728 x 90
Spread the love

ਦੁਸਹਿਰਾ ਯੁੱਧ ਦਾ ਆਖ਼ਰੀ ਦਿਨ ਨਹੀਂ ਹੁੰਦਾ

ਦੁਸਹਿਰਾ ਯੁੱਧ ਦਾ ਆਖ਼ਰੀ ਦਿਨ ਨਹੀਂ ਹੁੰਦਾ
Spread the love

ਦੁਸਹਿਰਾ ਯੁੱਧ ਦਾ
ਆਖ਼ਰੀ ਦਿਨ ਨਹੀਂ ਹੁੰਦਾ
ਦਸਵਾਂ ਦਿਨ ਹੁੰਦਾ ਹੈ।

ਯੁੱਧ ਤਾਂ ਜਾਰੀ ਰੱਖਣਾ ਪੈਂਦਾ ਹੈ।
ਸਭ ਤੋਂ ਪਹਿਲਾਂ ਆਪਣੇ ਖ਼ਿਲਾਫ਼
ਜਿਸ ‘ਚ ਸਦੀਆਂ ਤੋਂ
ਰਾਵਣ ਡੇਰਾ ਲਾਈ ਬੈਠਾ ਹੈ।

ਤ੍ਰਿਸ਼ਨਾ ਦਾ ਸੋਨ ਮਿਰਗ
ਛੱਡ ਦੇਂਦਾ ਹੈ ਰੋਜ਼ ਸਵੇਰੇ
ਸਾਨੂੰ ਛਲਾਵੇ ਚ ਲੈਂਦਾ ਹੈ।
ਸਾਦਗੀ ਦੀ ਸੀਤਾ ਮੱਈਆ
ਰੋਜ਼ ਛਲਦਾ ਹੈ
ਫਿਰ ਵੀ ਧਰਮੀ ਅਖਵਾਉਂਦਾ ਹੈ।

ਸੋਨੇ ਦੀ ਲੰਕਾ ਵਿੱਚ ਵੱਸਦਿਆਂ
ਉਹ ਜਾਣ ਗਿਆ ਹੈ ਕੂਟਨੀਤੀ।
ਹਰ ਬੰਦੇ ਦਾ ਮੁੱਲ ਪਾਉਂਦਾ ਹੈ।
ਆਪਣੇ ਦਰਬਾਰ ਚ ਨਚਾਉਂਦਾ ਹੈ।
ਔਕਾਤ ਮੁਤਾਬਕ
ਕਦੇ ਕਿਸੇ ਨੂੰ, ਕਦੇ ਕਿਸੇ ਨੂੰ
ਬਾਂਦਰ ਬਣਾਉਂਦਾ ਹੈ
ਬਰਾਬਰ ਦੀ ਕੁਰਸੀ ਤੇ ਬਿਠਾਉਂਦਾ ਹੈ।
ਭਰਮ ਪਾਉਂਦਾ ਹੈ।

ਕਾਨਿਆਂ ਦੇ ਤੀਰਾਂ ਨਾਲ
ਕਿੱਥੇ ਮਰਦਾ ਹੈ ਰਾਵਣ?
ਜ਼ੈੱਡ ਪਲੱਸ ਸੁਰੱਖਿਆ ਛਤਰੀਧਾਰੀ।
ਅਵਾ ਤਵਾ ਬੋਲਦਾ ਹੈ
ਘਰ ਨਹੀਂ ਵੇਖਦਾ,
ਬਾਹਰ ਨਹੀਂ ਵੇਖਦਾ
ਅਗਨ ਅੰਗਿਆਰੇ ਮੂੰਹੋਂ ਕੱਢਦਾ
ਸਾਡੇ ਪੁੱਤਰਾਂ ਧੀਆਂ ਨੂੰ
ਯੁੱਧ ਲਈ ਬਾਲਣ ਦੀ ਥਾਂ ਵਰਤਦਾ।
ਦੁਸਹਿਰਾ ਯੁੱਧ ਦਾ ਆਖਰੀ ਦਿਨ ਨਹੀਂ
ਦਸਵਾਂ ਦਿਨ ਹੁੰਦਾ ਹੈ।

