ਫਰੀਦਕੋਟ, 8 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ ਯੂਨੀਅਨ ਜਿਲ੍ਹਾ ਫਰੀਦਕੋਟ ਦੇ ਪ੍ਰਧਾਨ ਇਕਬਾਲ ਸਿੰਘ ਢੁੱਡੀ, ਜਿਲ੍ਹਾ ਚੈਅਰਮੈਨ ਨਛੱਤਰ ਸਿੰਘ ਭਾਣਾ, ਜਨਰਲ ਸਕੱਤਰ ਬਲਕਾਰ ਸਿੰਘ ਸਹੋਤਾ, ਸੀਨੀਅਰ ਮੀਤ ਪ੍ਰਧਾਨ ਇਕਬਾਲ ਸਿੰਘ ਰਣ ਸਿੰਘ ਵਾਲਾ ਦੀ ਅਗਵਾਈ ਹੇਠ ਸਰਕਾਰੀ ਬ੍ਰਿਜਿੰਦਰਾ ਕਾਲਜ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ ਖਨਗਵਾਲ ਨਾਲ ਮੀਟਿੰਗ ਕੀਤੀ। ਜਿਲ੍ਹਾ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੀਟਿੰਗ ਵਿਚ ਕਈ ਮੰਗਾ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਮੰਗ ਪੱਤਰ ਵਿੱਚ ਅਧਿਕਾਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਕਾਲਜ ਦੇ ਦਰਜਾਚਾਰ ਕਰਮਚਾਰੀ ਨਿਯਮਾਂ ਅਨੁਸਾਰ ਆਪਣੀ ਡਿਊਟੀ ਹੀ ਕਰਨਗੇ ਤੇ ਸੇਵਾ ਮੁਕਤ ਹੋਏ ਕਰਮਚਾਰੀਆਂ ਦਾ ਵਾਧੂ ਕੰਮ ਨਹੀਂ ਕਰਨਗੇ। ਅਧਿਕਾਰੀ ਤੋਂ ਮੰਗ ਕੀਤੀ ਗਈ ਕਿ ਕਾਲਜ ਵਿੱਚ ਖਾਲੀ ਪਈਆਂ ਦਰਜਾਚਾਰ ਦੀਆਂ ਅਸਾਮੀਆਂ ਤੇ ਪੰਜਾਬ ਸਰਕਾਰ ਅਤੇ ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ ਪੰਜਾਬ ਦੀਆਂ ਮਿਤੀ 27 ਅਕਤੂਬਰ 2023 ਦੀਆਂ ਹਦਾਇਤਾਂ ਅਨੁਸਾਰ ਡੀ.ਸੀ. ਰੇਟਾਂ ‘ਤੇ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇ, ਸਫਾਈ ਕਰਮਚਾਰੀ ਤੋਂ ਸਫ਼ਾਈ ਦਾ ਹੀ ਕੰਮ ਲਿਆ ਜਾਵੇ, ਬੇਲਦਾਰ ਦਾ ਕੰਮ ਨਾ ਲਿਆ ਜਾਵੇ, ਜੋ ਕੱਚੇ ਕਰਮਚਾਰੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਯੋਗਤਾਂ ਪੂਰੀ ਕਰਦੇ ਹਨ ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇ। ਅਧਿਕਾਰੀ ਨੇ ਕਿਹਾ ਕਿ ਇਹਨਾਂ ਵਿੱਚੋਂ ਜਿਆਦਾ ਮੰਗਾਂ ਦਾ ਸਬੰਧ ਪੰਜਾਬ ਸਰਕਾਰ ਨਾਲ ਹੈ ਤੇ ਉਹ ਜਲਦੀ ਹੀ ਇਹ ਮੰਗ ਪੱਤਰ ਪੰਜਾਬ ਸਰਕਾਰ ਨੂੰ ਯੋਗ ਕਾਰਵਾਈ ਲਈ ਭੇਜ ਦੇਣਗੇ ਅਤੇ ਉਹਨਾਂ ਦੇ ਪੱਧਰ ਤੇ ਹੱਲ ਹੋਣ ਵਾਲੀਆਂ ਮੰਗਾਂ ਦਾ ਜਲਦੀ ਹੀ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਗਿਆ।