ਲਾ ਲਾ ਕਿੱਲ ਸੜਕਾਂ ਦੇ ਢਿੱਡ
ਪਾੜੇ,
ਰੱਖੇ ਪੱਥਰ ਰਾਹਾਂ ਵਿਚਕਾਰ
ਮੀਆਂ।
ਕਿਧਰੇ ਰੱਖ ਸਲੈਬਾਂ ਇਹਨਾਂ ਰੋਕ
ਲਾਈ,
ਹਰ ਇੱਕ ਵਰਤਿਆ ਹਥਿਆਰ
ਮੀਆਂ।
ਗੰਦੇ ਪਾਣੀ ਦੀਆਂ ਪਾਉਂਦੇ ਬਾਛੜਾ
ਨੂੰ,
ਰਿਹਾ ਡਰੋਨ ਵੀ ਜ਼ਹਿਰ ਖਲਾਰ
ਮੀਆਂ।
ਜਦ ਚੜ੍ਹੇ ਪੰਜਾਬੀ ਤੂਫ਼ਾਨ ਬਣ
ਕੇ,
ਰੋਕਾਂ ਸੁੱਟੀਆਂ ਸੜਕੋਂ ਬਾਹਰ
ਮੀਆਂ।
ਕਈ ‘ਬਾਬੇ’ ਨੇ ਲੋਕਾਂ ਵਿੱਚ ਜੋਸ਼
ਭਰਦੇ,
ਅਗਵਾਈ ਕਰਦੇ ਬਾਂਹ ਉਲਾਰ
ਮੀਆਂ।
ਵੇਖੋ ਮੌਤ ਨੂੰ ਕਿਵੇਂ ਪਏ ਮਖੌਲ
ਕਰਦੇ,
ਫਿਰੇਂ ਨੱਚਦੀ ਵਾਂਗ ਨਚਾਰ
ਮੀਆਂ।
ਸਿੱਧੇ ਹੋ ਹੁਣ ਦਿੱਲੀ ਦੇ ਵੱਲ ਕੂਚ
ਕੀਤਾ,
ਜਿਸ ਕੀਤਾ ਅਤਿਆਚਾਰ
ਮੀਆਂ।
ਇਹ ਹੁਣ ਨਹੀਂ, ਅੱਗੇ ਵੀ ਰਹੀ
ਕਰਦੀ,
ਉੱਤੇ ਸਿੱਖਾਂ ਜ਼ੁਲਮ ਬੇ ਸ਼ੁਮਾਰ
ਮੀਆਂ।
ਪਰ ਮੂਹਰੇ ਪੰਜਾਬੀਆਂ ਦੇ ਬਣੇ
ਭਿੱਜੀ ਬਿੱਲੀ,
ਜਿਵੇਂ ਚਿਰਾਂ ਤੋਂ ਹੋਵੇ ਇਹ ਬਿਮਾਰ
ਮੀਆਂ।
ਸਿੰਘ ਨਹੀਂ ਡਰਦੇ ਤੋਪਾਂ ਗੋਲਿਆਂ
ਤੋਂ,
ਉੱਚਾ ਰੱਖਦੇ ਆਪਣਾਂ ਕਿਰਦਾਰ
ਮੀਆਂ।
ਸੁਣੋਂ? ਹੁਣ ਵੀ ਹੋਣੀ ਜਿੱਤ ਪੰਜਾਬੀਆਂ
ਦੀ,
ਨਾਲ ਜਿੰਨਾਂ ਦੇ ਅਜੀਤ ਜੁਝਾਰ
ਮੀਆਂ।
ਹੱਕ ਆਪਣੇ ਸਦਾ ਇਹ ਰਹਿਣ
ਲ਼ੈ ਕੇ,
ਪੱਤੋ, ਆਖਦਾ ਜਿੱਤ ਬਰਕਰਾਰ
ਮੀਆਂ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417