ਮਿੰਦਰ ਕੌਰ ਜਿਸ ਨੂੰ ਸਾਰੇ ਮਿੰਦੋ ਕਹਿੰਦੇ ਸਨ ਨੇ ਆਪਣੀ ਦੋਹਤੇ ਦੀ ਲੋਹੜੀ ਤੇ ਬਹੁਤ ਖਰਚ ਕੀਤਾ। ਮਿੰਦੋ ਦੇ ਪਤੀ ਗੁਰਦੇਵ ਸਿੰਘ ,ਪੁੱਤ,ਨੂੰਹ ਨੇ ਬਥੇਰਾ ਸਮਝਾਇਆ ਕਿ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ,ਪਰ ਮਿੰਦੋ ਕਹਿੰਦੀ ਕਿ ਆਹੀ ਮੌਕਾ ।ਧੀ ਦੇ ਸਾਰੇ ਸਾਕ ਸਬੰਧੀਆਂ ਨੂੰ ਖੁਸ਼ ਕਰਨ ਦਾ। ਆਪਣੀ ਧੀ, ਨੂੰਹ ਦੀ ਰਾਇ ਨਾਲ ਮਿੰਦੋ ਨੇ ਧੀ ਦੇ ਲਗਭਗ ਸਾਰੇ ਰਿਸ਼ਤੇਦਾਰਾਂ ਲਈ ਕੱਪੜੇ ਖਰੀਦੇ।ਹੁਣ ਮਿੰਦੋ ਚਾਹੁੰਦੀ ਸੀ ਕਿ ਉਸ ਦਾ ਆਪਣਾ ਸ਼ਰੀਕਾ ਵੀ ਲੋਹੜੀ ਦੇ ਪ੍ਰੋਗਰਾਮ ਤੇ ਨਾਲ ਜਾਵੇ।ਸੋ ਮਿੱਥੇ ਸਮੇਂ ਤੇ ਜਾਣ ਲਈ ਮਿੰਦੋ ਨੇ ਆਪਣੇ ਸ਼ਰੀਕੇ ਦੀਆਂ ਛੇ-ਸੱਤ ਔਰਤਾਂ ਨੂੰ ਘਰ -ਘਰ ਜਾ ਕੇ ਖੁਦ ਸੁਨੇਹਾ ਦਿੱਤਾ।ਇੱਕ ਸ਼ਰਤ ਵੀ ਰੱਖੀ ਕਿ ਆਧਾਰ ਕਾਰਡ ਨਾਲ ਲੈ ਕੇ ਆਉਣ। ਪਤੀ , ਨੂੰਹ , ਪੁੱਤ ਨੇ ਬਥੇਰਾ ਸਮਝਾਇਆ ਕਿ ਇੰਨੇ ਇਕੱਠ ਦੀ ਕੀ ਲੋੜ ਆ।ਪਰ ਮਿੰਦੋ ਕਹਿੰਦੀ ਸ਼ਰੀਕੇ ਨੂੰ ਵੀ ਪਤਾ ਲੱਗੇ।ਘਰ ਦੀ ਗੱਡੀ ਵਿੱਚ ਪੰਜ ਜਾਣੇ ਹੀ ਆ ਸਕਦੇ ਸਨ।ਸੋ ਮਿੰਦੋ ਪ੍ਰੋਗਰਾਮ ਦੇ ਦਿਨ ਪਤੀ, ਨੂੰਹ ਪੁੱਤ ਤੇ ਦੇਣ ਵਾਲੇ ਸਾਰੇ ਸਮਾਨ ਨਾਲ ਗੱਡੀ ਵਿੱਚ ਭੇਜ ਆਪ ਸ਼ਰੀਕੇ ਦੀਆਂ ਔਰਤਾਂ ਨਾਲ ਬੱਸ ਵਿੱਚ ਜਾਣ ਲਈ ਬੱਸ ਅੱਡੇ ਜਾ ਖੜ੍ਹੀ। ਪ੍ਰੋਗਰਾਮ 30-35 ਕਿਲੋਮੀਟਰ ਦੂਰ ਜੀ ਟੀ ਰੋਡ ਤੇ ਸਥਿਤ ਪੈਲੇਸ ਵਿੱਚ ਸੀ।