ਸੜਕੀ ਹਾਦਸਿਆਂ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਨੇ ਸਖਤ ਹੁਕਮ ਕੀਤੇ ਜਾਰੀ
ਫ਼ਰੀਦਕੋਟ, 12 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਤੇਜ਼ ਰਫਤਾਰੀ ਦੇ ਚੱਲਦਿਆਂ ਵੱਧ ਰਹੇ ਸੜਕ ਹਾਦਸਿਆਂ ਅਤੇ ਨਾ ਸਹਿਣਯੋਗ ਡੀ.ਜੇ. ਦੀ ਆਵਾਜ਼ ’ਤੇ ਨਕੇਲ ਕਸਣ ਲਈ ਅੱਜ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਨੂੰ ਇਸ ਸਬੰਧੀ ਸਖਤ ਰੁਖ ਅਖਤਿਆਰ ਕਰਨ ਦੇ ਹੁਕਮ ਜਾਰੀ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਵਿਆਹਾਂ/ਸ਼ਾਦੀਆਂ ’ਚ ਡੀ.ਜੇ. ਵੱਲੋਂ ਉੱਚੀ ਆਵਾਜ਼ ’ਚ ਚਲਾਏ ਜਾਂਦੇ ਗਾਣਿਆਂ ’ਤੇ ਵੀ ਭਾਰੀ ਚਲਾਨ ਕਰਕੇ ਮੁਕੰਮਲ ਪਾਬੰਦੀ ਲਾਉਣ ਦੇ ਆਦੇਸ਼ ਕੀਤੇ। ਸੜਕ ਸੁਰੱਖਿਆ ਸਬੰਧੀ ਰੱਖੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਸੇਫ ਵਾਹਨ ਪਾਲਿਸੀ ਵਿੱਚ ਦਰਜ ਨੁਕਤਿਆਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਲਈ ਵੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸੜਕਾਂ ’ਤੇ ਦੁਰਘਟਨਾਵਾਂ ਕਾਰਨ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ, ਇਸ ਲਈ ਸੜਕੀ ਸੁਰੱਖਿਆ ਇੱਕ ਅਹਿਮ ਮੁੱਦਾ ਹੈ ਅਤੇ ਸਾਨੂੰ ਸਭ ਨੂੰ ਇਸ ਸਬੰਧੀ ਸੁਚੇਤ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਐਮਰਜੈਂਸੀ ਵਾਹਨ, ਰਿਕਵਰੀ ਵੈਨਾਂ ਅਤੇ ਹੋਰ ਵਾਹਨ ਧੁੰਦ ਦੇ ਸੰਕੇਤਾਂ ਨਾਲ ਲੈਸ ਹੋਣੇ ਚਾਹੀਦੇ ਹਨ, ਤਾਂ ਜੋ ਦੁਰਘਟਨਾ ਤੋਂ ਬਚਿਆਂ ਜਾ ਸਕੇ। ਉਨ੍ਹਾਂ ਪੁਲਿਸ ਵਿਭਾਗ ਦੀ ਨੁਮਾਇੰਦਗੀ ਕਰ ਰਹੇ ਕਰਮਚਾਰੀਆਂ ਨੂੰ ਕਿਹਾ ਕਿ ਸਾਰੇ ਜ਼ਿਲ੍ਹੇ ਨੂੰ ਕਵਰ ਕਰਨ ਲਈ ਤੇਜ਼ ਗਤੀ ਨਾਲ ਚੱਲਣ ਵਾਲੇ ਵਾਹਨ ਦੀ ਸਪੀਡ ਚੈਕ ਕਰਨ ਲਈ ਕੇਵਲ 2 ਸਪੀਡੋ ਮੀਟਰ ਕਾਫੀ ਨਹੀਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਹੋਰ ਸਪੀਡੋ ਮੀਟਰਾਂ ਦੀ ਮੰਗ ਕੀਤੀ ਜਾਵੇ।