ਰਾਵਣ ਨੂੰ ਤਿੰਨ ਸੌ ਪੈਂਠ ਦਿਨਾਂ ਵਿੱਚੋਂ
ਸਿਰਫ਼ ਦਸ ਦਿਨ ਹੀ
ਦੁਸ਼ਮਣ ਨਾ ਸਮਝਣਾ
ਪਲ ਪਲ ਜਾਨਣਾ ਤੇ ਪਛਾਨਣਾ ਹੈ।
ਕਿਵੇਂ ਚੂਸ ਜਾਂਦਾ ਹੈ ਸਾਡੀ ਰੱਤ
ਸੁੱਤਿਆਂ ਸੁੱਤਿਆਂ।
ਖ਼ੋਰ ਕੇ ਪੀ ਜਾਂਦਾ ਹੈ
ਸਾਡਾ ਸ੍ਵੈਮਾਣ ਅਣਖ਼ ਤੇ
ਹੋਰ ਬਹੁਤ ਕੁਝ।

ਆਰੀਆ ਦਰਾਵੜਾਂ ਨੂੰ
ਧੜਿਆਂ ਚ ਵੰਡ ਕੇ
ਆਪਣੀ ਪੁਗਾਉਂਦਾ ਹੈ।
ਯੁੱਧ ਵਾਲੇ ਨੁਕਤੇ ਵੀ
ਐਸੇ ਸਮਝਾਉਂਦਾ ਹੈ।
ਬਾਤਨ ਕਾ ਬਾਦਸ਼ਾਹ
ਪੱਲੇ ਕੱਖ ਨਾ ਪਾਉਂਦਾ ਹੈ।
ਰਾਖਾ ਬਣ ਕੇ ਜੇਬਾਂ ਫ਼ਰੋਲਦਾ ਹੈ।
ਵਤਨਪ੍ਰਸਤੀ ਦੇ ਭਰਮ ਜਾਲ ਵਿੱਚ
ਭੋਲੀਆਂ ਮੱਛੀਆਂ ਫਸਾਉਂਦਾ ਹੈ
ਤਰਜ਼ ਤਾਂ ਕੋਈ ਹੋਰ ਬਣਾਉਂਦਾ ਹੈ
ਪਰ ਆਪਣੀ ਧੁਨ ਦਾ ਬਹੁਤ ਪੱਕੈ
ਹਰ ਵੇਲੇ ਇੱਕੋ ਗੀਤ ਅਲਾਪਦਾ ਕੁਰਸੀ ਰਾਗ ਗਾਉਂਦਾ ਹੈ।

ਪੂਰਾ ਸੰਧੀਰਾਮ ਹੈ
ਭਗਵਾਨ ਨੂੰ ਵੀ
ਗੱਲੀਂ ਬਾਤੀਂ ਭਰਮਾਉਂਦਾ ਹੈ।
ਐਸਾ ਉਲਝਾਉਂਦਾ ਹੈ
ਪੱਥਰ ਬਣਾ ਕੇ ਉਹਨੂੰ
ਮੂਰਤੀ ਸਜਾਉਂਦਾ ਹੈ।
ਬਗਲਾ ਭਗਤ ਪੂਰਾ
ਮਨਚਾਹਿਆ ਪਾਉਂਦਾ ਹੈ।
ਦੁਸਹਿਰਾ ਯੁੱਧ ਦਾ ਆਖਰੀ ਨਹੀਂ
ਦਸਵਾਂ ਦਿਨ ਹੁੰਦਾ ਹੈ।
🟨

ਗੁਰਭਜਨ ਗਿੱਲ

worldpunjabitimes
ADMINISTRATOR
PROFILE

Posts Carousel

Leave a Comment

Your email address will not be published. Required fields are marked with *

Latest Posts