ਖੇਤੀਬਾੜੀ ਵਿਭਾਗ ਚੌਕਸ, 15 ਟੀਮਾਂ ਕਰ ਰਹੀਆਂ ਸਰਵੇਖਣ
ਫਰੀਦਕੋਟ, 14 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਿਲ੍ਹਾ ਫਰੀਦਕੋਟ ਵੱਲੋਂ ਸੁਪਰਸੀਡਰ ਨਾਲ ਬੀਜੀਆਂ ਕਣਕਾਂ ਜਾਂ ਪਰਾਲੀ ਖੇਤ ਚ ਰੱਖ ਕੇ ਬਿਜਾਈ ਕੀਤੀਆਂ ਕਣਕਾਂ ਦਾ 15 ਟੀਮਾਂ ਵੱਲੋਂ ਲਗਾਤਾਰ ਸਰਵੇਖਣ ਕੀਤਾ ਜਾ ਰਿਹਾ ਹੈ, ਤਾਂ ਜੋ ਗੁਲਾਬੀ ਸੁੰਡੀ ਦੇ ਹਮਲੇ ਬਾਰੇ ਪਤਾ ਲੱਗ ਸਕੇ ਅਤੇ ਉਸ ਦੀ ਸਹੀ ਰੋਕਥਾਮ ਹੋ ਸਕੇ। ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ, ਡਾ. ਕੁਲਵੰਤ ਸਿੰਘ ਜਿਲ੍ਹਾ ਸਿਖਲਾਈ ਅਫਸਰ ਫਰੀਦਕੋਟ ਅਤੇ ਟੀਮਾਂ ਦੇ ਇੰਚਾਰਜਾਂ ਵੱਲੋਂ ਕਿਸਾਨਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ, ਜਿੱਥੇ ਕਣਕ ਨੂੰ ਪਹਿਲਾਂ ਪਾਣੀ ਲਾਉਣਾ ਹੈ, ਉਥੇ ਕਣਕ ਦੀ ਫਸਲ ਦਾ ਧਿਆਨ ਨਾਲ ਨਿਰੀਖਣ ਕੀਤਾ ਜਾਵੇ ਅਤੇ ਜੇ ਕਿਤੇ ਬੂਟੇ ਪੀਲੇ ਪੈ ਰਹੇ ਹਨ ਅਤੇ ਗੋਭ ਸੁੱਕ ਰਹੀ ਹੈ ਤਾਂ ਇਨ੍ਹਾਂ ਗੋਭਾਂ ਨੂੰ ਉੱਤੋਂ ਖਿੱਚ ਕੇ ਵੇਖੋ। ਜੇ ਗੋਭ ਅਸਾਨੀ ਨਾਲ ਬਾਹਰ ਆਵੇ ਅਤੇ ਹੇਠਲੇ ਪਾਸਿਉਂ ਕੱਟੀ ਹੋਈ ਹੈ ਤਾਂ ਇੱਥੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਹੈ। ਇਨ੍ਹਾਂ ਖੇਤਾਂ ਵਿਚ ਪਾਣੀ ਲਾਉਣ ਤੋਂ ਪਹਿਲਾਂ 1 ਲੀਟਰ ਕਲੋਰੋਪੈਰੀਫਾਸ ਜਾਂ 7 ਕਿੱਲੋ ਫਿਪਰੋਨਿਲ ਨੂੰ 20 ਕਿੱਲੋ ਮਿੱਟੀ ਚ ਰਲਾ ਕੇ ਪ੍ਰਤੀ ਏਕੜ ਛੱਟਾ ਦਿਉ ਤੇ ਫਿਰ ਪਾਣੀ ਲਾਉ। ਜੇਕਰ ਖੇਤ ਚ ਪਾਣੀ ਲਾਉਣ ਤੋਂ ਬਾਅਦ ਹਮਲਾ ਨਜ਼ਰ ਆਉਂਦਾ ਹੈ ਤਾਂ 50 ਮਿਲੀਲੀਟਰ ਕੋਰਾਜਨ ਪ੍ਰਤੀ ਏਕੜ 80-100 ਲੀਟਰ ਪਾਣੀ ਚ ਸਪਰੇਅ ਕਰੋ। ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਗੁਲਾਬੀ ਸੁੰਡੀ ਦੇ ਹਮਲੇ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਸਪਰੇਅ ਤੋਂ ਬਾਅਦ ਦੁਬਾਰਾ ਫੋਟ ਸ਼ੁਰੂ ਹੋ ਜਾਂਦੀ ਹੈ। ਜੇਕਰ ਆਉਣ ਵਾਲੇ ਦਿਨਾਂ ਚ ਤਾਪਮਾਨ ਘਟਦਾ ਹੈ ਤਾਂ ਹਮਲਾ ਬਿਲਕੁਲ ਰੁਕ ਜਾਵੇਗਾ। ਸੁੰਡੀ ਦੀ ਰੋਕਥਾਮ ਅਤੇ ਪੀਲੀ ਕਣਕ ਦੇ ਇਲਾਜ ਲਈ ਤੁਰੰਤ ਖੇਤੀ ਮਾਹਿਰਾਂ ਨਾਲ ਸੰਪਰਕ ਕੀਤਾ ਜਾਵੇ।
Leave a Comment
Your email address will not be published. Required fields are marked with *