ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਨ੍ਹਾਂ ਕੋਟਕਪੂਰਾ ਵਾਸੀਆਂ ਦੇ ਉਪਰਾਲੇ ਸ਼ਲਾਘਾਯੋਗ : ਬਰਾੜ
ਕੋਟਕਪੂਰਾ, 4 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੋਟਕਪੂਰਾ ਕਿ੍ਰਕਟ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਅਸ਼ਵਨੀ ਚੋਪੜਾ ਡੱਡੀ ਮੈਮੋਰੀਅਲ ਓਪਨ ਪੰਜਾਬ ਕਿ੍ਰਕਟ ਟੂਰਨਾਮੈਂਟ ਦੇ ਤੀਜੇ ਦਿਨ ਦੇ ਮੈਚਾਂ ਦੇ ਮੁੱਖ ਮਹਿਮਾਨ ਜਿਲ੍ਹਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਮਰਿੰਦਰ ਸਿੰਘ ਬੰਨੀ ਬਰਾੜ ਸਨ। ਜਦੋਂ ਕਿ ਮੁਖੀ ਅਮਿਤ ਕੁਮਾਰ ਕਾਵੀਆ ਨੇ ਪ੍ਰਧਾਨਗੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪਿੰਡ ਪੰਜਗਰਾਈਂ ਦੇ ਸਰਪੰਚ ਰਾਜਾ ਸਿੰਘ, ਗੁਰਪ੍ਰੀਤ ਸਿੰਘ ਮੈਂਬਰ, ਮੰਦਰ ਸਰਾਂ, ਦਵਿੰਦਰ ਸੰਧੂ, ਕਾਂਤੀ ਸਰਾਂ, ਮੰਗਾ ਸਿੰਘ ਤੇ ਸ਼ਿੰਦਾ ਮੱਤਾ ਆਦਿ ਵੀ ਹਾਜਰ ਸਨ। ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਅਮਰਿੰਦਰ ਬਰਾੜ ਨੇ ਕਿਹਾ ਕਿ ਪੰਜਾਬ ’ਚ ਚੱਲ ਰਹੇ ਨਸ਼ਿਆਂ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਖੇਡਾਂ ਸਭ ਤੋਂ ਵੱਧ ਕਾਰਗਰ ਸਾਬਿਤ ਹੋ ਸਕਦੀਆਂ ਹਨ। ਕੋਟਕਪੂਰਾ ਕਿ੍ਰਕਟ ਇਸ ਖੇਤਰ ਵਿੱਚ ਛੋਟੇ ਬੱਚਿਆਂ ਨੂੰ ਸਿਖਲਾਈ ਦੇਣ ਤੋਂ ਲੈ ਕੇ ਕਿ੍ਰਕਟ ਅਕੈਡਮੀ ’ਚ ਛੋਟੇ-ਵੱਡੇ ਟੂਰਨਾਮੈਂਟ ਕਰਵਾਉਣ ਤੱਕ ਬਹੁਤ ਅਹਿਮ ਭੂਮਿਕਾ ਨਿਭਾ ਰਿਹਾ ਹੈ। ਅਜਿਹੇ ਕਿ੍ਰਕਟਰਾਂ ਨੂੰ ਸਾਡਾ ਪੂਰਾ ਸਹਿਯੋਗ ਦਿੱਤਾ ਜਾਵੇਗਾ। ਹੋਏ ਮੈਚਾਂ ਦੇ ਪਹਿਲੇ ਮੈਚ ’ਚ ਮਾਹੀ ਇਲੈਵਨ ਬਠਿੰਡਾ ਦਾ ਸਾਹਮਣਾ ਦਲ ਸਿੰਘ ਜੈਤੋ ਇਲੈਵਨ ਨਾਲ ਹੋਇਆ, ਜਿਸ ’ਚ ਰਾਜਬੀਰ ਸਿੰਘ ਦੀ ਸ਼ਾਨਦਾਰ ਬੱਲੇਬਾਜੀ ਸਦਕਾ ਜੈਤੋ ਦੀ ਟੀਮ ਨੇ 123 ਦੌੜਾਂ ਬਣਾਈਆਂ। ਜਵਾਬ ’ਚ ਬਠਿੰਡਾ ਦੀ ਟੀਮ ਦੀ ਸ਼ਰੂਆਤ ਚੰਗੀ ਨਹੀਂ ਰਹੀ, ਨੀਟਾ ਦੀਆਂ 40 ਦੌੜਾਂ ਤੋਂ ਇਲਾਵਾ ਕੋਈ ਵੀ ਬੱਲੇਬਾਜ ਵਿਕਟ ’ਤੇ ਟਿਕ ਨਹੀਂ ਸਕਿਆ ਅਤੇ ਪੂਰੀ ਟੀਮ 108 ਦੌੜਾਂ ’ਤੇ ਆਊਟ ਹੋ ਗਈ। ਦੂਜੇ ਮੈਚ ’ਚ ਕਿੰਗ ਆਫ ਸਪਾ ਗਗਨ ਇਲੈਵਨ ਕੋਟਕਪੂਰਾ ਦਾ ਸਾਹਮਣਾ ਕਿ੍ਰਕਟ ਐਸੋਸੀਏਸ਼ਨ ਫਾਜਲਿਕਾ ਦੀ ਨੌਜਵਾਨ ਟੀਮ ਨਾਲ ਹੋਇਆ। ਜਿਸ ’ਚ ਫਾਜਲਿਕਾ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 124 ਦੌੜਾਂ ਬਣਾਈਆਂ। ਇਸ ਦੇ ਜਵਾਬ ’ਚ ਗਗਨ ਇਲੈਵਨ ਦੀ ਸ਼ੁਰੂਆਤ ਖਰਾਬ ਰਹੀ ਅਤੇ ਬੱਲੇਬਾਜ ਰਵੀ, ਗਗਨ ਅਤੇ ਵਿਸ਼ੂ ਸ਼ਰਮਾ ਦੀਆਂ ਤੇਜ ਗੇਂਦਾਂ ਅੱਗੇ ਹਾਰਦੇ ਨਜਰ ਆਏ ਪਰ ਬਿੱਲਾ ਕੋਟਸੁਖੀਆ ਦੀਆਂ 66 ਦੌੜਾਂ ਦੀ ਪਾਰੀ ਨੇ ਗਗਨ ਇਲੈਵਨ ਨੂੰ ਜਿੱਤ ਦਿਵਾਈ। ਬਿੱਲਾ ਕੋਟਸੁਖੀਆ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ।