਮੁਕਤ ਕਰਾਉਣ।
ਉਨ੍ਹਾਂ ਕਿਹਾ ਕਿ ਮਾਲ ਰਿਕਾਰਡ ਅਨੁਸਾਰ ਡੇਰਾਬੱਸੀ ਦੇ 27 ਪਿੰਡਾਂ ਦੀ ਕਰੀਬ 1843 ਏਕੜ ਜ਼ਮੀਨ ਦੀ ਮਾਲਕੀ ਪੰਜਾਬ ਸਰਕਾਰ ਦੇ ਨਾਂ ‘ਤੇ ਤਬਦੀਲ ਕੀਤੀ ਗਈ ਸੀ ਅਤੇ ਇਸ ਜ਼ਮੀਨ ਨੂੰ ਖਾਲੀ ਕਰਵਾ ਕੇ ਮਾਲੀਏ ਲਈ ਵਰਤਿਆ ਜਾਣਾ ਯਕੀਨੀ ਬਣਾਇਆ ਜਾਵੇਗਾ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਦੀ ਵਚਨਬੱਧਤਾ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਪਹਿਲਾਂ ਹੀ ਮੁਹਿੰਮ ਚਲਾਈ ਜਾ ਰਹੀ ਹੈ।
ਉਪ ਮੰਡਲ ਮੈਜਿਸਟਰੇਟ, ਡੇਰਾਬੱਸੀ, ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਕਾਨੂੰਗੋ ਅਤੇ ਪਟਵਾਰੀਆਂ ‘ਤੇ ਅਧਾਰਤ ਮਾਲ ਟੀਮਾਂ ਰਾਜ ਨੂੰ ਤਬਦੀਲ ਕੀਤੀ ਜੀ ਐਫ ਆਈ ਐਲ ਜ਼ਮੀਨ ਦੀ ਪਛਾਣ ਕਰਨ ਲਈ ਸਖ਼ਤ ਮਿਹਨਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਜ਼ਮੀਨ ਅਤੇ ਇਸ ਦੇ ਟਿਕਾਣਿਆਂ ਦੀ ਸੂਚੀ ਤਿਆਰ ਕਰ ਰਹੇ ਹਨ ਅਤੇ ਦੌਰਿਆਂ ਦਾ ਸਮਾਂ-ਸਾਰਣੀ ਤਿਆਰ ਕਰਕੇ ਅਜਿਹੀਆਂ ਜ਼ਮੀਨਾਂ ਦਾ ਕਬਜ਼ਾ ਲੈ ਰਹੇ ਹਨ। ਉਨ੍ਹਾਂ ਦੁਹਰਾਇਆ ਕਿ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਸਬ ਡਵੀਜ਼ਨ ਪ੍ਰਸ਼ਾਸਨ ਵੱਲੋਂ ਜਲਦੀ ਹੀ ਸਾਰੀ ਜ਼ਮੀਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਜਾਵੇਗਾ।
Leave a Comment
Your email address will not be published. Required fields are marked with *