ਲੋਕ ਸ਼ਾਇਰ ਜਗਦੀਸ਼ ਰਾਣਾ ਨੂੰ ਮਿਲੇਗਾ

ਜਲੰਧਰ 19 ਮਾਰਚ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼)
ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਰਜਿ ਦੇ ਪ੍ਰਧਾਨ ਡਾ.ਕੰਵਲ ਭੱਲਾ ਅਤੇ ਸਕੱਤਰ ਪ੍ਰੋ ਅਕਵੀਰ ਕੌਰ ਨੇ ਮੀਡੀਆ ਨਾਲ਼ ਗੱਲ ਸਾਂਝੀ ਕਰਦਿਆਂ ਦੱਸਿਆ ਕਿ ਰਾਜਿੰਦਰ ਪਰਦੇਸੀ ਦੇ ਪਰਿਵਾਰ ਅਤੇ ਮੰਚ ਦੇ ਅਹੁਦੇਦਾਰਾਂ ਦੇ ਸਮੂਹਿਕ ਫੈਸਲੇ ਅਨੁਸਾਰ ਇਸ ਵਾਰ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ ਦੇ ਸਹਿਯੋਗ ਨਾਲ਼ 21 ਮਾਰਚ ਦਿਨ ਵੀਰਵਾਰ ਨੂੰ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਇਕ ਸ਼ਾਨਦਾਰ ਸਾਹਤਿਕ ਪ੍ਰੋਗਰਾਮ ਕਰ ਕੇ ਤੀਜਾ ਉਸਤਾਦ ਰਾਜਿੰਦਰ ਪਰਦੇਸੀ ਯਾਦਗਾਰੀ ਪੁਰਸਕਾਰ ਪ੍ਰਸਿੱਧ ਗੀਤਕਾਰ, ਲੋਕ ਸ਼ਾਇਰ ‘ਤੇ ਮੰਚ ਦੇ ਜਨ ਸਕੱਤਰ ਜਗਦੀਸ਼ ਰਾਣਾ ਨੂੰ ਦਿੱਤਾ ਜਾਵੇਗਾ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ ਦੇ ਜਨ ਸਕੱਤਰ ਪ੍ਰੋ ਸੰਧੂ ਵਰਿਆਣਵੀ, ਮੀਤ ਪ੍ਰਧਾਨ ਡਾ.ਬਲਦੇਵ ਸਿੰਘ ਬੱਦਨ, ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ ,ਮੰਚ ਦੇ ਪ੍ਰਧਾਨ ਡਾ.ਕੰਵਲ ਭੱਲਾ ਅਤੇ ਜਗਦੀਸ਼ ਰਾਣਾ ਕਰਨਗੇ। ਇਸ ਦੌਰਾਨ ਵਲੋਂ ਉਸਤਾਦ ਸ਼ਾਇਰ ਹਰਬੰਸ ਸਿੰਘ ਅਕਸ ਦੀ ਪੁਸਤਕ ਰਿਸਦੇ ਪੈਂਡੇ ਜ਼ਖਮੀ ਪੈੜਾਂ ਅਤੇ ਗੁਰਚਰਨ ਸਿੰਘ ਚਰਨ ਦੀ ਪੁਸਤਕ ਸਿੱਖੀ ਸਿਦਕ ਵੀ ਲੋਕ ਅਰਪਣ ਕੀਤੀਆਂ ਜਾਣਗੀਆਂ ਅਤੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ ਅਤੇ ਹਾਜ਼ਿਰ ਕਵੀਆਂ ਦਾ ਕਵੀਆਂ ਦਰਬਾਰ ਵੀ ਹੋਵੇਗਾ।