ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਕਰਨ ਹਿੱਤ ਚਲਾਈ ਮੁਹਿੰਮ ਦੀ ਲੜੀ ਵਿੱਚ
ਸੰਗਰੂਰ 25 ਨਵੰਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਅਜ ਮਾਸਟਰ ਪਰਮਵੇਦ, ਸੀਤਾ ਰਾਮ, ਗੁਰਦੀਪ ਸਿੰਘ ਲਹਿਰਾ ਤੇ ਰਮੇਸ਼ ਕੁਮਾਰ ਆਧਾਰਿਤ ਤਰਕਸ਼ੀਲ ਟੀਮ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਵਾਨੀਗੜ੍ਹ ਗਰਲਜ਼ ਵਿਖੇ ਇਕ ਸਿਖਿਆਦਾਇਕ , ਭਾਵਪੂਰਤ ਤਰਕਸ਼ੀਲ ਪਰੋਗਰਾਮ ਦਿੱਤਾ । ਇੰਚਾਰਜ ਪ੍ਰਿੰਸੀਪਲ ਗੁਰਪ੍ਰਗਟ ਸਿੰਘ ਨੇ ਤਰਕਸ਼ੀਲ ਟੀਮ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਆਪਣੀ ਸੋਚ ਵਿਗਿਆਨਕ ਬਣਾਉਣ ਦਾ ਸੁਨੇਹਾ ਦਿੱਤਾ।ਇਸ ਮੌਕੇ ਤਰਕਸ਼ੀਲ ਆਗੂ ਮਾਸਟਰ ਪਰਮ ਵੇਦ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਅੰਧਵਿਸ਼ਵਾਸ਼ਾਂ,ਵਹਿਮਾਂ ਭਰਮਾਂ, ਲਾਈਲਗਤਾ ਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦਾ ਸੁਨੇਹਾ ਦਿੱਤਾ।ਉਨਾਂ ਕਿਹਾ ਕਿ ਵਿਗਿਆਨਕ ਸੂਝਬੂਝ ਤੇ ਨੈਤਿਕ ਕਦਰਾਂ ਕੀਮਤਾਂ ਅਪਣਾ ਕੇ ਆਪਣੀ ਸ਼ਖਸ਼ੀਅਤ ਨੂੰ ਵਿਕਸਤ ਕਰਨਾ ਚਾਹੀਦਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਹਿੰਮਤ, ਲਗਨ, ਲਗਾਤਾਰਤਾ ਦੇ ਨਾਲ ਕੀ,ਕਿਉਂ ਕਿਵੇਂ ਆਦਿ ਗੁਣ ਅਪਨਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਹਰ ਵਰਤਾਰੇ ਦੇ ਕਾਰਨ ਜਾਨਣਾ ਹੀ ਵਿਗਿਆਨਕ ਸੂਝ ਹੈ। ਉਨ੍ਹਾਂ ਕਿਹਾ ਕਿ ਕੁੱਝ ਬੇਅਰਥ ਤੇ ਵੇਲਾ ਵਿਹਾ ਚੁੱਕੀਆਂ ਰਸਮਾਂ ਸਾਡੇ ਸਮਾਜ ਵਿਚੋਂ ਖ਼ਤਮ ਹੋ ਚੁੱਕੀਆਂ ਤੇ ਬਾਕੀ ਰਹਿੰਦੀਆਂ ਗਲੀਆਂ ਸੜੀਆਂ ਫੋਕੀਆਂ ਰਸਮਾਂ ਵਿਚੋਂ ਅਜ ਦੀ ਪੀੜ੍ਹੀ ਨੂੰ ਆਜ਼ਾਦ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿਸੇ ਵਿਅਕਤੀ ਕੋਲ ਵੀ ਗੈਬੀ ਸ਼ਕਤੀ ਨਹੀਂ,ਸਭ ਲੋਕਾਂ ਨੂੰ ਭਰਮਜਾਲ ਵਿੱਚ ਪਾਕੇ ਆਰਥਿਕ, ਮਾਨਸਿਕ ਤੇ ਸਰੀਰਕ ਲੁੱਟ ਕਰਦੇ ਹਨ। ਉਨ੍ਹਾਂ ਅਖੌਤੀ ਸਿਆਣਿਆਂ ਦੇ ਫੈਲਾਏ ਭਰਮ ਜਾਲ ਵਿੱਚੋਂ ਨਿਕਲਣ ਦਾ ਪ੍ਰੇਰਨਾਦਾਇਕ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਪੂਰੀ ਦੁਨੀਆਂ ਵਿੱਚ ਭੂਤ ਪ੍ਰੇਤ ਨਾਮ ਦੀ ਕੋਈ ਚੀਜ਼ ਨਹੀਂ, ਅਗਿਆਨਤਾ ਵੱਸ ਡਰ ਹੈ ਜੋ ਸਾਨੂੰ ਅੰਧਵਿਸ਼ਵਾਸੀ ਬਣਾਉਂਦਾ ਹੈ।ਇਸ ਸਮੇਂ ਸੀਤਾ ਰਾਮ ਤੇ ਗੁਰਦੀਪ ਸਿੰਘ ਲਹਿਰਾ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਪੜ੍ਹੋ, ਵਿਚਾਰੋ ਤੇ ਅਮਲ ਕਰੋ ਨਾਮ ਦੀਆ ਵਿਗਿਆਨਕ ਚੇਤਨਾ ਵਿਕਸਤ ਕਰਨ ਵਾਲੀਆਂ ਦੋਵਰਕੀਆਂ ਤੇ ਵਿਗਿਆਨਕ ਵਿਚਾਰਾਂ ਵਾਲਾ ਸਾਹਿਤ ਵੰਡਿਆ। ਤਰਕਸ਼ੀਲਾਂ ਨੇ ਕੁੱਝ ਬੱਚਿਆਂ ਦੇ ਕੁੱਝ ਸ਼ੰਕਿਆਂ ਦੀ ਨਵਿਰਤੀ ਵੀ ਕੀਤੀ
ਲੈਕਚਰਾਰ ਕਾਮਨੀ ਤੇ ਨਵਕਿਰਨ ਨੇ ਮੰਚ ਸੰਚਾਲਨ ਕੀਤਾ ਤੇ ਉਨਾਂ ਵਿਗਿਆਨਕ ਵਿਚਾਰ ਅਪਨਾਉਣ ਦਾ ਸੁਨੇਹਾ ਲੈ ਕੇ ਵਿਦਿਆਰਥੀਆਂ ਦੇ ਰੂ- ਬ -ਰੂ ਹੋਣ ਲਈ ਤਰਕਸ਼ੀਲ ਟੀਮ ਦਾ ਧੰਨਵਾਦ ਕੀਤਾ ।
ਸਮਾਗਮ ਵਿੱਚ ਉਪਰੋਕਤ ਤੋਂ ਇਲਾਵਾ ਰੋਸ਼ਨ ਦਿਮਾਗ਼ ਰਾਜਕੁਮਾਰ, ਦਿਨੇਸ਼ ਕੁਮਾਰ, ਨਰਿੰਦਰ ਸਿੰਘ, ਸਤਿੰਦਰਪਾਲ ਸਿੰਘ, ਮਨਜੀਤ ਸਿੰਘ, ਹਰਵਿੰਦਰ ਪਾਲ, ਕੁਲਦੀਪਕ ਗਰਗ, ਸੁਖਦੀਪ ਕੌਰ, ਬਲਵਿੰਦਰ ਕੌਰ, ਕਮਲਜੀਤ ਕੌਰ, ਪ੍ਰਭਜੋਤ ਕੌਰ, ਅਨੀਤਾ, ਸਰਵਜੀਤ ਸੇਖੋਂ, ਰਮਨਦੀਪ ਕੌਰ, ਰਾਜਵੀਰ ਕੌਰ, ਰੂਬੀ, ਰੁਪਿੰਦਰ ਕੌਰ, ਦੀਪਇੰਦਰ ਕੌਰ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਭਾਵਪੂਰਤ ਰਿਹਾ ।
Leave a Comment
Your email address will not be published. Required fields are marked with *