ਸ਼ਬਦ ਗਾਇਨ, ਕਵਿਤਾਵਾਂ, ਪੋਸਟਰ ਮੁਕਾਬਲੇ ਅਤੇ ਭਾਸ਼ਣ ਦਾ ਕੀਤਾ ਗਿਆ ਉਚਾਰਨ
ਕੋਟਕਪੂਰਾ, 23 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਤਾਜ ਪਬਲਿਕ ਸਕੂਲ, ਜੰਡ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਅਤੇ ਵੱਡੇ ਫਰਜ਼ੰਦਾਂ ਵੱਲੋਂ ਦੇਸ਼ ਕੌਮ ਦੀ ਖਾਤਰ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਹਫਤੇ ਨੂੰ ਸਫ਼ਰ-ਏ-ਸ਼ਹਾਦਤ (ਸ਼ਹੀਦੀ ਹਫ਼ਤੇ) ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਸਮਾਗਮ ‘ਚ ਪਹਿਲੀ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਬੱਚਿਆਂ ਨੇ ਆਪਣੀ ਵਾਰੀ ਅਨੁਸਾਰ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ। ਬੱਚਿਆਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਅਤੇ ਚਮਕੌਰ ਗੜ੍ਹੀ ਨਾਲ ਸਬੰਧਿਤ ਸ਼ਬਦ ਗਾਇਨ, ਕਵਿਤਾਵਾਂ, ਪੋਸਟਰ ਮੁਕਾਬਲੇ ਅਤੇ ਭਾਸ਼ਣ ਦਾ ਉਚਾਰਨ ਕੀਤਾ ਗਿਆ। ਕੁਝ ਬੱਚਿਆਂ ਵੱਲੋਂ ਗੀਤ “ਵੇਲਾ ਆ ਗਿਆ” ਦੀ ਪੇਸ਼ਕਾਰੀ ਨਾਲ ਸਾਹਿਬਜਾਦਿਆਂ ਨੂੰ ਯਾਦ ਕਰਦਿਆਂ ਸਭ ਨੂੰ ਭਾਵੁਕ ਕਰ ਦਿੱਤਾ। ਬੱਚਿਆਂ ਨੇ ਵੱਡੇ ਸਾਹਿਬਜਾਦਿਆਂ ਦੀ ਸਹੀਦੀ, ਸਰਸਾ ਨਦੀ ਤੇ ਵਿਛੋੜਾ, ਗੁਰੂ ਗੋਬਿੰਦ ਸਿੰਘ ਜੀ ਦੀ ਚਮਕੌਰ ਸਾਹਿਬ ਦੀ ਗੜ੍ਹੀ ਛੱਡ ਕੇ ਜਾਣਾ, ਇਹ ਸਾਰਾ ਇਤਿਹਾਸ ਦੁਹਰਾਇਆ ਗਿਆ। ਅੰਤ ਪ੍ਰਿੰਸੀਪਲ ਡਾ. ਰਜਿੰਦਰ ਕਸ਼ਯਪ ਨੇ ਇਸ ਧਾਰਮਿਕ ਸਮਾਗਮ ਨੂੰ ਉਲੀਕਣ ਵਾਲੇ ਅਧਿਆਪਕ ਸਹਿਬਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੁਝ ਕਰਮ ਅਤੇ ਕਰਤੱਵ ਐਨੇ ਡੂੰਘੇ ਹੁੰਦੇ ਹਨ ਕਿ ਉਹ ਇਤਿਹਾਸ ਨੂੰ ਬਦਲ ਕੇ ਰੱਖ ਦਿੰਦੇ ਹਨ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ ਦੀ ਸਹਾਦਤ ਅਜਿਹੀ ਹੀ ਹੈ। ਇਸ ਧਾਰਮਿਕ ਸਮਾਗਮ ਮੌਕੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ, ਜਗਮੀਤ ਸਿੰਘ ਸੰਧੂ, ਚੇਅਰਪਰਸਨ ਮੈਡਮ ਰਮਨਦੀਪ ਕੌਰ, ਮੈਡਮ ਸ਼ਮਨਪ੍ਰੀਤ ਕੌਰ ਅਤੇ ਸਕੂਲ ਪ੍ਰਿੰਸੀਪਲ ਡਾ. ਰਾਜਿੰਦਰ ਕਸ਼ਯਪ ਅਤੇ ਸਮੂਹ ਸਟਾਫ ਵੀ ਹਾਜ਼ਰ ਸੀ।
Leave a Comment
Your email address will not be published. Required fields are marked with *