ਕੋਟਕਪੂਰਾ, 19 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੁਲਿਸ ਪ੍ਰਸ਼ਾਸ਼ਨ ਦੇ ਚੋਰਾਂ ਅਤੇ ਲੁਟੇਰਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਵੱਡੇ ਵੱਡੇ ਦਾਅਵਿਆਂ ਦੇ ਬਾਵਜੂਦ ਵੀ ਚੋਰੀ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਦਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਸਦਰ ਥਾਣਾ ਫਰੀਦਕੋਟ ਦੇ ਅਧੀਨ ਆਉਂਦੇ ਪਿੰਡ ਨਵੀਂ ਪਿਪਲੀ ਦੇ ਵਸਨੀਕ ਜਸਪਾਲ ਸਿੰਘ ਪੁੱਤਰ ਸੁੱਚਾ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾ ਵਿੱਚ ਦੱਸਿਆ ਕਿ ਉਹ ਘਰ ਵਿੱਚ ਇਕੱਲਾ ਹੀ ਰਹਿੰਦਾ ਹੈ। ਬੀਤੀ 3 ਜਨਵਰੀ ਨੂੰ ਬਾਅਦ ਦੁਪਹਿਰ ਕਰੀਬ 2 ਵਜੇ ਉਹ ਆਪਣੀ ਸੱਸ ਹਰਪਾਲ ਕੌਰ ਦੇ ਅੰਤਿਮ ਸਸਕਾਰ ਲਈ ਮੋਗਾ ਜਿਲੇ ਦੇ ਪਿੰਡ ਸਿੰਘਾਂ ਵਾਲਾ ਵਿਖੇ ਘਰ ਨੂੰ ਜਿੰਦਰਾ ਮਾਰ ਕੇ ਗਿਆ ਤੇ ਜਦੋਂ ਵਾਪਸ ਸ਼ਾਮ ਸਮੇਂ ਘਰ ਪਰਤਿਆ ਤਾਂ ਘਰ ਦੇ ਬਾਹਰਲੇ ਗੇਟ ਨੂੰ ਤਾਂ ਜਿੰਦਰਾ ਵੱਜਿਆ ਹੋਇਆ ਸੀ ਪਰ ਅੰਦਰੋਂ ਚੋਰਾਂ ਨੇ ਲੋਹੇ ਦੀ ਅਲਮਾਰੀ ਦਾ ਜਿੰਦਰਾ ਤੋੜ ਕੇ ਉਸ ਵਿੱਚੋਂ ਚਾਰ ਤੋਲੇ ਵਜਨ ਦੇ ਸੋਨੇ ਦੇ ਗਹਿਣੇ, 40 ਹਜਾਰ ਰੁਪਏ ਨਗਦੀ ਅਤੇ ਹੋਰ ਸਮਾਨ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ। ਤਫਤੀਸ਼ੀ ਅਫਸਰ ਹੋਲਦਾਰ ਯਾਦਵਿੰਦਰ ਸਿੰਘ ਮੁਤਾਬਿਕ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਚੋਰਾਂ ਖਿਲਾਫ ਸਦਰ ਥਾਣਾ ਫਰੀਦਕੋਟ ਵਿਖੇ ਆਈਪੀਸੀ ਦੀ ਧਾਰਾ 454/380 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਉਂਝ ਉਹਨਾਂ ਆਖਿਆ ਕਿ ਸ਼ਿਕਾਇਤ ਕਰਤਾ ਦੇ ਘਰ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਚੋਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।