ਕੋਟਕਪੂਰਾ, 6 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਤਹਿਤ ਪੁਲਿਸ ਵਿਭਾਗ ਵਲੋਂ ਹਰਜੀਤ ਸਿੰਘ ਐੱਸਐੱਸਪੀ ਫਰੀਦਕੋਟ ਅਤੇ ਗੁਰਬਿੰਦਰ ਸਿੰਘ ਡੀ.ਐਸ.ਪੀ. ਹੈਡਕੁਆਟਰਜ਼ ਦੀ ਪ੍ਰਧਾਨਗੀ ਹੇਠ ਦਸਮੇਸ਼ ਗਲੋਬਲ ਸਕੂਲ ਬਰਗਾੜੀ ਵਿਖੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸੜਕ ‘ਤੇ ਚਲਦੇ ਸਮੇਂ ਕਦੇ ਵੀ ਜਲਦੀ ਨਾ ਕੀਤੀ ਜਾਵੇ ਅਤੇ ਸੜਕ ਪਾਰ ਕਰਦੇ ਸਮੇਂ ਹਮੇਸ਼ਾ ਖੱਬੇ ਅਤੇ ਸੱਜੇ ਦੇਖ ਕੇ ਸੜਕ ਪਾਰ ਕੀਤੀ ਜਾਵੇ ਅਤੇ ਜਿਨ੍ਹਾਂ ਵਿਦਿਆਰਥੀਆਂ ਦੇ ਲਾਇਸੰਸ ਨਹੀਂ ਬਣੇ ਉਹ ਵਹੀਕਲ ਨਾ ਚਲਾਉਣ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋ ਸੜਕ ਸੁਰੱਖਿਆ ਮਹੀਨਾ ਮੁਹਿੰਮ ਨੂੰ ਮਨਾਉਣ ਦਾ ਮੁੱਖ ਮਕਸਦ ਸੜਕੀ ਹਾਦਸਿਆ ਨੂੰ ਰੋਕਣਾ ਹੈ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸੜਕੀ ਨਿਯਮਾਂ ਬਾਰੇ ਜਾਣੂ ਕਰਵਾਉਣਾ ਹੈ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸੜਕੀ ਹਾਦਸਿਆਂ ਵਿੱਚ ਮਰਨ/ਫੱਟੜ ਹੋਣ ਵਾਲਿਆਂ ਵਿੱਚ ਸਭ ਤੋਂ ਵੱਧ ਗਿਣਤੀ ਨੌਜਵਾਨ ਵਰਗ ਦੀ ਹੈ। ਇਸ ਲਈ ਵਹੀਕਲ ਚਲਾਉਂਦੇ ਸਮੇਂ ਟਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਵਾਹਨ ਨੂੰ ਸਹੀ ਗਤੀ ਨਾਲ ਚਲਾਇਆ ਜਾਵੇ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ। ਇਸੇ ਤਰ੍ਹਾਂ ਸਕੂਲ ਦੇ ਪ੍ਰਿੰਸੀਪਲ ਅਜੇ ਸ਼ਰਮਾ ਨੇ ਵੀ ਵਿਦਿਆਰਥੀਆਂ ਨੂੰ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੈਟ ਦੀ ਵਤੋਂ ਅਤੇ ਗੱਡੀ ਆਦਿ ਚਲਾਉਂਦੇ ਸਮੇਂ ਬੈਲਟ ਲਗਾਉਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਸੜਕ ‘ਤੇ ਲੱਗੇ ਟਰੈਫਿਕ ਨਿਯਮਾਂ ਦੇ ਸਾਈਨਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਐੱਸ.ਆਈ. ਮਨਦੀਪ ਸਿੰਘ, ਏ.ਐੱਸ.ਆਈ. ਬਲਕਾਰ ਸਿੰਘ ਟਰੈਫਿਕ ਐਜੂਕੇਸ਼ਨ ਸੈੱਲ ਜਿਲ੍ਹਾ ਫਰੀਦਕੋਟ, ਜਗਮੀਤ ਸਿੰਘ ਡੀ.ਪੀ.ਡੀ., ਭਲਵਾਨ ਸਿੰਘ ਡੀ.ਪੀ.ਈ. ਅਤੇ ਡੀ.ਪੀ.ਈ. ਗੁਰਦੀਪ ਸਿੰਘ ਢਿੱਲੋਂ ਆਦਿ ਵੀ ਹਾਜ਼ਰ ਸਨ।
Leave a Comment
Your email address will not be published. Required fields are marked with *