ਸਰੀ, 27 ਮਾਰਚ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ ਸੁਸਾਇਟੀ ਕੈਨੇਡਾ ਅਤੇ ਈਸਟ ਇੰਡੀਆ ਡੀਫੈਂਸ ਕਮੇਟੀ ਵਲੋਂ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਅਵਤਾਰ ਪਾਸ਼ ਯਾਦਗਾਰੀ ਸ਼ਹੀਦੀ ਦਿਵਸ ਸਰੀ ਦੇ ਪ੍ਰੋਗਰੈਸਿਵ ਕਲਚਰਲ ਸੈਂਟਰ ਵਿਖੇ ਮਨਾਇਆ ਗਿਆ। ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਉੱਘੇ ਇਤਿਹਾਸਕਾਰ ਸੋਹਨ ਪੂੰਨੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਵੱਲੋਂ ਆਪਣੇ ਛੋਟੇ ਜਿਹੇ ਸਿਆਸੀ ਜੀਵਨ ਵਿੱਚ ਭਾਰਤ ਦੀ ਜੰਗੇ-ਆਜ਼ਾਦੀ ਲਈ ਕੀਤੇ ਲਾ-ਮਿਸਾਲ ਕਾਰਨਾਮਿਆਂ ਸਦਕਾ ਉਸ ਦਾ ਨਾਮ ਵਿਸ਼ਵ ਦੇ ਸਿਰਕੱਢ ਇਨਕਲਾਬੀਆਂ ਵਿੱਚ ਸ਼ੁਮਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ, ਨਹਿਰੂ ਅਤੇ ਜਿਨਾਹ ਨੂੰ ਪੂਰਨ ਆਜ਼ਾਦੀ ਦੀ ਮੰਗ ਕਰਨ ਲਈ ਭਗਤ ਸਿੰਘ ਅਤੇ ਬੀ ਕੇ ਦੱਤ ਦੇ ਅਸੰਬਲੀ ਵਿੱਚ ਬੰਬ ਸੁੱਟਣ ਦੀ ਕਾਰਵਾਈ ਨੇ ਮਜਬੂਰ ਕੀਤਾ। ਇਸ ਤੋਂ ਪਹਿਲਾਂ ਉਹ ਵੱਧ ਅਧਿਕਾਰਾਂ ਅਤੇ ਖ਼ੁਦ-ਮੁਖ਼ਤਾਰੀ ਦੀ ਮੰਗ ਤੱਕ ਸੀਮਤ ਸਨ। ਸਮਾਜਵਾਦ ਦਾ ਸੰਕਲਪ ਵੀ ਭਾਰਤ ਵਿੱਚ ਪਹਿਲੀ ਵਾਰ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਲਿਆਂਦਾ ਸੀ।
ਡਾ. ਸਾਧੂ ਬਨਿੰਗ ਨੇ ਸ਼ਹੀਦ ਭਗਤ ਸਿੰਘ ਦੀ ਤੀਖਣ ਇਨਕਲਾਬੀ ਸਮਝ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਕੂਲ ਵਿਚ ਪੜ੍ਹਦਿਆਂ ਹੀ ਉਸ ਵੱਲੋਂ ਬੋਲੀ ਨੂੰ ਲੈ ਕੇ ਲਿਖਿਆ ਲੇਖ ਕਮਾਲ ਦਾ ਹੈ। ਬਾਅਦ ਵਿੱਚ ਜੇਲ ਵਿਚ ‘ਮੈਂ ਨਾਸਤਿਕ ਕਿਉਂ ਹਾਂ’ ਉਸ ਦੀ ਦਲੀਲ ਭਰਪੂਰ ਲੇਖਣੀ ਦੀ ਸਿਖਰ ਹੈ। ਉਨਾਂ ਡਾ. ਹਰਜੋਤ ਓਬਰਾਏ ਦੇ ਅੰਗਰੇਜ਼ੀ ਵਿਚ ਲਿਖੇ ਲੇਖ ਦਾ ਹਵਾਲਾ ਦਿੱਤਾ, ਜਿਸ ਵਿਚ ਸ਼ਹੀਦ ਭਗਤ ਸਿੰਘ ਵੱਲੋਂ ਪੜ੍ਹੇ ਗਏ ਕਮਿਊਨਿਸਟ ਅਤੇ ਵਿਸ਼ਵ ਦੇ ਕਲਾਸਕੀ ਸਾਹਿਤ ਦਾ ਜ਼ਿਕਰ ਹੈ। ਸਾਧੂ ਬਿਨਿੰਗ ਨੇ ਭਾਰਤ ਵਿੱਚ ਸਿਰ ਚੁੱਕ ਰਹੇ ਫਾਸ਼ੀਵਾਦੀ ਰੁਝਾਣ ਅਤੇ ਧਾਰਮਿਕ ਕੱਟੜਤਾ ਦੇ ਖ਼ਤਰਿਆਂ ਤੋਂ ਸੁਚੇਤ ਕਰਦਿਆਂ ਇਨ੍ਹਾਂ ਵਿਰੁੱਧ ਲੜਾਈ ਲੜਨ ਲਈ ਭਗਤ ਸਿੰਘ ਦੀਆਂ ਲਿਖਤਾਂ ਤੋਂ ਸੇਧ ਲੈਣ ਦੀ ਗੱਲ ਕੀਤੀ।
ਈਸਟ ਇੰਡੀਆ ਡੀਫੈਂਸ ਕਮੇਟੀ ਦੇ ਜਰਨਲ ਸਕੱਤਰ ਕਿਰਪਾਲ ਬੈਂਸ ਨੇ ਕਿਹਾ ਕਿ ਭਗਤ ਸਿੰਘ ਨੇ ਲੁੱਟ ਖੋਹ ਵਾਲੇ ਰਾਜਤੰਤਰ ਨੂੰ ਨਹਿਸ ਕਰਕੇ ਸਮਾਜਵਾਦ ਦੀ ਉਸਾਰੀ ਦਾ ਨਾਹਰਾ ਬੁਲੰਦ ਕੀਤਾ। ਉਨ੍ਹਾਂ ਕਿਹਾ ਕਿ ਭਗਤ ਸਿੰਘ ਨੇ ਸਮਾਜਵਾਦ ਦੀ ਉਸਾਰੀ ਲਈ ਜਨਤਕ ਜਥੇਬੰਦੀਆਂ ਬਣਾਉਣ ਅਤੇ ਜਮਾਤੀ ਸੰਘਰਸ਼ ਨੂੰ ਪ੍ਰਚੰਡ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਕਿਰਪਾਲ ਬੈਂਸ ਨੇ ਪਾਸ਼ ਦੀ ਕਵਿਤਾ ‘ਤੂਫਾਨਾਂ ਕਦੇ ਮਾਤ ਨਹੀਂ ਖਾਧੀ’ ਪੜ੍ਹ ਕੇ ਸ਼ਹੀਦ ਅਵਤਾਰ ਪਾਸ਼ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਤਰਕਸ਼ੀਲ ਸੁਸਾਇਟੀ ਸਰੀ-ਵੈਨਕੂਵਰ ਦੇ ਜਰਨਲ ਸਕੱਤਰ ਗੁਰਮੇਲ ਗਿੱਲ ਨੇ ਸ਼ਹੀਦ ਭਗਤ ਸਿੰਘ ਨੂੰ ਭਾਰਤ ਵਿੱਚ ਤਰਕਸ਼ੀਲ ਲਹਿਰ ਦਾ ਮੋਢੀ ਕਰਾਰ ਦਿੱਤਾ। ਉਨ੍ਹਾਂ ਦਲੀਲਾਂ ਦੇ ਕੇ ਪਦਾਰਥਵਾਦ ਅਤੇ ਅਧਿਆਤਮਵਾਦ ਫਲਸਫਿਆਂ ਦਾ ਵਖਰੇਵਾਂ ਕਰਦਿਆਂ ਵਿਗਿਆਨ ਅਧਾਰਤ ਸੋਚ ਨੂੰ ਅਪਨਾਉਣ ਦੀ ਗੱਲ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਵਿਚ ਤਰਕਸ਼ੀਲ ਸੁਸਾਇਟੀ ਦੇ ਕੌਮੀ ਪ੍ਰਧਾਨ ਅਵਤਾਰ ਬਾਈ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀਆਂ ਲਿਖਤਾਂ ਦੀ ਮਹੱਤਤਾ ਹੋਰ ਵੱਧ ਜਾਂਦੀ ਹੈ। ਉਨ੍ਹਾਂ ਪੰਜਾਬ ਵਿੱਚ ਕੁਝ ਹਲਕਿਆਂ ਵੱਲੋਂ ਸ਼ਹੀਦ ਭਗਤ ਸਿੰਘ ਬਾਰੇ ਭੰਬਲਭੂਸੇ ਖੜ੍ਹੇ ਕਰਨ ਦੀਆਂ ਬੇ-ਸਿਰ-ਪੈਰ ਸਾਜ਼ਿਸ਼ਾਂ ਦਾ ਮੂੰਹ ਤੋੜਵਾਂ ਜੁਆਬ ਦੇਣ ਦਾ ਸੱਦਾ ਦਿੱਤਾ। ਤਰਕਸ਼ੀਲ ਸੁਸਾਇਟੀ ਸਰੀ-ਵੈਨਕੂਵਰ ਦੇ ਪ੍ਰਧਾਨ ਜਸਵਿੰਦਰ ਹੇਅਰ ਨੇ ਪਾਸ਼ ਦਾ ਗੀਤ ‘ਸੋਨੇ ਦੀ ਸਵੇਰ ਜਦੋਂ ਆਊ ਹਾਣੀਆਂ- ਨੱਚੂਗਾ ਅੰਬਰ ਭੂਮੀ ਗਾਊ ਹਾਣੀਆਂ’ ਤਰੰਨੁਮ ਵਿੱਚ ਪੇਸ਼ ਕਰਦਿਆਂ ਕਿਹਾ ਕਿ ਪਾਸ਼ ਨੇ ਨਾ ਸਿਰਫ ਉੱਚਪਾਏ ਦੀ ਇਨਕਲਾਬੀ ਕਵਿਤਾ ਤੇ ਗੀਤਾਂ ਦੀ ਰਚਨਾ ਹੀ ਕੀਤੀ, ਸਗੋਂ ਉਸ ਨੇ ਵਾਰਤਕ ਅਤੇ ਤਾਰਾ ਵਿਗਿਆਨ ਬਾਰੇ ਲਿਖਤਾਂ ਨਾਲ ਉਸ ਨੇ ਜੋਤਿਸ਼ ਵਿਦਿਆ ਦੇ ਦਾਅਵਿਆਂ ਨੂੰ ਝੂਠ ਸਾਬਤ ਕੀਤਾ।
ਇੰਜ. ਸਤਵੰਤ ਦੀਪਕ ਨੇ ਪਾਸ਼ ਦੀ ਭਗਤ ਸਿੰਘ ਬਾਰੇ ਲਿਖਤ ਦਾ ਹਵਾਲਾ ਦਿੱਤਾ, ਜਿਸ ਵਿੱਚ ਪਾਸ਼ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਸੇਧ ਲੈਣ ਦੀ ਗੱਲ ਕਰਦਾ ਹੈ। ਸੁਖਵੰਤ ਹੁੰਦਲ ਨੇ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਨੂੰ ਨਵੀਨਤਮ ਮਾਸ-ਮੀਡੀਆ ਜੁਗਤਾਂ ਦੀ ਮਦਦ ਨਾਲ ਹੋਰ ਵਧੇਰੇ ਲੋਕਾਂ ਤੱਕ ਪਹੁੰਚਾਣ ਦਾ ਸੁਝਾਅ ਦਿੱਤਾ।
ਸਮੁੱਚੇ ਸਮਾਗਮ ਦੌਰਾਨ ਮੰਚ ਸੰਚਾਲਨ ਦਾ ਕਾਰਜ ਤਰਕਸ਼ੀਲ ਸੁਸਾਇਟੀ ਐਬਟਸਫੋਰਡ-ਮਿਸ਼ਨ ਦੇ ਜਰਨਲ ਸਕੱਤਰ ਸੁਰਿੰਦਰ ਚਾਹਲ ਨੇ ਨਿਭਾਇਆ।
Leave a Comment
Your email address will not be published. Required fields are marked with *