“ਚਾਚਾ ਘਰੇ ਹੀ ਹੈ। “ਨੰਦੂ ਬਾਹਰੋ ਦਰਵਾਜ਼ੇ ਤੋਂ ਹੀ ਨਿਰਮਲ ਸਿੰਘ ਨੂੰ ਅਵਾਜ਼ ਮਾਰਦਾ ਹੋਇਆ ਅੰਦਰ ਆਉਂਦਾਹੈ।
“ਹਾਂ ਨੰਦੂ ਘਰੇ ਹੀ ਹਾਂ ਲੰਘਿਆ ਲੰਘਿਆ।ਹੋਰ ਸੁਣਾ ਕਿਵੇਂ ਇੰਨੀਆਂ ਸ਼ਾਮਾਂ ਨੂੰ ਆਇਆਂ ਸੁੱਖ ਹੈ। “
“ਸੁੱਖ ਹੀ ਤਾਂ ਨਹੀ ਹੈ ਤਾਹੀਉ ਤਾਂ ਆਇਆ ਹਾਂ।ਤੂੰ ਮੈਨੂੰ ਜਲਦੀ ਨਾਲ ਦੱਸ ਰਾਜਾ ਘਰੇ ਹੀ ਹੈ। “
“ਰਾਜਾ…… ਰਾਜਾ ਤਾਂ ਘਰੇ ਹੀ ਹੈ ਪਰ…….! “
“ਸ਼ੁਕਰ ਹੈ ਵਾਹਿਗੁਰੂ ਜੀ ਦਾ ਫੇਰ ਤਾਂ ਬਣ ਗਿਆ ਕੰਮ। ਤੂੰ ਜਲਦੀ ਨਾਲ ਰਾਜੇ ਨੂੰ ਬੁਲਾ ਤੇ ਮੇਰੇ ਨਾਲ ਹਸਪਤਾਲ ਭੇਜ। “
“ਉਏ…. ਉਏ ਕੀ ਬੁਝਾਰਤਾਂ ਪਾਈ ਜਾਣਾ ਹੈ ਮੇਰੇ ਇੱਕ ਵੀ ਸਮਝ ਨਹੀਂ ਆ ਰਹੀ।”ਇੰਨੇ ਨੂੰ ਉਹਨਾਂ ਦੀਆਂ ਗੱਲਾਂ ਸੁਣ ਕੇ ਰਾਜਾ ਵੀ ਬਾਹਰ ਆ ਜਾਂਦਾ ਹੈ।
” ਰਾਜਿਆਂ ਤੇਰਾ ਖੂਨ ਦਾ ਉ ਨੈਗੇਟਿਵ ਗਰੁੱਪ ਹੀ ਹੈ ਨਾ। “
“ਹਾਂ ਬਾਈ ਉ ਨੈਗੇਟਿਵ ਹੀ ਹੈ। “
“ਤੂੰ ਚੱਲ ਜਲਦੀ ਮੇਰੇ ਨਾਲ ਹਸਪਤਾਲ ਚੱਲ ਤੇਰੇ ਗਰੁੱਪ ਦੇ ਖੂਨ ਦੀ ਇੱਕ ਮਰੀਜ਼ ਨੂੰ ਲੋੜ ਹੈ।ਜਲਦੀ ਚੱਲ ਯਾਰ ਕਿਤੇ ਦੇਰ ਨਾ ਹੋ ਜਾਵੇ। “
“ਲੈ ਕਰ ਲਵੋ ਘਿਉ ਨੂੰ ਭਾਂਡਾ, ਨੰਦੂ ਤੂੰ ਪਾਗਲ ਤਾਂ ਨਹੀਂ ਹੋ ਗਿਆ। ਮੇਰਾ ਰਾਜਾ ਐਵੇਂ ਹੀ ਐਰੇ ਗੈਰੇ ਨੂੰ ਖੂਨ ਕਿਉਂ ਦਿੰਦਾ ਫਿਰੇ ਬਈ। ਸਾਨੂੰ ਤਾਂ ਤੂੰ ਮੁਆਫ਼ ਹੀ ਕਰ ਕਿਸੇ ਹੋਰ ਨੂੰ ਲੱਭ ਲੈ।ਮੇਰੇ ਰਾਜੇ ਨੇ ਨਹੀਂ ਜਾਣਾ। “
” ਚਾਚਾ ਲੱਭ ਲੈਂਦਾ ਜੇ ਕੋਈ ਹੋਰ ਪੂਰੇ ਪਿੰਡ ਵਿੱਚੋਂ ਇਸ ਗਰੁੱਪ ਦਾ ਹੁੰਦਾ ਤਾਂ। ਰਾਜੇ ਤੈਨੂੰ ਰੱਬ ਦਾ ਵਾਸਤਾ ਹੈ ਯਾਰ ਤੂੰ ਮੇਰੇ ਨਾਲ ਚੱਲ ਨਹੀਂ ਤਾਂ ਗਰੀਬ ਦੀ ਖੂਨ ਨਾ ਮਿਲਣ ਕਰਕੇ ਮੌਤ ਹੋ ਜਾਣੀ ਹੈ।”
“ਯਾਰ ਸਾਰਿਆਂ ਦੀਆਂ ਜ਼ਿੰਦਗੀਆਂ ਬਚਾਉਣ ਦਾ ਹੁਣ ਅਸੀਂ ਠੇਕਾ ਤਾਂ ਨਹੀਂ ਲਿਆ।”ਨਿਰਮਲ ਖਿੱਝ ਕੇ ਬੋਲਦਾ ਹੈ।
