
ਚੰਡੀਗੜ੍ਹ,23 ਦਸੰਬਰ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼)
ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ, ਭੀਖੀ-ਮਾਨਸਾ ਵਿਖੇ ਵੀਰ ਬਾਲ ਦਿਵਸ ਮਨਾਇਆ ਗਿਆ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਅਤੇ ਉਨ੍ਹਾਂ ਛੋਟੇ ਬੱਚਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ, ਜਿਨ੍ਹਾਂ ਨੇ ਜੂਝਦਿਆਂ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ। ਪੰਜਾਬੀ ਅਧਿਆਪਕਾ ਸ੍ਰੀਮਤੀ ਸੰਤੋਸ਼ ਨੇ ਸਿੱਖ ਧਰਮ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਮੁਗਲਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਅਤੇ ਦੋ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਇਸਲਾਮ ਕਬੂਲ ਨਾ ਕਰਨ ਕਰਕੇ ਦੀਵਾਰ ਵਿੱਚ ਜਿੰਦਾ ਚਿਣਵਾ ਦਿੱਤਾ ਗਿਆ ਅਤੇ ਉਨ੍ਹਾਂ ਦੀ ਦਾਦੀ ਮਾਤਾ ਗੁਜਰੀ ਜੀ ਨੇ ਕਿਲ੍ਹੇ ਦਾ ਉੱਚਾ ਬੁਰਜ (ਠੰਡਾ ਬੁਰਜ) ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ।
ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਮਿਲ ਕੇ ਜਪੁਜੀ ਸਾਹਿਬ ਦਾ ਪਾਠ ਕੀਤਾ ਗਿਆ,ਇਸ ਤੋਂ ਉਪਰੰਤ ਅਰਦਾਸ ਕਰ ਕੇ ਵਿਦਿਆਰਥੀਆਂ ਨੂੰ ਕੜਾਹ ਪ੍ਰਸ਼ਾਦ ਵਰਤਾਇਆ ਗਿਆ।ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਯੋਗਿਤਾ ਭਾਟੀਆ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਰਬੱਤ ਦੇ ਭਲੇ ਲਈ ਸਾਰਾ ਪਰਿਵਾਰ ਕੁਰਬਾਨ ਹੋਇਆ।ਉਹਨਾਂ ਬੱਚਿਆਂ ਨੂੰ ਇਹ ਵੀ ਕਿਹਾ ਕਿ ਸਾਨੂੰ ਗੁਰੁ ਸਾਹਿਬਾਨਾਂ ਦੁਆਰਾ ਦਿੱਤੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਚਾਹੀਦਾ ਹੈ ਜਿਸ ਨਾਲ ਅਸੀਂ ਇੱਕ ਸੱਚਾ-ਸੁੱਚਾ ਜੀਵਨ ਜੀਅ ਸਕੀਏ।