ਪਹੀਏ ਦੀ ਕਾਢ ਅਤੇ ਅੱਗ ਦੀ ਖ਼ੋਜ ਤੋਂ ਲੈਕੇ ਹੁਣ ਤੱਕ
ਵਿਗਿਆਨ ਦੁਆਰਾ ਕੀਤੀ ਅਥਾਂਹ ਤਰੱਕੀ ਨੇ ਮਨੁੱਖੀ ਜ਼ਿੰਦਗੀ ਨੂੰ ਜਿੰਨਾ ਸੌਖਾਲਾ ਅਤੇ ਆਰਾਮਦਾਇਕ ਬਣਾ ਦਿੱਤਾ ਹੈ ਉਸ ਤੋਂ ਕਿਤੇ ਵੱਧ ਮਨੁੱਖੀ ਜੀਵਨ ਅੱਗੇ ਚੁਣੌਤੀਆਂ ਪੇਸ਼ ਕੀਤੀਆਂ ਹਨ ਜਿਸ ਦੇ ਨਤੀਜੇ ਵਜੋਂ ਨਵੀਆਂ ਨਵੀਆਂ ਬਿਮਾਰੀਆਂ ਦਾ ਜਨਮ ਹੋਇਆ ਹੈ ਜਿਸ ਵਿੱਚੋਂ ਕਰੋਨਾ ਅਤੇ ਜੀਕਾ ਵਾਇਰਸ ਵਰਗੀਆਂ ਬਿਮਾਰੀਆਂ ਪ੍ਰਮੁੱਖ ਹਨ। ਤਕਨਾਲੋਜੀ ਨੇ ਮਨੁੱਖ ਵਰਗੇ ਹੀ ਹੋਰ ਮਨੁੱਖ ਬਣਾਉਣੇ ਸ਼ੁਰੂ ਕਰ ਦਿੱਤੇ ਹਨ ਫ਼ਰਕ ਬਸ ਇਹਨਾਂ ਹੈ ਕਿ ਉਹ ਥੱਕਦੇ ਨਹੀਂ, ਉਹਨਾਂ ਦੀਆਂ ਕੋਈ ਭਾਵਨਾਵਾਂ ਨਹੀਂ ਅਤੇ ਉਹਨਾਂ ਨੂੰ ਕੋਈ ਦਰਦ ਨਹੀਂ ਹੁੰਦਾ। ਇਹਨਾਂ ਮਸ਼ੀਨਾਂ ਨੂੰ ਰੋਬੋਟ ਦਾ ਨਾਂ ਦਿੱਤਾ ਗਿਆ ਹੈ ਜ਼ੋ ਮਨੁੱਖ ਦੁਆਰਾ ਦਿੱਤੀਆਂ ਕਮਾਂਡਾ ਜਾਂ ਹਿਦਾਇਤਾਂ ਅਨੁਸਾਰ ਕੰਮ ਕਰਦਾ ਹੈ।ਰੋਬੋਟ ਵਿਗਿਆਨ ਦੀਆਂ ਨਵੀਆਂ ਕਾਢਾਂ ਵਿੱਚੋਂ ਇੱਕ ਹੈ,ਜਿਸਦੀ ਵਰਤੋਂ ਦਿਨੋਂ ਦਿਨ ਵਧ ਰਹੀ ਹੈ।ਇਸ ਦੀ ਵਰਤੋਂ ਨਾਲ ਮੈਡੀਕਲ ਖ਼ੇਤਰ ਵਿੱਚ ਸਰਜਰੀ ਅਤੇ ਆਪ੍ਰੇਸ਼ਨ ਕੀਤੇ ਜਾ ਰਹੇ ਹਨ। ਨਵੀਆਂ ਨਵੀਆਂ ਖੋਜਾਂ ਅਤੇ ਪੁਲਾੜ ਵਿਗਿਆਨ ਵਿੱਚ ਵੀ ਰੋਬੋਟ ਦੀ ਵਰਤੋਂ ਕੀਤੀ ਜਾਂਦੀ ਹੈ। ਰੋਬੋਟ ਦੀ ਦਿਨੋਂ ਦਿਨ ਵਧ ਰਹੀ ਵਰਤੋਂ ਨਾਲ ਬੇਰੋਜ਼ਗਾਰੀ ਵਿੱਚ ਵਾਧਾ ਹੋਇਆ ਹੈ ਕਿਉਂਕਿ ਜ਼ੋ ਕੰਮ ਹਜ਼ਾਰਾਂ ਮਨੁੱਖਾਂ ਨੇ ਲੰਮੇ ਸਮੇਂ ਵਿੱਚ ਕਰਨਾ ਹੁੰਦਾ ਸੀ ਉਹ ਹੁਣ ਰੋਬੋਟ ਥੋੜੇ ਸਮੇਂ ਵਿੱਚ ਕਰ ਰਿਹਾ ਹੈ। ਰੋਬੋਟ ਦੀ ਵਧ ਰਹੀ ਵਰਤੋਂ ਮਨੁੱਖ ਲਈ ਜਾਨਲੇਵਾ ਸਾਬਤ ਹੋ ਰਹੀ ਹੈ। ਪਿਛਲੇ ਦਿਨੀਂ ਦੋ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਨੇ ਮਨੁੱਖ ਨੂੰ ਤਕਨਾਲੋਜੀ ਦੇ ਖਤਰਿਆਂ ਪ੍ਰਤੀ ਸੁਚੇਤ ਕਰ ਦਿੱਤਾ ਹੈ।