ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਲਿਸ ਨੂੰ ਦਿੱਤੇ ਮੁਕੰਮਲ ਅਧਿਕਾਰ
ਕੋਟਕਪੂਰਾ, 9 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦੁਕਾਨਦਾਰਾਂ ਸਮੇਤ ਵਾਹਨ ਚਾਲਕਾਂ ਅਤੇ ਛੋਟੇ ਵੱਡੇ ਕਾਰੋਬਾਰੀਆਂ ਤੋਂ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਸਹਿਯੋਗ ਦੀ ਮੰਗ ਕਰਦਿਆਂ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ ਦੇ ਪ੍ਰਧਾਨ ਓਮਕਾਰ ਗੋਇਲ ਦੀ ਅਗਵਾਈ ਹੇਠ ਵੱਖ ਵੱਖ ਟਰੇਡ ਯੂਨੀਅਨਾ (ਵਪਾਰਕ ਜਥੇਬੰਦੀਆਂ) ਦੇ ਆਗੂਆਂ ਨੇ ਵੱਖ ਵੱਖ ਬਜਾਰਾਂ ਵਿੱਚ ਬਕਾਇਦਾ ਰਿਕਸ਼ੇ ’ਤੇ ਖੁਦ ਮੁਨਿਆਦੀ ਕਰਕੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਆਪਣਾ ਸਮਾਨ ਦੁਕਾਨ ਦੀ ਹਦੂਦ ਦੇ ਅੰਦਰ ਰੱਖਿਆ ਜਾਵੇ, ਜੇਕਰ ਆਵਾਜਾਈ ਵਿੱਚ ਅੜਿੱਕਾ ਬਣਨ ਵਾਲਾ ਕੋਈ ਵੀ ਸਮਾਨ ਪੁਲਿਸ ਪ੍ਰਸ਼ਾਸ਼ਨ ਨੇ ਜਬਤ ਕਰ ਲਿਆ ਤਾਂ ਕਿਸੇ ਵੀ ਟਰੇਡ ਯੂਨੀਅਨ ਜਾਂ ਵਪਾਰਕ ਜਥੇਬੰਦੀ ਦਾ ਕੋਈ ਵੀ ਆਗੂ ਅਜਿਹੇ ਦੁਕਾਨਦਾਰ ਦੀ ਮੱਦਦ ਲਈ ਪੁਲਿਸ ਨੂੰ ਸਿਫਾਰਸ਼ ਨਹੀਂ ਕਰੇਗਾ। ਓਮਕਾਰ ਗੋਇਲ ਨੇ ਅਨੇਕਾਂ ਉਦਾਹਰਨਾ ਦਿੰਦਿਆਂ ਆਖਿਆ ਕਿ ਹੁਣ ਸਮਾਂ ਬਦਲ ਚੁੱਕਾ ਹੈ ਤੇ ਹੁਣ ਆਵਾਜਾਈ ਵਿੱਚ ਅੜਿੱਕਾ ਪਾਉਣ ਲਈ ਬਹੁਤਾ ਸਮਾਨ ਬਾਹਰ ਰੱਖਣ ਦੀ ਜਰੂਰਤ ਨਹੀਂ, ਕਿਉਂਕਿ ਗਾਹਕ ਪੂਰੀ ਤਰਾਂ ਸਮਝਦਾਰ ਹੋ ਚੁੱਕਾ ਹੈ ਤੇ ਉਸਨੂੰ ਪੂਰੀ ਸੂਝਬੂਝ ਤੇ ਸਮਝ ਹੈ ਕਿ ਉਸਨੂੰ ਕਿਹੜਾ ਸਮਾਨ ਕਿਹੜੀ ਦੁਕਾਨ ਤੋਂ ਮਿਲਣਾ ਹੈ? ਉਹਨਾਂ ਕਈ ਦੁਕਾਨਦਾਰਾਂ ਨੂੰ ਪਿਆਰ ਨਾਲ ਤੇ ਕਈਆਂ ਨੂੰ ਸਖਤ ਲਹਿਜੇ ਵਿੱਚ ਸਮਝਾਇਆ ਕਿ ਉਹ ਆਪਣਾ ਸਮਾਨ ਅਤੇ ਦੁਕਾਨ ਦੇ ਬਾਹਰ ਲੱਗਣ ਵਾਲੇ ਵਾਹਨਾਂ ਦੀ ਤਰਤੀਬ ਬਣਾ ਕੇ ਰੱਖਣ, ਕਿਉਂਕਿ ਸ਼ਹਿਰ ਵਿੱਚ ਅੱਧੀ ਦਰਜਨ ਤੋਂ ਜਿਆਦਾ ਵਾਹਨ ਪਾਰਕਿੰਗਾਂ ਹਨ, ਗੁਰਦਵਾਰਾ ਬਜਾਰ, ਸ਼ਾਸ਼ਤਰੀ ਮਾਰਕਿਟ, ਰੇਲਵੇ ਬਜਾਰ, ਮੇਨ ਬਜਾਰ, ਫੋਜੀ ਰੋਡ, ਝੰਮਣ ਬਜਾਰ, ਹਰੀ ਨੌ ਰੋਡ, ਸੱਟਾ ਬਜਾਰ, ਜੈਤੋ ਰੋਡ ਅਤੇ ਮਾਲ ਗੋਦਾਮ ਰੋਡ ਆਦਿਕ ਬਜਾਰਾਂ ਲਈ ਗੁਰਦਵਾਰਾ ਪਾਤਸ਼ਾਹੀ ਦਸਵੀਂ, ਪੁਰਾਣੀ ਦਾਣਾ ਮੰਡੀ ਅਤੇ ਸਿਟੀ ਥਾਣੇ ਦੀ ਕੰਧ ਦੇ ਨਾਲ ਵਾਲੀਆਂ ਵੱਡੀਆਂ ਵੱਡੀਆਂ ਤਿੰਨ ਵਾਹਨ ਪਾਰਕਿੰਗਾਂ ਹਨ, ਜਿੰਨਾ ਦਾ ਲਾਹਾ ਲਿਆ ਜਾ ਸਕਦਾ ਹੈ। ਉਹਨਾਂ ਆਖਿਆ ਕਿ ਸਾਡੇ ਇਲਾਕੇ ਦੇ ਵਿਦੇਸ਼ ਗਏ ਵੀਰ-ਭੈਣਾ ਖੁਦ ਕੋਟਕਪੂਰਾ ਸ਼ਹਿਰ ਦੀ ਟੈ੍ਰਫਿਕ ਵਿਵਸਥਾ ਤੋਂ ਦੁਖੀ ਅਤੇ ਪ੍ਰੇਸ਼ਾਨ ਹਨ ਅਤੇ ਉਹਨਾਂ ਦਾ ਮੰਨਣਾ ਹੈ ਕਿ ਉਹ ਆਪਣੇ ਪਰਿਵਾਰਾਂ ਸਮੇਤ ਵਿਦੇਸ਼ ਦਾ ਕਾਰੋਬਾਰ ਛੱਡ ਕੇ ਵਾਪਸ ਕੋਟਕਪੂਰੇ ਵਿਖੇ ਵਸਣ ਦੀ ਇੱਛਾ ਰੱਖਦੇ ਹਨ ਤਾਂ ਕਿ ਉੱਥੋਂ ਦੇ ਟੈ੍ਰਫਿਕ ਨਿਯਮਾ ਦੀ ਪਾਲਣਾ ਅਤੇ ਅਨੁਸ਼ਾਸ਼ਨ ਬਾਰੇ ਜਾਣੂ ਕਰਵਾਇਆ ਜਾ ਸਕੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜਸਵਿੰਦਰ ਸਿੰਘ ਜੋੜਾ ਪ੍ਰਧਾਨ ਸਵਰਨਕਾਰ ਸੰਘ, ਜਤਿੰਦਰ ਸਿੰਘ ਜਸ਼ਨ ਪ੍ਰਧਾਨ ਕੱਪੜਾ ਐਸੋਸੀਏਸ਼ਨ, ਮਨਤਾਰ ਸਿੰਘ ਮੱਕੜ ਪ੍ਰਧਾਨ ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ, ਵਿਪਨ ਬਿੱਟੂ ਪ੍ਰਧਾਨ ਜਰਨਲ ਮਰਚੈਂਟਸ ਐਸੋਸੀਏਸ਼ਨ, ਰਮਨ ਮਨਚੰਦਾ ਕਾਰਜਕਾਰੀ ਪ੍ਰਧਾਨ ਹਲਵਾਈ ਯੂਨੀਅਨ, ਦੀਦਾਰ ਸਿੰਘ ਮਾਡਰਨ ਜਿਊਲਰਜ਼, ਸ਼ੰਟੀ ਬਿੱਲਾ ਸਮੇਤ ਗੁਰਿੰਦਰ ਸਿੰਘ ਮਹਿੰਦੀਰੱਤਾ, ਬੰਟੀ ਖੋਸਲਾ, ਤਰਸੇਮ ਚਾਵਲਾ, ਹਰਸ਼ ਅਰੋੜਾ, ਹਰਪ੍ਰੀਤ ਭਾਊ, ਖਰੈਤੀ ਲਾਲ ਸ਼ਰਮਾ, ਜਸਵਿੰਦਰ ਸਿੰਘ, ਵਿਜੈ ਨਰੂਲਾ ਆਦਿ ਵੀ ਹਾਜਰ ਸਨ।
Leave a Comment
Your email address will not be published. Required fields are marked with *