ਲੋਕਾਂ ਨੂੰ ਖੱਜਲ ਖੁਆਰ ਕਰਨ ਤੇ ਸਵਾਲ ਪੁੱਛਣ ‘ਤੇ ਤਹਿਸ਼ ਚ ਆਇਆ ਤਹਿਸੀਲਦਾਰ
ਸੰਗਤ ਮੰਡੀ, 1 ਮਾਰਚ(ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਬੀਤੇ ਰੋਜ਼ ਸਥਾਨਕ ਸਬ-ਤਹਿਸੀਲ ਸੰਗਤ ਵਿਖੇ ਪੱਤਰਕਾਰ ਵੱਲੋਂ ਤਹਿਸੀਲਦਾਰ ਨੂੰ ਸਵਾਲ ਪੁੱਛਣ ‘ਤੇ ਤਹਿਸੀਲਦਾਰ ਵੱਲੋਂ ਇੱਕ ਜ਼ਿੰਮੇਵਾਰ ਅਫ਼ਸਰ ਤੋਂ ਨਾ ਆਸ ਕੀਤਾ ਜਾਣ ਵਾਲ਼ਾ ਵਤੀਰਾ ਅਤੇ ਦੁਰਵਿਵਹਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਤਹਿਸੀਲਦਾਰ ਦੇ ਨਾ ਆਉਣ ਕਾਰਨ ਰਜਿਸਟਰੀਆਂ ਅਤੇ ਜ਼ਮੀਨ ਸਬੰਧੀ ਹੋਰ ਕੰਮ ਕਰਵਾਉਣ ਦੇ ਲਈ ਖੱਜਲ-ਖੁਆਰੀ ਸਾਹਮਣਾ ਕਰ ਰਹੇ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦ ਤੋਂ ਨਵੇਂ ਤਹਿਸੀਲਦਾਰ ਨੇ ਚਾਰਜ ਸੰਭਾਲਿਆ ਹੈ ਉਦੋਂ ਤੋਂ ਉਨ੍ਹਾਂ ਦੇ ਜ਼ਮੀਨ ਸਬੰਧੀ ਕੰਮਕਾਜ਼ ਲਟਕੇ ਹੋਏ ਹਨ।ਉਨ੍ਹਾਂ ਨੂੰ ਨਿੱਤ ਆਪਣੇ ਜ਼ਰੂਰੀ ਕੰਮ-ਧੰਦੇ ਛੱਡ ਕੇ ਸਵੇਰ ਤੋਂ ਸ਼ਾਮ ਤੱਕ ਉਡੀਕ ਕਰਦਿਆਂ ਓਵੇਂ ਹੀ ਨਿਰਾਸ਼ ਵਾਪਸ ਮੁੜਨਾ ਪੈਂਦਾ ਹੈ।ਇਸ ਸਬੰਧੀ ਜਦ ਤਹਿਸੀਲਦਾਰ ਦੇ ਪਹੁੰਚਣ ‘ਤੇ ਪੱਤਰਕਾਰ ਵੱਲੋਂ ਬੜੇ ਨਿਮਰ ਲਹਿਜੇ ਅਤੇ ਸਲੀਕੇ ਨਾਲ਼ ਕਾਰਨ ਜਾਨਣਾ ਚਾਹਿਆ ਤਾਂ ਤਹਿਸੀਲਦਾਰ ਸਾਹਬ ਨੇ ਬੁਰਾ ਸਲੂਕ ਕਰਦਿਆਂ ਪੱਤਰਕਾਰ ਨੂੰ ਜ਼ਲੀਲ ਕਰਨ ਦੇ ਇਰਾਦੇ ਨਾਲ਼ ਉਨ੍ਹਾਂ ਦੇ ਸਵਾਲ ਦਾ ਜਵਾਬ ਦੇਣ ਦੀ ਬਜਾਏ ਉੱਚੀ-ਉੱਚੀ ਬੋਲਣਾ ਸ਼ੁਰੂ ਕਰ ਦਿੱਤਾ।ਇਸ ਦੇ ਬਾਵਜੂਦ ਵੀ ਪੱਤਰਕਾਰ ਨੇ ਬੜੇ ਸਹਿਜ ਨਾਲ਼ ਉਨ੍ਹਾਂ ਨਾਲ਼ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਹਬ ਆਪਣੀ ਤੈਸ਼ ‘ਚ ਕਿੰਨਾ ਸਮਾਂ ਬੋਲਦੇ ਰਹੇ।ਪੱਤਰਕਾਰ ਨੇ ਕਿਹਾ ਕਿ ਇੱਕ ਜ਼ਿੰਮੇਵਾਰ ਅਫ਼ਸਰ ਦਾ ਇਸ ਤਰ੍ਹਾਂ ਬੋਲਣ ਦਾ ਲਹਿਜਾ ਬਿਲਕੁੱਲ ਵੀ ਚੰਗਾ ਨਹੀਂ ਹੈ।ਉਨ੍ਹਾਂ ਅੱਗੇ ਕਿਹਾ ਕਿ ਜੇਕਰ ਉਹ ਇੱਕ ਪੱਤਰਕਾਰ ਨਾਲ਼ ਇਸ ਤਰ੍ਹਾਂ ਗੱਲ ਕਰਦੇ ਹਨ ਤਾਂ ਆਮ ਲੋਕਾਂ ਨਾਲ਼ ਉਹ ਕਿਸ ਤਰ੍ਹਾਂ ਵਿਚਰਦੇ ਹੋਣਗੇ।ਉਨ੍ਹਾਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ ਅਤੇ ਮੁੱਖ ਮੰਤਰੀ ਪੰਜਾਬ ਨੂੰ ਇਸ ਤਰ੍ਹਾਂ ਦੇ ਅਫ਼ਸਰਾਂ ਦੀਆਂ ਸੇਵਾਵਾਂ ਸਮੇਂ ਸਿਰ ਅਤੇ
ਨਿਯਮਾਂ ਅਨੁਸਾਰ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ।
ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ‘ਤੇ ਚੁੱਕੇ ਸਵਾਲ
ਪੱਤਰਕਾਰ ਭਾਈਚਾਰੇ ਨੇ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਸ਼ੁਰੂ ਕੀਤੇ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ‘ਤੇ ਸਵਾਲ਼ ਚੁੱਕਦਿਆਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੀਆਂ ਸੇਵਾਵਾਂ ਘਰ-ਘਰ ਪਹੁੰਚਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਦੂਜੇ ਪਾਸੇ ਸਰਕਾਰੀ ਦਫ਼ਤਰਾਂ ‘ਚ ਜਾ ਕੇ ਵੀ ਲੋਕ ਆਪਣੇ ਕੰਮ ਕਰਵਾਉਣ ਲਈ ਖੱਜਲ਼-ਖੁਆਰ ਹੋ ਰਹੇ ਹਨ।ਇੱਕ ਪਾਸੇ ਕਿਸਾਨ ਹੱਦਾਂ ‘ਤੇ ਆਪਣੇ ਹੱਕ ਲੈਣ ਲਈ ਤਸ਼ੱਦਦ ਦਾ ਸਾਹਮਣਾ ਕਰ ਰਹੇ ਹਨ ਦੂਜੇ ਪਾਸੇ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਕੇ ਸਰਕਾਰ ਦੀ ਨਕਾਮੀ ਨੂੰ ਦਰਸਾਉਂਦਾ ਹੈ।
ਪੱਤਰਕਾਰਾਂ ਵੱਲੋ ਪੱਤਰਕਾਰ ਨਾਲ ਤਹਿਸੀਲਦਾਰ ਦੇ ਇਸ ਵਿਵਹਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ।ਉਨ੍ਹਾਂ ਨੇ ਕਿਹਾ ਕਿ ਇੱਕ ਜ਼ਿੰਮੇਵਾਰ ਅਫ਼ਸਰ ਵੱਲੋਂ ਪੱਤਰਕਾਰ ਸਾਥੀ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਣਾ ਨਿੰਦਣਯੋਗ ਹੈ।ਉਨ੍ਹਾਂ ਕਿਹਾ ਕਿ ਪੱਤਰਕਾਰ ਦੇਸ਼ ਦਾ ਚੌਥਾ ਥੰਮ ਹੁੰਦੇ ਹਨ ਅਤੇ ਸਵਾਲ ਪੁੱਛਣਾ ਉਨ੍ਹਾਂ ਦਾ ਬੁਨਿਆਦੀ ਹੱਕ ਹੈ।ਉਨ੍ਹਾਂ ਕਿਹਾ ਕਿ ਸਬੰਧਿਤ ਅਧਿਕਾਰੀ ਵੱਲੋਂ ਆਪਣੀ ਗਲਤੀ ਨਾ ਮੰਨਣ ਤੱਕ ਸਮੁੱਚਾ ਪੱਤਰਕਾਰ ਭਾਈਚਾਰਾ ਆਪਣੇ ਸਾਥੀ ਨਾਲ਼ ਡਟ ਕੇ ਖੜਾ ਰਹੇਗਾ।
ਇਸ ਸਬੰਧੀ ਜਦ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਨਾਲ਼ ਫੋਨ ‘ਤੇ ਗੱਲ ਕੀਤੀ ਤਾਂ ਉਨ੍ਹਾਂ ਇਸ ਨੂੰ ਬਹੁਤ ਮਾੜੀ ਘਟਨਾ ਦੱਸਿਆ ਅਤੇ ਕਿਹਾ ਕਿ ਕੋਈ ਵੀ ਅਫ਼ਸਰ ਹੋਵੇ ਉਹ ਲੋਕਾਂ ਦਾ ਸੇਵਾਦਾਰ ਹੁੰਦਾ ਹੈ ਇਸ ਲਈ ਉਸ ਨੂੰ ਉਨ੍ਹਾਂ ਨਾਲ਼ ਪਿਆਰ ਤੇ ਸਦਭਾਵਨਾ ਨਾਲ਼ ਪੇਸ਼ ਆਉਣਾ ਚਾਹੀਦਾ ਹੈ।
ਇਸ ਸਬੰਧੀ ਜਦ ਤਹਿਸੀਲਦਾਰ ਦਾ ਪੱਖ ਲੈਣਾ ਚਾਹਿਆ ਤਾਂ ਕਾਫ਼ੀ ਸਮੇਂ ਬਾਅਦ ਫ਼ੋਨ ਚੁੱਕਣ ਮਗਰੋਂ ਉਨ੍ਹਾਂ ਕਿਹਾ ਕਿ ਮੈਨੂੰ ਪਤਾ ਨਹੀਂ ਸੀ ਕਿ ਉਹ ਪੱਤਰਕਾਰ ਹਨ,ਅੱਗੇ ਤੋਂ ਮੈਂ ਧਿਆਨ ਰੱਖਾਂਗਾ।ਪਰ ਇਥੇ ਸਵਾਲ ਇਹ ਉੱਠਦਾ ਹੈ ਕਿ ਪੱਤਰਕਾਰਾਂ ਤੋਂ ਬਿਨਾਂ ਜੇਕਰ ਕੋਈ ਜਾਂਦਾ ਹੈ ਤਾਂ ਕੀ ਉਸ ਨਾਲ਼ ਇਸ ਤਰ੍ਹਾਂ ਦਾ ਹੀ ਵਿਵਹਾਰ ਕੀਤਾ ਜਾਣਾ ਜਾਇਜ ਹੈ।