ਪਹਿਲੀ ਘਟਨਾ ਬੌਲੀਵੁੱਡ ਅਦਾਕਾਰ ਰਸ਼ਮਿਕਾ ਮੰਦਾਨਾ ਨਾਲ ਵਾਪਰੀ ਜਿਸ ਵਿੱਚ ਡੀਪਫੇਕ ਦੀ ਮਦਦ ਨਾਲ ਉਸ ਦੀ ਨਕਲ਼ੀ ਤਰੀਕੇ ਨਾਲ ਬਣਾਈ ਅਸ਼ਲੀਲ ਵੀਡੀਓ ਸਾਹਮਣੇ ਆਈ ਹੈ।ਡੀਪਫੇਕ ਇੱਕ ਅਜਿਹੀ ਤਕਨੀਕ ਹੈ ਜਿਸ ਵਿੱਚ ਵਿਅਕਤੀ ਦੇ ਨਾਲ ਮਿਲਦੀ ਜੁਲਦੀ ਕਿਸੇ ਹੋਰ ਵਿਅਕਤੀ ਦੀ ਫੋਟੋ ਨਾਲ ਐਡਿਟ ਕਰ ਦਿੱਤਾ ਜਾਂਦਾ ਹੈ।ਇਹ ਸਾਰਾ ਕੁਝ ਏ ਆਈ ਤਕਨਾਲੋਜੀ ਦਾ ਹੀ ਹਿੱਸਾ ਹੈ।ਇਸ ਵੀਡਿਉ ਕਰਕੇ ਅਦਾਕਾਰਾ ਨੂੰ ਕਾਫੀ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ।ਦੂਜੀ ਘਟਨਾਂ ਦੱਖਣੀ ਕੋਰੀਆ ਦੀ ਹੈ ਜਿਥੇ ਇੱਕ ਪਲਾਂਟ ਵਿੱਚ ਲੱਗੇ ਰੋਬੋਟ ਵੱਲੋਂ ਮਜ਼ਦੂਰ ਦਾ ਕਤਲ ਕਰਨ ਦੀ ਘਟਨਾ ਸਾਹਮਣੇ ਆਈ ਹੈ। ਮਜ਼ਦੂਰ ਰੋਬੋਟ ਨੂੰ ਸਾਫ਼ ਕਰ ਰਿਹਾ ਸੀ, ਅਚਾਨਕ ਰੋਬੋਟ ਦੇ ਹੱਥਾਂ ਵਿੱਚ ਆਉਣ ਕਰਕੇ ਦੱਬਿਆ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ।ਇਹ ਇੱਕ ਵਿਲੱਖਣ ਤਰੀਕੇ ਨਾਲ ਹੋਈ ਮੌਤ ਹੈ। ਅਜਿਹੀਆਂ ਘਟਨਾਵਾਂ ਬਹੁਤ ਘੱਟ ਦੇਖਣ ਨੂੰ ਜਾਂ ਸੁਣਨ ਨੂੰ ਮਿਲਦੀਆਂ ਹਨ। ਤਕਨਾਲੋਜੀ ਨੇ ਮਨੁੱਖ ਨੂੰ ਆਰਾਮ ਦੇ ਨਾਲ਼ ਨਾਲ਼ ਕਈ ਸੰਕਟਾਂ ਨਾਲ ਵੀ ਰੂਬਰੂ ਕਰਵਾਇਆ ਹੈ।ਤਕਨਾਲੋਜੀ ਇੱਕ ਸਿੱਕੇ ਦੇ ਦੋ ਪਹਿਲੂਆਂ ਵਾਂਗ ਹੈ ਜਿਸਦੇ ਫਾਇਦੇ ਅਤੇ ਨੁਕਸਾਨ ਦੋਵੇਂ ਹਨ।ਇਸ ਲਈ ਤਕਨਾਲੋਜੀ ਦੀ ਵਰਤੋਂ ਸਮੇਂ ਸਾਵਧਾਨੀ ਰੱਖਣਾ ਬਹੁਤ ਜ਼ਰੂਰੀ ਹੈ। ਤਕਨਾਲੋਜੀ ਦੀ ਵਰਤੋਂ ਤੋਂ ਪਹਿਲਾਂ ਉਸ ਬਾਰੇ ਪੂਰੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਤਾਂ ਜ਼ੋ ਕਿਸੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜ਼ਿਲ੍ਹਾ-ਬਠਿੰਡਾ
7087367969