ਖ਼ੁਸ਼ੀ ਵਿੱਚ ਖੀਵੀ ਉਰਮਿਲਾ ਦੇ ਪੈਰ ਹੀ ਧਰਤੀ ਤੇ ਨਹੀਂ ਸਨ ਲੱਗ ਰਹੇ। ਅੱਜ ਨਵੇਂ ਸਾਲ ਦੇ ਮੌਕੇ ਤੇ ਵਰ੍ਹਿਆਂ ਪਿੱਛੋਂ ਇਕਲੌਤਾ ਬੇਟਾ ਰੋਹਨ ਘਰ ਆਇਆ ਸੀ। ਰੋਹਨ ਦਾ ਅਮਰੀਕਾ ਤੋਂ ਆਉਣਾ ਹੀ ਉਰਮਿਲਾ ਦੀ ਖ਼ੁਸ਼ੀ ਦਾ ਸਭ ਤੋਂ ਵੱਡਾ ਕਾਰਨ ਸੀ। ਨਵੇਂ ਸਾਲ ਦੀ ਸ਼ਾਨਦਾਰ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਸੀ। ਪਲ-ਭਰ ਵਿੱਚ ਹੀ ਤੋਹਫ਼ਿਆਂ ਦਾ ਢੇਰ ਲੱਗ ਗਿਆ। ਅੰਤ ਵਿੱਚ ਰੋਹਨ ਨੇ ਵੀ ਮਾਂ ਦੇ ਪੈਰ ਛੋਂਹਦਿਆਂ ਤੋਹਫ਼ੇ ਵਜੋਂ ਇੱਕ ਖ਼ੂਬਸੂਰਤ ਡੱਬੀ ਉਨ੍ਹਾਂ ਦੇ ਹੱਥਾਂ ਵਿੱਚ ਰੱਖੀ। ਉਰਮਿਲਾ ਨੇ ਡੱਬੀ ਮੋੜਦਿਆਂ ਕਿਹਾ, “ਬੇਟਾ, ਤੂੰ ਆ ਗਿਆ ਹੈਂ, ਇਸਤੋਂ ਵੱਡਾ ਤੋਹਫ਼ਾ ਮੇਰੇ ਲਈ ਹੋਰ ਕੁਝ ਹੋ ਹੀ ਨਹੀਂ ਸਕਦਾ। ਤੇਰੇ ਸਾਹਮਣੇ ਇਨ੍ਹਾਂ ਦੁਨਿਆਵੀ ਚੀਜ਼ਾਂ ਦਾ ਮੇਰੇ ਲਈ ਕੋਈ ਮੁੱਲ ਨਹੀਂ ਹੈ।”
ਇੰਨਾ ਕਹਿੰਦੇ-ਕਹਿੰਦੇ ਅੱਖਾਂ ‘ਚੋਂ ਮਾਂ ਦੀ ਮਮਤਾ ਟਪਕਣ ਲੱਗੀ। ਰੋਹਨ ਦੀਆਂ ਅੱਖਾਂ ਵੀ ਨਮ ਹੋ ਗਈਆਂ। ਉਹਨੇ ਮਾਂ ਦੇ ਹੰਝੂ ਪੂੰਝਦਿਆਂ ਫਿਰ ਉਸ ਡੱਬੀ ਨੂੰ ਮਾਂ ਵੱਲ ਵਧਾਉਂਦਿਆਂ ਪਿਆਰ-ਭਰੇ ਸ਼ਬਦਾਂ ਨਾਲ ਆਖਿਆ, “ਲੈ ਲਓ ਪਿਆਰੀ ਮਾਂ! ਹੋ ਸਕਦੈ, ਇਸ ਵਿੱਚ ਤੁਹਾਡੀ ਉਮੀਦ ਤੋਂ ਵੀ ਵੱਧ ਕੋਈ ਖ਼ੂਬਸੂਰਤ ਚੀਜ਼ ਹੋਵੇ!”
ਆਖ਼ਰ ਉਰਮਿਲਾ ਨੂੰ ਉਹ ਡੱਬੀ ਲੈ ਕੇ ਖੋਲ੍ਹਣੀ ਹੀ ਪਈ। ਅੰਦਰ ਵੇਖਦਿਆਂ ਹੀ ਉਰਮਿਲਾ ਖ਼ੁਸ਼ੀ ਨਾਲ ਚੀਕ ਉਠੀ ਅਤੇ ਅੱਖਾਂ ‘ਚੋਂ ਬੇਮੁਹਾਰਾ ਪਿਆਰ-ਰਸ ਛਲਕਣ ਲੱਗਿਆ। ਡੱਬੀ ਖ਼ਾਲੀ ਸੀ। ਸੁਨਹਿਰੀ ਅੱਖਰਾਂ ਵਿੱਚ ਸਿਰਫ਼ ਇੰਨਾ ਹੀ ਲਿਖਿਆ ਸੀ – “ਮਾਂ, ਮੈਂ ਹੁਣ ਪਰਤ ਕੇ ਨਹੀਂ ਜਾਵਾਂਗਾ…।”

# ਮੂਲ : ਮੀਰਾ ਜੈਨ, ਸਾਈਂਨਾਥ ਕਾਲੋਨੀ, ਸੇਠੀ ਨਗਰ, ਉਜੈਨ (ਮੱਧਪ੍ਰਦੇਸ਼) 9425918116.