ਕਈ ਪ੍ਰਾਈਵੇਟ ਬੱਸਾਂ ਆਈਆਂ ਪਰ ਮਿੰਦੋ ਕਹਿੰਦੀ ਆਪਾਂ ਆਧਾਰ ਕਾਰਡ ਆਲੀ ਫਰੀ ਵਿਚ ਚੱਲਾਂਗੀਆਂ। ਔਰਤਾਂ ਨੇ ਬਥੇਰਾ ਕਿਹਾ ਕਿ ਆਪਾਂ ਲੇਟ ਹੋ ਜਾਣਾ, ਅਸੀਂ ਆਪਣੀ -ਆਪਣੀ ਟਿਕਟ ਵੀ ਲੈ ਲਵਾਂਗੀਆਂ।ਪਰ ਮਿੰਦੋ ਨਾ ਮੰਨੀ। ਅਖੀਰ 3 ਕੁ ਘੰਟਿਆਂ ਬਾਅਦ ਰੋਡਵੇਜ਼ ਦੀ ਭਰੀ ਬੱਸ ਵਿੱਚ ਔਖੇ ਹੋ ਕੇ ਉਹ ਪੈਲੇਸ ਪਹੁੰਚੀਆਂ।ਚਾਹ ਦਾ ਪ੍ਰੋਗਰਾਮ ਹੋ ਚੁੱਕਿਆ ਸੀ। ਦੋਹਤੇ ਨੂੰ ਸ਼ਗਨ ਦੇਣ ਦੀ ਰਸਮ ਸਟੇਜ ਤੇ ਚੱਲ ਰਹੀ ਸੀ। ਇਕ ਪਾਸੇ ਰਿਸ਼ਤੇਦਾਰਾਂ ਵੱਲੋਂ ਲਿਆਂਦੇ ਕੱਪੜੇ, ਗਹਿਣੇ, ਖਿਡੌਣੇ ਆਦਿ ਦੀ ਦੇਖਾ-ਦਿਖਾਈ ਚੱਲ ਰਹੀ ਸੀ। ਜਦੋਂ ਨਾਨਕਿਆਂ ਵੱਲੋਂ ਲਿਆਂਦੇ ਸਮਾਨ ਦੀ ਵਾਰੀ ਆਈ ਤਾਂ ਮਿੰਦੋ ਬੜੀ ਸ਼ਾਨ ਨਾਲ ਦੱਸ ਰਹੀ ਸੀ ਕਿ ਆਹ ਇੰਨੇ ਦੀ ਆ। ਸਾਰੇ ਸਮਾਨ ਦੀਆਂ ਸਿਫਤਾਂ ਕਰ ਰਹੇ ਸਨ ਕਿ ਨਾਨਕਿਆਂ ਨੇ ਵਾਹਵਾ ਖਰਚ ਕੀਤਾ। ਮਿੰਦੋ ਕਹਿੰਦੀ ਕਿ ਕਮਾਉਂਦੇ ਹੀ ਧੀਆਂ ਪੁੱਤਰਾਂ ਲਈ ਆ।ਇੰਨਾ ਕਹਿਣ ਦੀ ਦੇਰ ਸੀ ਕਿ ਕੋਲ ਖੜ੍ਹੀ ਮਿੰਦੋ ਦੇ ਨਾਲ ਆਈ ਜਨਾਨੀ ਜੋ ਨੂੰਹ ਦੇ ਥਾਂ ਲੱਗਦੀ ਸੀ, ਬੋਲੀ,” ਬੀਬੀ ਸੂਟ ਭਾਂਵੇ 200ਘੱਟ ਦਾ ਲੈ ਲੈਂਦੀ। ਸਾਡੀਆਂ ਟਿਕਟਾਂ ਕਟਾ ਕੇ ਲੈ ਆਉਂਦੀ। ਸਾਡੇ ਪਕੌੜੇ ਤਾਂ ਨਾ ਮਰਦੇ”। ਮਿੰਦੋ ਹੁਣ ਨੀਵੀਂ ਪਾਈ ਕਦੇ ਕੱਪੜਿਆਂ ਵੱਲ ਦੇਖਦੀ , ਕਦੇ ਆਪਣੀ ਕੋਟੀ ਦੀ ਜੇਬ ਵਿੱਚ ਪਾਏ ਆਧਾਰ ਕਾਰਡ ਨੂੰ।
ਹਰਜੀਤ ਸਿੰਘ ਸੇਖੋਂ
ਪਿੰਡ ਤੇ ਡਾਕਖਾਨਾ ਈਸੇਵਾਲ (ਲੁਧਿਆਣਾ)
9988957368
Leave a Comment
Your email address will not be published. Required fields are marked with *