ਗੁਰਚਰਨ ਸਿੰਘ ਸਾਬਕਾ ਡਾਇਰੈਕਟਰ ਦਸਮੇਸ਼ ਗਰੁੱਪ ਆਫ ਇੰਸਟੀਚਿਉਟ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ
ਫਰੀਦਕੋਟ, 26 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਜਿਲਾ ਫਰੀਦਕੋਟ ਦੇ ਪਿੰਡ ਜੰਡ ਸਾਹਿਬ ਵਿਖੇ ਸਥਿੱਤ ਤਾਜ ਪਬਲਿਕ ਸਕੂਲ ’ਚ ਸਲਾਨਾ ਇਨਾਮ ਵੰਡ ਸਮਾਗਮ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ’ਚ ਗੁਰਚਰਨ ਸਿੰਘ ਸਾਬਕਾ ਡਾਇਰੈਕਟਰ ਦਸਮੇਸ਼ ਗਰੁੱਪ ਆਫ ਇੰਸਟੀਚਿਉਟ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਧਰਮਵੀਰ ਸਿੰਘ ਰਿਟਾ. ਡੀ.ਈ.ਓ. (ਐਲੀਮੈਂਟਰੀ) ਅਤੇ ਸੁਰੇਸ਼ ਅਰੋੜਾ ਰਿਟਾ. ਡਿਪਟੀ ਡੀ. ਈ. ਓ (ਸੈਕੰਡਰੀ) ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਅਤੇ ਸਕੂਲ ਦੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ, ਚੇਅਰਪਰਸਨ ਮੈਡਮ ਰਮਨਦੀਪ ਕੌਰ ਅਤੇ ਪਿ੍ਰੰਸੀਪਲ ਡਾ. ਰਜਿੰਦਰ ਕਸ਼ਯਪ ਨੇ ਸ਼ਮਾ ਜਗਾ ਕੇ ਕੀਤੀ। ਸਕੂਲ ਬੱਚਿਆਂ ਵਲੋਂ ਧਾਰਮਿਕ ਸ਼ਬਦ ਗਾਇਨ ਕਰਕੇ ਸਭਿਆਚਾਰਕ ਸਮਾਗਮ ਸ਼ੁਰੂ ਕੀਤਾ ਗਿਆ। ਇਸ ਦੌਰਾਨ ਗੀਤ, ਸੰਗੀਤ, ਮਲਵਈ ਗਿੱਧਾ, ਭੰਗੜਾ, ਗਿੱਧਾ, ਫੈਸ਼ਨ ਸ਼ੋਅ, ਜ਼ਫਰਨਾਮਾ, ਮਾਇਮ, ਕਸ਼ਮੀਰੀ ਡਾਂਸ, ਕਮੇਡੀ ਡਾਂਸ ਆਦਿ ਵੱਖ-ਵੱਖ ਤਰਾਂ ਦੀਆਂ ਵੰਨਗੀਆਂ ਪੇਸ਼ ਕੀਤੀਆਂ ਗਈਆ। ਸਮਾਜ ਨੂੰ ਜਾਦੂ ਟੂਣੇ ਦੇ ਚੱਕਰ ’ਚੋਂ ਬਾਹਰ ਕੱਢਣ ਦਾ ਸੰਦੇਸ਼ ਦਿੰਦਾ ਨਾਟਕ ਵਹਿਮ ਭਰਮ ਪੇਸ਼ ਕੀਤਾ ਗਿਆ ਤੇ ਕਿਸ ਤਰਾਂ ਸ਼ੋਸ਼ਲ ਮੀਡੀਆ ਤੇ ਮੋਬਾਇਲ ਨੇ ਬੱਚਿਆਂ ਅਤੇ ਨੌਜਵਾਨ ਪੀੜੀ ਨੂੰ ਆਪਣੀ ਜਕੜ ਵਿੱਚ ਲੈ ਰੱਖਿਆ ਤੇ ਇਸ ਦੀ ਗਲਤ ਵਰਤੋਂ ਦੇ ਕਿੰਨੇ ਮਾੜੇ ਨਤੀਜੇ ਨਿਕਲਦੇ ਹਨ, ਇਸ ਬਾਰੇ ਬਹੁਤ ਹੀ ਸੁਚੱਜੇ ਢੰਗ ਨਾਲ ਮਾਇਮ ਦੇ ਜਰੀਏ ਪੇਸ਼ ਕੀਤਾ ਗਿਆ। ਸਕੂਲ ਪਿ੍ਰੰਸੀਪਲ ਡਾ. ਰਜਿੰਦਰ ਕਸ਼ਯਪ ਨੇ ਸਲਾਨਾ ਰਿਪੋਰਟ ਪੇਸ਼ ਕੀਤੀ ਤੇ ਵਿਦਿਆਰਥੀਆਂ ਨੂੰ ਉੱਚ ਵਿਦਿਆ ਦੇਣ ਦੇ ਨਾਲ ਨਾਲ ਖੇਡਾਂ ’ਚ ਸ਼ਾਨਦਾਰ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਬੱਚਿਆਂ ਨੂੰ ਮਾਪਿਆਂ ਅਤੇ ਅਧਿਆਪਕਾਂ ਦਾ ਦਿਲੋਂ ਸਤਿਕਾਰ ਕਰਨ ਦਾ ਸੰਦੇਸ਼ ਦਿੱਤਾ ਤੇ ਉਮੀਦ ਜਿਤਾਈ ਕਿ ਇਸ ਵਾਰ ਵੀ ਇਸ ਸਕੂਲ ਦੇ ਬੱਚੇ ਪੰਜਾਬ ਭਰ ਵਿੱਚੋਂ ਟਾਪਰ ਰਹਿਣਗੇ। ਮੁੱਖ ਮਹਿਮਾਨ ਗੁਰਚਰਨ ਸਿੰਘ ਨੇ ਮਾਪਿਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੜੇ ਮਾਣ ਦੀ ਗੱਲ ਹੈ ਕਿ ਹਿਠਾੜ ਇਲਾਕੇ ਨੂੰ ਇੱਕ ਬਹੁਤ ਹੀ ਉੱਚ ਕੁਆਲਟੀ ਦਾ ਸ਼ਾਨਦਾਰ ਸਕੂਲ ਮਿਲਿਆ ਹੈ ਤੇ ਹੋਰ ਵੀ ਮਾਣ ਵਾਲੀ ਗੱਲ ਇਹ ਹੈ ਕਿ ਇਸ ਸਕੂਲ ਦੇ ਬੱਚੇ ਬਿਨਾਂ ਟਿਊਸ਼ਨ ਤੋਂ ਅੱਗੇ ਆ ਰਹੇ ਹਨ। ਉਨਾਂ ਮੈਨਜਮੈਂਟ ਅਤੇ ਸਮੂਹ ਅਧਿਆਪਕ ਸਹਿਬਾਨ ਨੂੰ ਵਧਾਈ ਦਿੰਦਿਆ ਕਿਹਾ ਕਿ ਉਹ ਬੱਚਿਆਂ ਦੇ ਬਿਹਤਰ ਭਵਿੱਖ ਲਈ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੇ ਹਨ। ਅੰਤ ’ਚ ਵੱਧ ਅੰਕ ਲੈਣ ਵਾਲੇ ਅਤੇ ਰਾਜ ਪੱਧਰੀ ਖੇਡਾਂ ’ਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਆਏ ਮਹਿਮਾਨਾਂ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਅਧਿਆਪਕ ਹਾਜ਼ਰ ਸਨ।
Leave a Comment
Your email address will not be published. Required fields are marked with *