“ਸਹੀ ਆਖ ਰਹੇ ਹੋ ਤੁਸੀਂ ਚਾਚਾ ਜੀ ਤੁਸੀਂ ਸਾਰਿਆਂ ਦੀਆਂ ਜ਼ਿੰਦਗੀਆਂ ਬਚਾਉਣ ਦਾ ਠੇਕਾ ਥੋੜ੍ਹਾ ਲਿਆ ਪਰ ਮੁਆਫ਼ ਕਰਨਾ ਜੇਕਰ ਰੱਬ ਨਾ ਕਰੇ ਕੱਲ੍ਹ ਉਸ ਮੁੰਡੇ ਦੀ ਥਾਂ ਤੇ ਆਪਣਾ ਰਾਜਾ ਹੁੰਦਾ ਤੇ ਉਸਦਾ ਪਿਉ ਵੀ ਇਹ ਹੀ ਜਵਾਬ ਦਿੰਦਾ ਤਾਂ ਤੁਹਾਡੇ ਦਿਲ ਉੱਤੇ ਕੀ ਬੀਤਦੀ ਉਹ ਤੁਸੀਂ ਹੀ ਜਾਣ ਸਕਦੇ ਹੋ।ਚਲੋ ਕੋਈ ਨਾ ਰਾਜੇ ਤੇਰੀ ਮਰਜ਼ੀ ਬਾਕੀ ਜੇਕਰ ਉਸਦੀ ਕਿਸਮਤ ਵਿੱਚ ਇੰਝ ਹੀ ਵਿਛੋੜਾ ਦੇਣਾ ਲਿਖਿਆ ਹੈ ਤਾਂ ਇੰਝ ਹੀ ਸਹੀ ਪਰ ਜੇ ਉਸਨੂੰ ਕੁਝ ਹੋ ਗਿਆ ਨਾ ਤਾਂ ਮੁਆਫ਼ ਤੂੰ ਆਪਣੇ ਆਪ ਨੂੰ ਵੀ ਨਹੀਂ ਕਰ ਸਕੇਗਾ। ਵੇਖ ਤੂੰ ਕਿੰਨਾ ਕਿਸਮਤ ਵਾਲਾ ਹੈ ਕਿ ਰੱਬ ਨੇ ਤੈਨੂੰ ਜਿੰਦਗੀ ਬਚਾਉਣ ਦਾ ਮੌਕਾ ਦਿੱਤਾ ਹੈ…….. ਚੱਲ ਛੱਡ…. ਮੈਂ ਕਰਦਾ ਹਾਂ ਕੁਝ। “ਆਖ ਕੇ ਨੰਦੂ ਜਾਣ ਹੀ ਲੱਗਦਾ ਹੈ।
” ਇੱਕ ਮਿੰਟ ਨੰਦੂ ਰਾਜਾ ਇਕੱਲਾ ਨਹੀਂ ਮੈਂ ਵੀ ਚੱਲਦਾ ਹਾਂ ਤੁਹਾਡੇ ਨਾਲ ਮੇਰਾ ਵੀ ਖੂਨ ਦਾ ਗਰੁੱਪ ਉ ਨੈਗੇਟਿਵ ਹੀ ਹੈ। ਤੂੰ….. ਤੂੰ ਅੱਜ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। “ਦੋਵੇਂ ਪਿਉ-ਪੁੱਤ ਨੰਦੂ ਨਾਲ ਹਸਪਤਾਲ ਵੱਲ ਚੱਲ ਪੈਂਦੇ ਹਨ।
ਸਾਥੀਉ ਖੂਨ ਦਾ ਦਾਨ ਸਭ ਤੋਂ ਉੱਤਮ ਦਾਨ ਹੈ। ਖੂਨ ਦਾਨ ਦੇਣ ਤੋਂ ਬਾਅਦ ਕਿਸੇ ਨੂੰ ਵੀ ਕਿਸੇ ਕਿਸਮ ਦੀ ਕੋਈ ਵੀ ਕਮਜੋ਼ਰੀ ਨਹੀਂ ਆਉਂਦੀ ਬਲਕਿ ਤੁਹਾਡੇ ਦੁਆਰਾ ਦਿੱਤਾ ਗਿਆ ਖੂਨ ਕਿਸੇ ਦੀ ਅਨਮੋਲ ਜਿੰਦਗੀ ਬਚਾ ਜਰੂਰ ਸਕਦਾ ਹੈ। ਤੁਹਾਡਾ ਦਿੱਤਾ ਖੂਨ ਕੁਦਰਤੀ ਤੌਰ ਤੇ ਹੀ ਕੁਝ ਹਫਤਿਆਂ ਬਾਅਦ ਪੂਰਾ ਹੋ ਜਾਂਦਾ ਹੈ। ਇਸ ਲਈ ਸਾਨੂੰ ਹਰ ਇੱਕ ਨੂੰ ਇਸ ਮਹਾਨ ਜੱਗ ਵਿੱਚ ਆਪਣਾ ਖੂਨ ਦੇ ਕੇ ਆਹੂਤੀ ਜਰੂਰ ਪਾਉਣੀ ਚਾਹੀਦੀ ਹੈ।
ਸੰਦੀਪ ਦਿਉੜਾ
8437556667
Thank you so much