ਕੋਟਕਪੂਰਾ, 8 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਦਸਮੇਸ਼ ਪਬਲਿਕ ਸਕੂਲ ਵਿਖੇ ਦਸਮੇਸ਼ ਗਰੁੱਪ ਆਫ ਸਕੂਲਜ ਵਲੋਂ ਅੰਤਰ ਸਕੂਲ ਪ੍ਰਸ਼ਨੋਤਰੀ ਮੁਕਾਬਲੇ ਆਯੋਜਿਤ ਕੀਤੇ ਗਏ। ਸਕੂਲ ਮੁਖੀ ਸ਼੍ਰੀਮਤੀ ਗਗਨਦੀਪ ਕੌਰ ਬਰਾੜ ਦੀ ਸਖਤ ਮਿਹਨਤ ਅਤੇ ਸੁਚਾਰੂ ਕਾਰਜਸ਼ੈਲੀ ਅਧੀਨ ਸਮੁੱਚਾ ਪ੍ਰੋਗਰਾਮ ਨੇਪਰੇ ਚਾੜ੍ਹਿਆ ਗਿਆ। ਇਸ ਦੌਰਾਨ ਸੰਸਥਾਵਾਂ ਦੇ ਮੈਨੇਜਿੰਗ ਡਾਇਰੈਕਟਰ ਜਸਬੀਰ ਸਿੰਘ ਸੰਧੂ ਅਤੇ ਸਬੰਧਤ ਸਕੂਲਾਂ ਦੇ ਪਿ੍ਰੰਸੀਪਲ ਅਪੂਰਵ ਦੇਵਗਨ, ਅਜੇ ਸ਼ਰਮਾ, ਯਸ਼ੂ ਧੀਂਗੜਾ ਨੇ ਸ਼ਮੂਲੀਅਤ ਕੀਤੀ। ਸਮੁੱਚੀ ਪ੍ਰਸ਼ਨੋਤਰੀ ਆਮ ਗਿਆਨ ਦੇ ਵੱਖ-ਵੱਖ ਭਾਗਾਂ ਜਿਵੇਂ ਲੋਗੋਜ, ਫਿਲਮੀ ਦੁਨੀਆਂ, ਖੇਡ ਜਗਤ, ਮਹਾਨ ਸ਼ਖਸ਼ੀਅਤਾਂ ਸਮੇਤ ਹੋਰ ਕਈ ਵਿਸ਼ਿਆਂ ਨਾਲ ਸਬੰਧਤ ਸਨ। ਇਹ ਪ੍ਰੋਗਰਾਮ ਸਮਾਜਿਕ ਸਿੱਖਿਆ ਵਿਭਾਗ ਦੇ ਅਧਿਆਪਕਾਂ, ਕਲਾ ਅਧਿਆਪਕਾ, ਕੰਪਿਊਟਰ ਅਧਿਆਪਕ, ਸੰਗੀਤ ਅਤੇ ਨਿ੍ਰਤ ਅਧਿਆਪਕਾਂ ਦੀ ਮਿਹਨਤ ਸਦਕਾ ਬਾਕਮਾਲ ਢੰਗ ਨਾਲ ਸੰਪੂਰਨ ਕੀਤਾ ਗਿਆ। ਜਿਸ ’ਚ ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ ਨੇ ਤਿੰਨ ਵਰਗਾਂ ’ਚ ਪਹਿਲਾ ਸਥਾਨ ਹਾਸਲ ਕੀਤਾ। ਜਿਸ ’ਚ ਪਹਿਲਾਂ ਵਰਗ ਪੰਜਵੀਂ-ਛੇਵੀਂ ਜਮਾਤ, ਦੂਜਾ ਵਰਗ 7ਵੀਂ-8ਵੀਂ ਜਮਾਤ ਅਤੇ ਤੀਜਾ ਵਰਗ 9ਵੀਂ-10ਵੀਂ ਦੇ ਵਿਦਿਆਰਥੀਆਂ ਨਾਲ ਸਬੰਧਤ ਸੀ। ਇਸ ਤੋਂ ਇਲਾਵਾ ਕਲਚਰ ਅਤੇ ਹੈਰੀਟੇਜ ਨਾਲ ਸਬੰਧਤ ਰੰਗਾਰੰਗ ਪ੍ਰੋਗਰਾਮ ਵੀ ਉਲੀਕਿਆ ਗਿਆ। ਪ੍ਰੋਗਰਾਮ ਦਾ ਸਾਰਾ ਪੀ.ਪੀ.ਟੀ. ਕਾਰਜ ਰੋਹਿਤ ਕਟਾਰੀਆ ਦੀ ਸੂਝ-ਬੂਝ ਅਤੇ ਮਿਹਨਤ ਦੁਆਰਾ ਨਿਰਦੇਸ਼ਤ ਕੀਤਾ ਗਿਆ। ਸਮੁੱਚੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਮੈਨੇਜਿੰਗ ਡਾਇਰੈਕਟਰ ਜਸਬੀਰ ਸਿੰਘ ਸੰਧੂ ਨੇ ਆਉਣ ਵਾਲੇ ਸਮੇਂ ’ਚ ਅਜਿਹੀਆਂ ਗਤੀਵਿਧੀਆਂ ਵੱਡੇ ਪੱਧਰ ’ਤੇ ਕਰਵਾਉਣ ਦੀ ਗੱਲ ਵੀ ਕੀਤੀ। ਅੰਤ ’ਚ ਆਉਣ ਵਾਲੇ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਸਕੂਲ ਮੁਖੀ ਸ਼੍ਰੀਮਤੀ ਗਗਨਦੀਪ ਕੌਰ ਬਰਾੜ ਨੇ ਜਿਊਰੀ ਮੈਂਬਰਾਂ ਦੀ ਹਾਜਰੀ ’ਚ ਇਨਾਮ ਵੰਡ ਰਸਮ ਨਿਭਾਈ।