ਕੋਟਕਪੂਰਾ, 13 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਫਤਰੀ ਕਾਮਿਆਂ ਵਲੋਂ ਆਪਣੀਆਂ ਮੰਗਾਂ ਲਈ ਚੱਲ ਰਹੀ ਹੜਤਾਲ ਕਾਰਨ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂਕਿ ਸਰਕਾਰ ਅਤੇ ਦਫਤਰੀ ਕਾਮਿਆਂ ਵਿਚਕਾਰ ਮੰਗਾਂ ਸਬੰਧੀ ਸਹਿਮਤੀ ਨਾ ਬਣਨ ਕਾਰਨ ਲੋਕ ਸਰਕਾਰ ਅਤੇ ਦਫਤਰੀ ਕਾਮਿਆਂ ਦੀ ਚੱਕੀ ’ਚ ਪਿਸ ਰਹੇ ਹਨ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਪੰਜਾਬ ਵੱਲੋਂ ਸੂਬਾ ਸਰਕਾਰ ਦੇ ਅੜੀਅਲ ਰਵੱਈਏ ਵਿਰੁੱਧ ਅਤੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੇ ਹੱਕ ’ਚ ਕੀਤੀ ਜਾ ਰਹੀ ਕਲਮ ਛੋੜ ਹੜਤਾਲ ਅੱਜ 35ਵੇਂ ਦਿਨ ਵੀ ਜਾਰੀ ਰਹੀ। ਸਮੁੱਚੇ ਪੰਜਾਬ ’ਚ ਸਮੁੱਚਾ ਸਰਕਾਰੀ ਕੰਮਕਾਜ ਠੱਪ ਰਿਹਾ। ਜਿਲ੍ਹਾ ਫਰੀਦਕੋਟ ਦੇ ਸਮੂਹ ਵਿਭਾਗਾਂ ਦੇ ਕਰਮਚਾਰੀਆਂ ਨੇ ਆਪਣਾ ਕੰਮ ਕਾਜ ਮੁਕੰਮਲ ਠੱਪ ਕਰਕੇ ਅਮਰੀਕ ਸਿੰਘ ਸੰਧੂ ਸੂਬਾ ਪ੍ਰਧਾਨ ਦੀ ਅਗਵਾਈ ’ਚ ਡੀ.ਸੀ. ਦਫ਼ਤਰ ਫਰੀਦਕੋਟ ਦੇ ਸਾਹਮਣੇ ਵਿਸ਼ਾਲ ਰੈਲੀ ਕਰਕੇ ਸੂਬਾ ਸਰਕਾਰ ਖਿਲਾਫ ਜ਼ਬਰਦਸਤ ਨਾਹਰੇਬਾਜ਼ੀ ਕੀਤੀ, 13 ਦਸੰਬਰ ਨੂੰ ਡੀ.ਸੀ. ਦਫਤਰ ਫਰੀਦਕੋਟ ਸਾਹਮਣੇ ਇਕੱਠੇ ਹੋ ਕੇ ਰੋਸ ਰੈਲੀ ਕਰਨ ਉਪਰੰਤ ਅਰਥੀ ਫੂਕ ਮੁਜਾਹਰਾ ਕੀਤਾ ਜਾਵੇਗਾ। ਅੱਜ ਇਥੇ ਜ਼ਿਲ੍ਹਾ ਫਰੀਦਕੋਟ ਦੇ ਸੈਕੜੇ ਦਫਤਰੀ ਮੁਲਾਜ਼ਮਾਂ ਨੇ ਡੀ.ਸੀ ਦਫਤਰ ਅੱਗੇ ਵੀ ਰੋਸ ਮੁਜ਼ਾਹਰਾ ਕੀਤਾ ਗਿਆ, ਕਲਮਛੋੜ ਹੜਤਾਲ ’ਚ ਮਿਤੀ 13 ਦਸੰਬਰ ਤੱਕ ਕੀਤਾ ਗਿਆ ਵਾਧਾ ਅਤੇ ਮਿਤੀ 14, 15 ਦਸੰਬਰ ਨੂੰ ਸਮੂਹਿਕ ਛੁੱਟੀ ’ਤੇ ਜਾਣ ਦਾ ਐਲਾਨ ਕੀਤਾ ਹੈ। ਇਸ ਮੌਕੇ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਇਹ ਕਲਮਛੋੜ ਹੜਤਾਲ ਅਣਮਿੱਥੇ ਸਮੇ ਲਈ ਕਰ ਦਿੱਤੀ ਜਾਵੇਗੀ।
Leave a Comment
Your email address will not be published. Required fields are marked with *