ਕਿਵੇਂ ਖੋਲ ਕੇ ਦੱਸਾਂ ਜੋ ਸੀ ਦੀਵਾਰਾਂ ਦੱਸਦੀਆਂ।
ਅੰਦਰੋਂ ਅੰਦਰੀ ਸੱਚੀਆਂ ਦੋ ਰੂਹਾਂ ਹੱਸਦੀਆਂ।
ਕੀ ਖੱਟਿਆ ਤੂੰ ਗੰਗੂਆਂ ਲਾਹਨਤਾਂ ਨੂੰ ਖੱਟਕੇ,
ਕੀ ਕੰਮ ਆਈਆਂ ਮੋਹਰਾਂ ਵਜੀਰੇ ਤੋਂ ਵੱਟਕੇ,
ਦਿੱਤੇ ਜ਼ਖ਼ਮਾਂ ਤੋਂ ਇਹ ਜਿੰਦਾਂ ਨਾ ਨੱਸਦੀਆਂ ।
ਕਿਵੇਂ ਖੋਲ ਕੇ ਦੱਸਾਂ ਜੋ ਸੀ ਦੀਵਾਰਾਂ ਦੱਸਦੀਆਂ ।
ਨਿੱਕੀਆਂ ਸੀ ਉਮਰਾਂ ਪੱਕੇ ਬਹੁਤ ਇਰਾਦੇ ਸੀ,
ਕਿਉਂਕਿ ਇਹ ਗੁਰੂ ਗੋਬਿੰਦ ਦੇ ਸ਼ਹਿਜ਼ਾਦੇ ਸੀ,
ਦਾਦੀ ਦੀਆਂ ਅਸੀਸਾਂ ਸੀ ਜ਼ਿਹਨ ਵੱਸਦੀਆਂ ।
ਕਿਵੇਂ ਖੋਲ ਕੇ ਦੱਸਾਂ ਜੋ ਸੀ ਦੀਵਾਰਾਂ ਦੱਸਦੀਆਂ ।
ਜੋਰਾਵਰ ਤੇ ਫਤਿਹ ਸਿੰਘ ਨੇ ਫ਼ਤਿਹ ਪਾ ਲਈ,
ਹਾਕਮ ਦੇ ਦਿੱਤੇ ਲਾਲਚਾਂ ਦੀ ਕੁੱਲ਼ੀ ਢਾਹ ਲਈ,
ਸੀ ਨਾਨਕ ਦੀ ਬਾਣੀ ਵਿੱਚੋਂ ਮਹਿਕਾਂ ਰਸਦੀਆਂ।
ਕਿਵੇਂ ਖੋਲ ਕੇ ਦੱਸਾਂ ਜੋ ਸੀ ਦੀਵਾਰਾਂ ਦੱਸਦੀਆਂ ,
ਉੱਤੋਂ ਕਹਿਰਾਂ ਦੀ ਠੰਢ ਜ਼ੁਲਮ ਸੀ ਕਹਿਰਾਂ ਦੇ,
ਰੁੱਖ ਬਦਲੇ ਲਏ ਹਵਾਵਾਂ ਬੁੱਲੇ ਸੀ ਜ਼ਹਿਰਾਂ ਦੇ,
ਜਲਾਦਾਂ ਰੱਤਾਂ ਨਾ ਲਾਈ ਦੇਰ ਕਰੰਡੀਆਂ ਘੱਸਦੀਆਂ।
ਕਿਵੇਂ ਖੋਲ ਕੇ ਦੱਸਾਂ ਜੋ ਸੀ ਦੀਵਾਰਾਂ ਦੱਸਦੀਆਂ ।
ਹੌਸਲਾ ਘੱਟ ਨਾ ਹੋਇਆ ਦਾਦੀ ਦੇ ਪੋਤਿਆਂ ਦਾ,
ਗੂੰਜਦੇ ਜੈਕਾਰੇ ਧੰਨ ਜਿਗਰਾ ਨੀਹਾਂ ‘ਚ ਖਲੋਤਿਆਂ ਦਾ,
ਇਲਾਹੀ ਨੂਰ ਸੀ ਬਰਸੇ ਤੇ ਅੱਖੀਆਂ ਤਰਸਦੀਆਂ ।
ਕਿਵੇਂ ਖੋਲ ਕੇ ਦੱਸਾਂ ਜੋ ਸੀ ਦੀਵਾਰਾਂ ਦੱਸਦੀਆਂ।
ਅੰਦਰੋ ਅੰਦਰੀ ਸੱਚੀਆਂ ਦੋ ਰੂਹਾਂ ਹੱਸਦੀਆਂ।
ਕਿਵੇਂ ਖੋਲ ਕੇ ਦੱਸਾਂ ਜੋ ਸੀ ਦੀਵਾਰਾਂ ਦੱਸਦੀਆਂ ।

ਜਗਦੇਵ ਪੁਰਬਾ
9878200723