ਪੂਰੀ ਰਾਤ ਬੇਚੈਨੀ ਨਾਲ ਉਸਲਵੱਟੇ ਭੰਨਦਿਆ ਲੰਘੀ। ਕਿੰਨੀ ਵਾਰ ਦਿਲੋ ਦਿਮਾਗ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਖ਼ਿਆਲ ਸੀ ਕਿ ਪਿੱਛਾ ਹੀ ਨਹੀਂ ਸੀ ਛੱਡਦੇ। ਕਦੇ ਕਦੇ ਉਸਦਾ ਕੋਈ ਤਸਵਰ ਸਾਹਮਣੇ ਆ ਖਲੋਂਦਾ ਤੇ ਗੱਲਾਂ ਕਰਨ ਲੱਗਦਾ ਜਦੋਂ ਅਭੜਵਾਹੇ ਜਿਹੇ ਉੱਠ ਕੇ ਫੜਨ ਦੀ ਕੋਸ਼ਿਸ਼ ਕਰਦਾ ਤਾਂ ਹਨੇਰੇ ਵਿੱਚ ਕਿਧਰੇ ਅਲੋਪ ਹੋ ਜਾਂਦਾ। ਬਸ ਇਸੇ ਤਰ੍ਹਾਂ ਕਦੇ ਖ਼ੁਦ ਨਾਲ ਕਦੇ ਉਸ ਨਾਲ ਗੱਲਾਂ ਕਰਦਿਆਂ ਸਾਰੀ ਰਾਤ ਲੰਘ ਗਈ ਕਿ ਉਹ ਮੈਨੂੰ ਕਿਉਂ ਨਹੀਂ ਮਿਲਿਆ? ਕਾਸ਼! ਉਹ ਮੈਨੂੰ ਮਿਲ ਗਿਆ ਹੁੰਦਾ। ਕਿੱਥੇ ਹੋਣਾ? ਕਿਵੇਂ ਹੋਣਾ? ਮੈਨੂੰ ਕਦੇ ਯਾਦ ਵੀ ਕਰਦਾ ਹੋਊ ਜਾਂ ਨਹੀਂ।
ਦੂਰ ਹੋਏ ਵੀ ਤਾਂ ਕੇਹੇ ਬੇਰੁਖੇ ਢੰਗ ਨਾਲ ਸੀ। ਇੱਕ ਆਖ਼ਰੀ ਵਾਰ ਉਹਦਾ ਹੱਥ ਫੜ ਅਲਵਿਦਾ ਕਹਿਣਾ ਵੀ ਨਸੀਬ ਨਾ ਹੋਇਆ। ਮੈਂ ਯਾਦਾਂ ਦੀ ਘੁੰਮਣ ਘੇਰੀ ਵਿੱਚੋਂ ਬਾਹਰ ਨਿਕਲਣਾ ਚਾਹੁੰਦਾ ਸੀ ਪਰ ਉਸਦੀਆਂ ਯਾਦਾਂ ਦਾ ਡੁੰਮ੍ਹ ਸੀ ਕਿ ਮੈਨੂੰ ਅੰਦਰੋਂ ਅੰਦਰ ਖਿੱਚੀ ਤੇ ਨਿਗਲੀ ਜਾ ਰਿਹਾ ਸੀ।
ਸੁਬ੍ਹਾ ਕੋਸ਼ਿਸ਼ ਕਰਨ ਤੇ ਵੀ ਮੰਜੀ ਚੋਂ ਉੱਠਣ ਨੂੰ ਦਿਲ ਨਹੀਂ ਸੀ ਕਰ ਰਿਹਾ। ਅੰਗ-ਅੰਗ ਦੁਖ ਰਿਹਾ ਸੀ ਜਿਵੇਂ ਪੂਰੀ ਰਾਤ ਕੋਈ ਲੰਮਾ ਘੋਲ਼ ਕੀਤਾ ਹੋਵੇ। ਇਸੇ ਲਈ ਅੱਜ ਦਫਤਰੋਂ ਛੁੱਟੀ ਲੈ ਲਈ ਸੀ। ਘਰ ਦਫ਼ਤਰ ਨਾ ਜਾਣ ਬਾਰੇ ਦੱਸ ਕੇ ਦੁਪਹਿਰੇ ਤੱਕ ਆਪੇ ਮੁੜ ਆਉਣ ਦਾ ਫੈਸਲਾ ਸੁਣਾ ਕੇ ਮੈਂ ਸੈਰ ਕਰਨ ਲਈ ਨਿਕਲ ਗਿਆ ਤਾਂ ਜੋ ਕੋਈ ਵਾਰ- ਵਾਰ ਫੋਨ ਕਰਕੇ ਪਰੇਸ਼ਾਨ ਨਾ ਕਰੇ ਮੈਂ ਕੁਝ ਹੋਰ ਸਮਾਂ ਉਹਦੀਆਂ ਯਾਦਾਂ ਸਨ ਬਿਤਾਉਣਾ ਚਾਹੁੰਦਾ ਸੀ।
ਉਹਦੀਆਂ ਯਾਦਾਂ ਸੰਗ ਵੱਟਾਂ ਉੱਤੇ ਲੰਮੀਆਂ ਵਾਟਾਂ ਤੁਰਦਿਆਂ ਤੁਰਦਾ ਗਿਆ ਤੇ ਆ ਕੇ ਉਸੇ ਮੋੜ ਕੋਲ ਬਣੇ ਉੱਚੇ ਟਿੱਬੇ ਤੇ ਜਾ ਬੈਠਾ ਜਿਥੋਂ ਸਾਡੀ ਇਹ ਦਰਦਾਂ ਭਰੀ ਮੁਹੱਬਤ ਕਹਾਣੀ ਸ਼ੁਰੂ ਹੋਈ ਸੀ ਕਦੀ ਇਸ ਟਿੱਬੇ ਤੇ ਵੀ ਪਿਆਰਾ ਵਾਂਗ ਬਹਾਰਾਂ ਦੀ ਰੰਗਤ ਹੁੰਦੀ ਸੀ। ਅੱਜ ਇਸ ਦੇ ਘਾਹ ਬੂਟੇ ਅੱਕ ਸਭ ਕੁਝ ਸੁੱਕਿਆ-ਸੁੱਕਿਆ ਹਰਾਸਿਆ ਤੇ ਮੁਰਝਾਇਆ ਪਿਆ ਸੀ ਬਿਲਕੁਲ ਸਾਡੀ ਮੁਹੱਬਤ ਵਾਂਗ।
ਮੈਂ ਨਸੂੜੇ ਦੀ ਰੁੱਖ ਨਾਲ ਢੋ ਲਾ ਕੇ ਬੈਠ ਗਿਆ। ਸੂਰਜ ਦੀ ਲੋਅ ਨੇ ਹੱਡ ਸੇਕਣੇ ਸ਼ੁਰੂ ਕਰ ਦਿੱਤੇ ਬਿਲਕੁਲ ਉਸਦੇ ਪਿਆਰ ਦੀਆਂ ਯਾਦਾਂ ਵਾਂਗ। ਅੱਖਾਂ ਬੰਦ ਕੀਤੀਆਂ ਤਾਂ ਮੈਂ ਸੱਤ ਸਾਲ ਪਿੱਛੇ ਖੜਾ ਸੀ ਜਿਸ ਦਿਨ ਉਸਨੂੰ ਮੈਂ ਪਹਿਲੀ ਵਾਰ ਦੇਖਿਆ ਸੀ ਇਸੇ ਮੋੜ ਤੇ ਪਹਿਲੀ ਵਾਰ ਉਸ ਦੀ ਸਾਈਕਲ ਤੋਂ ਬੜੀ ਮੁਸ਼ਕਿਲ ਨਾਲ ਪਾਸੇ ਹੋ ਕੇ ਮਸੀਂ ਬਚਿਆ ਸੀ ਉਸ ਪਿੱਛੇ ਮੁੜ ਕੇ ਪਿਆਰ ਭਰੀ ਸਹਿਮੀ ਨਜ਼ਰ ਨਾਲ ਤੱਕਿਆ ਤੇ ਮੈਂ ਵੀ ਕੁਝ ਕਹਿਣੋ ਰਿਹਾ। ਕੁਝ ਦਿਨ ਇਸੇ ਤਰ੍ਹਾਂ ਨਜ਼ਰਾਂ ਮਿਲਣ ਮਿਲਾਉਣ ਦਾ ਸਿਲਸਿਲਾ ਜਾਰੀ ਰਿਹਾ ਤੇ ਫਿਰ ਹੌਲੀ-ਹੌਲੀ ਗੱਲਬਾਤ ਸ਼ੁਰੂ ਹੋਈ। ਪਤਾ ਚੱਲਿਆ ਕਿ ਉਹ ਦੋਵੇਂ ਸਹੇਲੀਆਂ ਲਾਗਲੇ ਪਿੰਡ ਤੋਂ ਸਨ ਤੇ ਉਸਦਾ ਨਾਮ ਦੀਪੀ ਸੀ ਤੇ ਬਾਰਵੀਂ ਜਮਾਤ ਵਿੱਚ ਪੜਦੀਆਂ ਸਨ। ਉਹਨਾਂ ਦੇ ਐਨਾ ਸਾਜਰੇ ਸਕੂਲ ਆਉਣ ਦਾ ਕਾਰਨ ਪੁੱਛਣ ਤੇ ਦੱਸਿਆ ਕਿ ਉਹ ਪਹਿਲਾਂ ਟਿਊਸ਼ਨ ਜਾਂਦੀਆਂ ਹਨ ਤੇ ਫਿਰ ਸਕੂਲ।
“ਇਹ ਤੇ ਹੋਈ ਸਾਡੀ ਗੱਲ ਤੂੰ ਦੱਸ ਇਸ ਰਾਹ ਦੀ ਕੀ ਮਿਣਤੀ ਕਰਨ ਆਉਨੈ ਹਰ ਰੋਜ਼ ਵੀ ਸਾਡੇ ਲਈ ਪੱਕੀ ਸੜਕ ਬਣਵਾ ਕੇ ਦੇਵੇਂਗਾ।” ਉਸਦੀ ਸਹੇਲੀ ਨੇ ਮਸ਼ਕਰੀ ਨਾਲ ਆਖਿਆ। “ਪੱਕੀ ਸੜਕ ਵੀ ਬਣਵਾ ਦੇਵਾਂਗਾ ਤੁਸੀਂ ਇੱਕ ਵਾਰ ਹੁਕਮ ਤਾਂ ਕਰੋ।” ਮੈਂ ਮੋੜਵਾਂ ਜਵਾਬ ਦਿੰਦੇ ਹੋਏ ਬੋਲਿਆ। ਫਿਰ ਦੀਪੀ ਨੇ ਵਿੱਚੋਂ ਗੱਲ ਟੋਕਦੇ ਹੋਏ ਮੇਰੇ ਬਾਰੇ ਪੁੱਛਿਆ ਤਾਂ ਮੈਂ ਦੱਸਿਆ ਕਿ ਮੈਂ ਹੁਣੇ ਕਾਲਜ ਪੜ੍ਹਾਈ ਪੂਰੀ ਕੀਤੀ ਹੈ ਤੇ ਫਿਲਹਾਲ ਬੇਰੁਜ਼ਗਾਰਾਂ ਹਾਂ। ਇਹ ਨਿੱਕੀਆਂ ਨਿੱਕੀਆਂ ਗੱਲਾਂ ਅਤੇ ਨੋਕ ਝੋਕ ਦਾ ਸਿਲਸਿਲਾ ਕਈ ਦਿਨਾਂ ਤੱਕ ਚੱਲਦਾ ਰਿਹਾ ਤੇ ਅਸੀਂ ਇੱਕ ਦੂਸਰੇ ਨੂੰ ਪਸੰਦ ਕਰਨ ਲੱਗੇ ਇਹ ਫਿਜਾਵਾਂ ਖੁੱਲੀਆਂ ਹਵਾਵਾਂ ਅੱਕ, ਬੂਟੇ , ਝਾੜੀਆਂ ਸਭ ਸਾਡੀ ਪਾਕ ਮੁਹੱਬਤ ਦੀਆਂ ਗਵਾਹ ਬਣੀਆਂ। ਸਭ ਚੰਗਾ ਚੰਗਾ ਲੱਗਦਾ ਸੀ ਇਸ਼ਕ ਦਾ ਰੰਗ ਜਿਸ ਬਾਰੇ ਅੱਜ ਤੱਕ ਸੁਣਿਆ ਹੀ ਸੀ ਹੁਣ ਸਾਨੂੰ ਚੜਿਆ ਹੋਇਆ ਸੀ,ਉਹ ਵੀ ਪੂਰੇ ਜੋਬਨ ਤੇ। ਇਸੇ ਨਸੂੜੇ ਹੇਠ ਬੈਠ ਕੇ ਅਸੀਂ ਇਕੱਠਿਆਂ ਰੋਟੀ ਖਾਂਦੇ ਉਹ ਹਰ ਰੋਜ਼ ਮੇਰੇ ਲਈ ਕੁਝ ਨਾ ਕੁਝ ਲੈ ਕੇ ਆਉਂਦੀ ਤੇ ਅਸੀਂ ਅੰਤਾਂ ਦੀਆਂ ਗੱਲਾਂ ਕਰਦੇ ਜਾਗਦੇ ਹੋਏ ਅੱਖੀਆਂ ਨਾਲ ਸੁਪਨੇ ਸੰਜੋਦੇ ਆਪਣੇ ਚੰਗੇ ਭਵਿੱਖ ਦੀਆਂ ਕਾਮਨਾਵਾਂ ਕਰਦੇ ਤੇ ਇਹ ਨਸੂੜਾ ਸਾਡੇ ਉਸ ਹਰ ਪਲ ਦਾ ਗਵਾਹ ਹੈ ਤਾਹੀਓ ਇਸ ਨਸੂੜੇ ਨਾਲ ਮੈਨੂੰ ਅੰਤਾਂ ਦਾ ਮੋਹ ਹੈ ਇਸੇ ਕਰਕੇ ਜਦ ਕਦੇ ਵੀ ਯਾਦਾਂ ਦਾ ਹੜ ਬੇਕਾਬੂ ਹੁੰਦਾ ਹੈ ਤਾਂ ਇੱਥੇ ਆ ਕੇ ਬਹਿ ਜਾਂਦਾ ਇਸ ਦੇ ਦੁਆਲੇ ਪਾਣੀ ਪਾਉਣ ਲਈ ਬਣਾਈ ਬਣਾਇਆ ਟੋਆ ਵੀ ਹੁਣ ਲਗਭਗ ਮਿਟ ਚੁੱਕਾ ਹੈ। ਜਿਸ ਵਿੱਚ ਮੈਂ ਹਰ ਰੋਜ਼ ਪਾਣੀ ਪਾਉਂਦਾ ਸੀ ਕਿ ਕਿਤੇ ਸਾਡੀ ਇਹ ਪਿਆਰ ਨਿਸ਼ਾਨੀ ਮੁਰਝਾ ਨਾ ਆ ਜਾਵੇ। ਇਹ ਫਿਜ਼ਾਵਾਂ ਖੁੱਲੀਆਂ ਹਵਾਵਾਂ ਅੱਕ ਬੂਟੇ ਝਾੜੀਆਂ ਸਾਡੀ ਪਾਕ ਮੁਹੱਬਤ ਦੀਆਂ ਗਵਾਹ ਬਣੀਆਂ ਸਭ ਚੰਗਾ ਚੰਗਾ ਲੱਗਦਾ ਸੀ ਇਸ਼ਕ ਦਾ ਰੰਗ ਜਿਸ ਬਾਰੇ ਅੱਜ ਤੱਕ ਸੁਣਿਆ ਸੀ ਹੁਣ ਸਾਨੂੰ ਚੜਿਆ ਹੋਇਆ ਸੀ ਉਹ ਵੀ ਪੂਰੇ ਜੋਬਨ ਤੇ। ਰਾਤੀ ਸੌਣ ਤੋਂ ਪਹਿਲਾਂ ਸਵੇਰੇ ਜਾਗਣ ਦੀ ਜਲਦੀ ਹੁੰਦੀ ਕਿ ਕਦੋਂ ਇਹ ਚੰਦਰੀ ਰਾਤ ਗੁਜ਼ਰੇ ਤੇ ਸੱਜਣਾ ਦਾ ਦੀਦਾਰ ਹੋਵੇ।
