ਆਗੂਆਂ ਨੇ ਵੱਖ-ਵੱਖ ਕਿਸਮ ਦੇ ਲੋੜੀਂਦੇ ਬਜਟ ਤੁਰਤ ਜਾਰੀ ਕਰਨ ਦੀ ਕੀਤੀ ਮੰਗ
ਕੋਟਕਪੂਰਾ, 13 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿੱਤੀ ਸਾਲ 2024-25 ਦੀ ਅਜੇ ਪਹਿਲੀ ਤਿਮਾਹੀ ਹੀ ਲੰਘੀ ਹੈ ਅਤੇ ਤਿੰਨ ਤਿਮਾਹੀਆਂ ਅਜੇ ਬਾਕੀ ਪਈਆਂ ਹਨ। ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੇ ਵਿਸੇਸ ਤੌਰ ਤੇ ਸਿੱਖਿਆ ਵਿਭਾਗ ਪੰਜਾਬ ’ਚ ਆਪਣੇ ਮੁਲਾਜਮਾਂ ਦੀਆਂ ਤਨਖਾਹਾਂ, ਮੈਡੀਕਲ ਪ੍ਰਤੀ ਪੂਰਤੀ ਬਿੱਲਾਂ ਦੀਆਂ ਅਦਾਇਗੀਆਂ, ਦਫਤਰੀ ਖਰਚਿਆਂ ਲਈ ਵੱਖ-ਵੱਖ ਤਰਾਂ ਦੇ ਕੰਟਨਜੰਸੀ ਬਿੱਲਾਂ ਲਈ ਲੋਂੜੀਦਾ ਬਜਟ ਉਪਲਬਧ ਨਾ ਹੋਣ ਕਰਕੇ ਪੰਜਾਬ ਦੇ ਹਜਾਰਾਂ ਮੁਲਾਜਮ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀ ਦੇ ਦੌਰ ’ਚੋਂ ਦੀ ਗੁਜਰ ਰਹੇ ਹਨ। ਇਸ ਸਬੰਧ ’ਚ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ 1680 ਸੈਕਟਰ 22ਬੀ, ਚੰਡੀਗੜ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ, ਜਨਰਲ ਸਕੱਤਰ ਸੁਰਿੰਦਰ ਕੁਮਾਰ ਪੁਆਰੀ ਅਤੇ ਐਡੀਸ਼ਨਲ ਜਨਰਲ ਸਕੱਤਰ ਪ੍ਰੇਮ ਚਾਵਲਾ ਨੇ ਦੱਸਿਆ ਹੈ ਕਿ ਸਿੱਖਿਆ ਵਿਭਾਗ ਪੰਜਾਬ ਨੇ ਆਪਣੇ ਅਧਿਆਪਕਾਂ, ਮੁਲਾਜਮਾਂ ਅਤੇ ਪੈਨਸਨਰਾਂ ਦੇ ਮੈਡੀਕਲ ਪ੍ਰਤੀ ਪੂਰਤੀ ਬਿੱਲਾਂ ਦੀਆਂ ਅਦਾਇਗੀਆਂ ਲਈ ਵੱਖ-ਵੱਖ ਹੈਡਾਂ ’ਚੋਂ ਅਲਾਟ ਕੀਤਾ ਜਾਣ ਵਾਲਾ ਬਜਟ ਅਜੇ ਤੱਕ ਭੇਜਿਆ ਹੀ ਨਹੀਂ ਹੈ। ਇਸ ਕਰਕੇ ਅਧਿਆਪਕਾਂ, ਮੁਲਾਜਮਾਂ ਤੇ ਪੈਨਸ਼ਨਰਾਂ ਦੇ ਮੈਡੀਕਲ ਪ੍ਰਤੀ ਪੂਰਤੀ ਬਿੱਲ ਵੱਖ-ਵੱਖ ਦਫਤਰਾਂ ਵਿੱਚ ਰੁਲ ਰਹੇ ਹਨ। ਆਗੂਆਂ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਲਗਭਗ ਸਾਰੇ ਜਿਲਿਆਂ ’ਚ ਅਧਿਆਪਕਾਂ ਅਤੇ ਮੁਲਾਜਮਾਂ ਦੀਆਂ ਜੂਨ ਮਹੀਨਾਂ ਤੇ ਇਸ ਤੋਂ ਬਾਅਦ ਦੀਆਂ ਤਨਖਾਹਾਂ ਕਢਵਾਉਣ ਲਈ ਬਜਟ ਉਪਲਬਧ ਹੀ ਨਹੀਂ ਹੈ, ਜਦਕਿ ਜੂਨ ਮਹੀਨਾਂ ਅੱਧਾ ਬੀਤਣ ਵਾਲਾ ਹੈ। ਆਗੂਆਂ ਨੇ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਮੁਲਾਜਮਾਂ ਦੀਆਂ ਤਨਖਾਹਾਂ, ਮੈਡੀਕਲ ਬਿੱਲਾਂ ਲਈ ਅਤੇ ਪੈਨਸ਼ਨਰਾਂ ਦੇ ਮੈਡੀਕਲ ਪ੍ਰਤੀ ਪੂਰਤੀ ਬਿੱਲਾਂ ਲਈ ਬਜਟ ਤੁਰਤ ਸਾਰੇ ਜਿਲਿਆਂ ਅਤੇ ਡੀ.ਡੀ.ਓ. ਨੂੰ ਭੇਜਿਆ ਜਾਵੇ। ਇਸ ਤੋਂ ਇਲਾਵਾ ਆਗੂਆਂ ਨੇ ਸੇਵਾ ਮੁਕਤ ਹੋਏ ਮੁਲਾਜਮਾਂ ਅਤੇ ਪੈਨਸਨਰਾਂ ਦੇ ਜੀ.ਪੀ. ਫੰਡ ਬਿੱਲਾਂ ਦੀਆਂ ਅੰਤਿਮ ਅਦਾਇਗੀਆਂ ਜੋ ਮਹੀਨਾ ਮਈ ਤੋਂ ਖਜਾਨਾ ਦਫਤਰਾਂ ’ਚ ਬੰਦ ਪਈਆਂ ਹੋਣ ਕਾਰਨ ਸਬੰਧਤ ਪੈਨਸ਼ਨਰ ਕਾਫੀ ਵਿੱਤੀ ਅਤੇ ਮਾਨਸ਼ਿਕ ਪ੍ਰੇਸ਼ਾਨੀ ’ਚੋਂ ਦੀ ਲੰਘ ਰਹੇ ਹਨ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੀ ਪੀ ਫੰਡ ਦੀਆਂ ਅੰਤਿਮ ਅਦਾਇਗੀਆਂ ਤੁਰੰਤ ਕੀਤੀਆਂ ਜਾਣ।