ਪਰ ਅਚਾਨਕ ਇੱਕ ਦਿਨ ਗਰੀਬਾਂ ਦੀ ਕੁੱਲੀ ਤੇ ਝੁੱਲੇ ਤੂਫਾਨ ਵਾਂਗ ਇੱਕੋ ਝਟਕੇ ਵਿੱਚ ਮੇਰਾ ਸਭ ਕੁਝ ਲੁੱਟਿਆ ਗਿਆ ਇੱਕ ਦਿਨ ਉਸਦੇ ਮੁਰਝਾਏ-ਮੁਰਝਾਏ ਚਿਹਰੇ ਵੱਲ ਵੇਖ ਕੇ ਮੇਰਾ ਕਾਲਜਾ ਨਪੀੜਿਆ ਗਿਆ ਉਸ ਦੀਆਂ ਅੱਖਾਂ ਤੋਂ ਲੱਗਦਾ ਸੀ ਜਿਵੇਂ ਉਹ ਪੂਰੀ ਰਾਤ ਰੋਂਦੀ ਰਹੀ ਹੈ ਹੋਵੇ ਵਾਰ ਵਾਰ ਪੁੱਛਣ ਤੇ ਉਸ ਬੜੀ ਮੁਸ਼ਕਿਲ ਨਾਲ ਦੱਸਿਆ ਕਿ ਉਸਦੇ ਘਰਦਿਆਂ ਨੇ ਉਸ ਦਾ ਰਿਸ਼ਤਾ ਪੱਕਾ ਕਰ ਦਿੱਤਾ ਹ।ਉਹ ਬੜਾ ਰੋਈ ਕੁਰਲਾਈ ਪਰ ਉਸਦੀ ਕੋਈ ਪੇਸ਼ ਨਾ ਗਈ। ਗੱਲ ਸੁਣਦਿਆਂ ਹੀ ਮੇਰੀ ਖਾਨਓ ਗਈ। ਸਾਡਾ ਪਿਆਰ ਅਜੇ ਪੰਘੂੜਿਆਂ ਵਿੱਚ ਹੀ ਸੀ ਤੇ ਦੁੱਖਾਂ ਤੇ ਝੱਖੜਾਂ ਆ ਘੇਰਿਆ ਸੀ ਉਸ ਦੱਸਿਆ ਕਿ ਮੁੰਡਾ ਕੋਈ ਬਾਹਰੋਂ ਆਇਆ ਹੈ ਤੇ ਉਸਨੂੰ ਵੀ ਪੇਪਰਾਂ ਤੋਂ ਬਾਅਦ ਨਾਲ ਹੀ ਲੈ ਜਾਵੇਗਾ ਅਤੇ ਉਹਨਾਂ ਇਹ ਵੀ ਕਹਿ ਦਿੱਤੈ ਵੀ ਸਾਈਕਲ ਤੇ ਸਕੂਲ ਜਾਣ ਦੀ ਲੋੜ ਨਹੀਂ ਅੱਜ ਵੀ ਰੋਕਦੇ ਸੀ ਪਰ ਮੈਂ ਕਿਸੇ ਦੀ ਗੱਲ ਨਹੀਂ ਸੁਣੀ ਤੇ ਆ ਗਈ ਪਰ ਕੱਲ੍ਹ ਕਿਸੇ ਨੇ ਆਉਣ ਦੇਣਾ। ਹੁਣ ਸਿਰਫ਼ ਪੇਪਰ ਦੇਣ ਲਈ ਸਕੂਲ ਜਾਣ ਦੀ ਇਜਾਜ਼ਤ ਹੈ ਉਹ ਵੀ ਉਹ ਆਪ ਨਾਲ ਆ ਕੇ ਦਵਾਉਣਗੇ। ਪਰ ਮੈਂ …….. ਆਪਾਂ ………. ਮੇਰੇ ਕੋਲੋਂ ਕੁਝ ਵੀ ਬੋਲ ਨਹੀਂ ਸੀ ਹੋ ਰਿਹਾ। ਪਤਾ ਨਹੀਂ ਮੇਰੇ ਸ਼ਬਦ ਅਪਾਹਜ ਹੋ ਗਏ ਸੀ ਜਾਂ ਮੇਰੀ ਜੁਬਾਨ। ਇਹ ਸਭ ਕੁਝ ਜੋ ਹੋ ਰਿਹਾ ਸੀ ਮੇਰੀ ਸਮਝ ਤੋਂ ਬਾਹਰ ਸੀ। ਸਭ ਅਣ-ਕਿਆਸਿਆ ਜਿਸ ਦੀ ਕਦੇ ਮੈਂ ਕਲਪਨਾ ਵੀ ਨਹੀਂ ਕੀਤੀ ਸੀ । ਅਜੇ ਹੁਣੇ ਹੁਣੇ ਤਾਂ ਸਾਡੀ ਮੁਹੱਬਤ ਨੂੰ ਬੂਰ ਪੈਣ ਲੱਗਿਆ ਸੀ ਤੇ ਚੜ੍ਹਦੀ ਵਰੇਸ ਹੀ ਵਿਛੋੜਾ ਇਹ ਸਾਡੇ ਲਈ ਅਸਹਿ ਸੀ।
ਉਹ ਇਕਦਮ ਉੱਠੀ ਤੇ ਬੋਲੀ ਸ਼ਾਇਦ ਜ਼ਿੰਦਗੀ ਵਿੱਚ ਦੁਬਾਰਾ ਮੁਲਾਕਾਤ ਹੋਵੇ…… ਜੇ ਨਹੀਂ ਤਾਂ ਅਗਲੇ ਜਨਮ ਉਸ ਮੇਰਾ ਮੱਥਾ ਚੁੰਮਿਆ ਕੰਮ ਦੇ ਹੱਥਾਂ ਨਾਲ ਮੇਰੇ ਹੰਝੂ ਪੂੰਝੇ ਤੇ ਰੋਂਦੀ ਹੋਈ ਜਾਣ ਲੱਗੀ…… ਮੈਂ ਘੁੱਟ ਕੇ ਹੱਥ ਫੜ ਲਿਆ… ਪਰ ਬੋਲਿਆ ਕੁਝ ਨਾ ਗਿਆ..… ਮੇਰੀਆਂ ਹੰਝੂਆਂ ਭਰੀਆਂ ਅੱਖਾਂ ਉਸ ਨੂੰ ਨਾ ਜਾਣ ਦੇ ਵਾਸਤੇ ਪਾ ਰਹੀਆਂ ਸੀ। ਉਹ ਬਸ ਰੋਈ ਜਾ ਰਹੀ ਸੀ ਬੁੱਲਾਂ ਉੱਤੇ ਇੱਕ ਅਜੀਬ ਜਿਹੀ ਖਾਮੋਸ਼ੀ ਨਾਲ ਉਸ ਆਪਣਾ ਉਹ ਆਪਣਾ ਹੱਥ ਛੁਡਵਾ ਤੁਰਨ ਲੱਗੀ….।
ਓਏ ਕਿਵੇਂ ਆ ਮਜਨੂਆ…… ਅੱਜ ਬੜੇ ਚਿਰਾਂ ਬਾਅਦ ਗੇੜਾ ਮਾਰਿਐ…….. ਅਚਾਨਕ ਆਈ ਆਵਾਜ਼ ਨੇ ਮੈਨੂੰ ਸੁਪਨਿਆਂ ਦੀ ਸੰਸਾਰ ਚੋਂ ਸਿੱਧਾ ਧਰਤੀ ਤੇ ਆ ਪਟਕਿਆ। ਅੱਖਾਂ ਖੋਲ੍ਹੀਆਂ ਤਾਂ ਸਾਹਮਣੇ ਗੇਜਾ ਤੁਰਿਆ ਆਉਂਦਾ ਸੀ। ਗੇਜੇ ਦਾ ਖੇਤ ਇਸ ਮੋੜ ‘ਤੇ ਹੀ ਸੀ। ਉਸਨੂੰ ਸਾਡੀ ਲੱਗੀ ਟੁੱਟੀ ਦੀ ਸਾਰੀ ਖ਼ਬਰ ਸੀ। ਲੱਗਦੈ ਅੱਜ ਫਿਰ ਰਾਂਝੇ ਨੂੰ ਚੂਰੀਆਂ ਦੀ ਯਾਦ ਆਈਐ.. ਜਿਹੜਾ ਇਧਰ ਨੂੰ ਗੇੜਾ ਮਾਰਿਐ……। ਕਹਿੰਦਾ ਹੋਇਆ ਉਹ ਮੇਰੇ ਕੋਲ ਆ ਕੇ ਬੈਠ ਗਿਆ। ਬਸ ਯਾਰ ਕਦੇ ਕਦੇ ਜਜ਼ਬਾਤਾਂ ਅੱਗੇ ਜ਼ੋਰ ਨਹੀਂ ਚੱਲਦਾ ਤੇ ਪੈਰ ਆਪ ਮੁਹਾਰੇ ਇਧਰ ਨੂੰ ਮੁੜ ਆਉਂਦੇ ਨੇ ਬਾਕੀ ਤੇਰੇ ਕੋਲੋਂ ਕੀ ਲੁਕਿਆ ਤੈਨੂੰ ਤਾਂ ਪਤਾ ਹੀ ਹੈ ਸਭ ਕੁਝ ਉਹ ਤਾਂ ਤੇਰੀ ਗੱਲ ਠੀਕ ਹੈ । ਪਰ ਕਾਹਨੂੰ ਯਾਰ ਐਵੇਂ ਪੁਰਾਣੇ ਜਖਮ ਉਚੇੜਨ ਬੈਠ ਜਾਨੈ ਜੋ ਹੋਇਆ ਬੀਤਿਆ ਠੀਕ ਹੈ ਹੁਣ ਤੇ ਬੜਾ ਚਿਰ ਹੋ ਗਿਆ ਭੁੱਲ ਜਾ ਉਹਨੂੰ ਉਸ ਨਹੀਂ ਆਉਣਾ ਪਤਾ ਯਾਰ ਵੀ ਉਸ ਨਹੀਂ ਆਉਣਾ ਖੌਰੇ ਕਿਹੜੇ ਮੁਲਕ ਕਿਸ ਧਰਤੀ ਤੇ ਹੋਣੀ ਹੈ ਪਰ ਯਾਰ ਇਹ ਤਲਬ ਜਿਹੀ ਨਹੀਂ ਮਿਟਦੀ। ਇੱਕ ਵਾਰ ਉਸ ਨੂੰ ਵੇਖ ਲੈਣ ਦੀ ਇੱਕ ਖੋਹ ਜਿਹੀ ਪੈਂਦੀ ਰਹਿੰਦੀ ਹੈ। ਲੱਗਦੈ ਜਿਵੇਂ ਜ਼ਿੰਦਗੀ ਵਿੱਚ ਕੁਝ ਅਧੂਰਾਪਨ ਹੈ ਜੋ ਰਹਿ-ਰਹਿ ਕਿ ਸਤਾ ਰਿਹੈ। ਬਸ ਇਸੇ ਵਾਸਤੇ ਕਿ ਉਹ ਕਦੇ ਨਾ ਕਦੇ ਕਿਤੇ ਨਾ ਕਿਤੇ ਜਰੂਰ ਮਿਲ ਹੀ ਜਾਵੇਗੀ…….. ਇਸ ਦਿਲ ਨੂੰ ਦਿਲਾਸਾ ਦੇ ਲਈਦਾ……।
ਜ..ਦੀਪ ਸਿੰਘ ‘ਦੀਪ’
ਪਿੰਡ ਕੋਟੜਾ ਲਹਿਲ
ਜ਼ਿਲ੍ਹਾ ਸੰਗਰੂਰ
ਮੋਬਾ:98760-04714
Leave a Comment
Your email address will not be published. Required fields are marked with *