ਬਹੁਤ ਸਮਰੱਥ ਗ਼ਜ਼ਲਕਾਰ ਸੀ ਦੇਵਿੰਦਰ ਜੋਸ਼ । ਹੋਸ਼ਿਆਰਪੁਰ ਦੀ ਅਦਬੀ ਫ਼ਿਜ਼ਾ ਵਿੱਚ ਨਿਵੇਕਲਾ ਰੰਗ ਘੋਲਣ ਵਾਲਾ। ਦੇਵਿੰਦਰ ਜੋ਼ਸ਼ ਤੇ ਮਹਿੰਦਰ ਦੀਵਾਨਾ ਨੇ ਲਗਪਗ ਇਕੱਠਿਆਂ ਲਿਖਣਾ ਸ਼ੁਰੂ ਕੀਤਾ। ਸਰਗੋਧਾ(ਪਾਕਿਸਤਾਨ ਚ 16 ਜਨਵਰੀ 1936 ਨੂੰ ਸ: ਨਿਰਮਲ ਸਿੰਘ ਬਾਂਗਾ ਦੇ ਘਰ ਪੈਦਾ ਹੋਇਆ ਦੇਵਿੰਦਰ ਜੋਸ਼ ਦੇਸ਼ ਵੰਡ ਵੇਲੇ ਮਾਪਿਆਂ ਨਾਲ ਏਧਰ ਆ ਟਿਕਿਆ। ਉਸ ਦੀ ਪਹਿਲੀ ਗ਼ਜ਼ਲ ਪੁਸਤਕ ਚਾਂਦੀ ਰੰਗੇ ਫੁੱਲ ਸੀ ਜਿਸ ਦਾ ਮੁੱਖ ਬੰਦ ਸ ਸ ਮੀਸ਼ਾ ਜੀ ਨੇ ਲਿਖਿਆ। ਮੈਨੂੰ ਮਾਣ ਹੈ ਕਿ ਉਨ੍ਹਾਂ ਦੀ ਇਹ ਕਿਤਾਬ ਮੈਨੂੰ ਸ ਸ ਮੀਸ਼ਾ ਜੀ ਨੇ ਹੀ 1978 ਚ ਪੜ੍ਹਨ ਨੂੰ ਦਿੱਤੀ ਸੀ। ਕਿਹਾ ਸੀ, ਇਹ ਹੈ ਅਸਲ ਪੰਜਾਬੀ ਗ਼ਜ਼ਲ ।
ਦੂਜੀ ਪੁਸਤਕ “ਹਾਸ਼ੀਏ ਤੋਂ ਬਿਨਾ “ਸੀ, ਜਿਸ ਦਾ ਮੁੱਖ ਬੰਦ ਗ਼ਜ਼ਲ ਦੇ ਪ੍ਰਕਾਂਡ ਵਿਦਵਾਨ ਡਾ:ਦੀਵਾਨ ਸਿੰਘ ਨੇ ਲਿਖਿਆ। ਤੀਸਰੀ ਕਿਤਾਬ ਸੀ “ਰੁੱਤਾਂ ਉਦਾਸੀਆਂ ਨੇ “ਤੇ ਚੌਥੀ “ਰੰਗ ਦਰਿਆਵਾਂ ਦੇ”। ਅਚਨਚੇਤ ਵਾਪਰੇ ਰੇਲ ਹਾਦਸੇ ਵਿੱਚ ਉਹ ਸਾਨੂੰ 10ਅਪਰੈਲ 1991 ਨੂੰ ਸਦੀਵੀ ਅਲਵਿਦਾ ਕਹਿ ਗਿਆ। ਉਸ ਦੀ ਗ਼ਜ਼ਲ ਵਿੱਚ ਸੱਚਮੁੱਚ ਪੰਜਾਬ ਧੜਕਦਾ ਹੈ। ਮੈਂ ਉਸ ਦੀਆਂ ਗ਼ਜ਼ਲਾਂ ਨੂੰ ਹੁਣ ਵੀ ਪੜ੍ਹਦਾ ਹਾਂ ਤਾਂ ਤਾਜ਼ਗੀ ਮਹਿਸੂਸ ਕਰਦਾ ਹਾਂ ਦੇਵਿੰਦਰ ਜੋਸ਼ ਨੇ ਆਜ਼ਾਦ ਨਜ਼ਮ ਤੇ ਵਾਰਤਕ ਵੀ ਲਿਖੀ ਜਿਸ ਦੀ ਦੱਸ ਉਨ੍ਹਾਂ ਦੇ ਮਿੱਤਰ ਤੇ ਨਜ਼ਦੀਕੀ ਰਿਸ਼ਤੇਦਾਰ ਮਹਿੰਦਰ ਦੀਵਾਨਾ ਪਾਉਂਦੇ ਹਨ। ਪਰ ਇਹ ਪੁਸਤਕ ਰੂਪ ‘ਚ ਨਹੀਂ ਛਪ ਸਕੀ। ਦੇਵਿੰਦਰ ਜੋਸ਼ ਐੱਮ ਏ ਬੀ ਐੱਡ ਸਕੂਲ ਅਧਿਆਪਕ ਸੀ। ਉਸ ਦੀਆਂ ਪਹਿਲੀਆਂ ਦੋ ਕਿਤਾਬਾਂ ਰਵੀ ਸਾਹਿੱਤ ਪ੍ਰਕਾਸ਼ਨ ਵੱਲੋਂ ਸ: ਮੋਹਨ ਸਿੰਘ ਰਾਹੀ ਜੀ ਨੇ ਛਾਪੀਆਂ। ਮਗਰਲੀਆਂ ਦੋ ਬਾਰੇ ਮੈਨੂੰ ਪੱਕਾ ਚੇਤਾ ਨਹੀਂ।
ਉਸ ਦੀਆਂ ਅਨੇਕ ਚੁਲਬੁਲੀਆਂ ਮਹਿਫ਼ਲੀ ਗ਼ਜ਼ਲਾਂ ਚੋਂ ਇਹ ਸ਼ਿਅਰ ਪੜੋ।
ਜਦੋਂ ਦੇਵਿੰਦਰ ਜੋਸ਼ ਨੇ ਕੋਈ ਗ਼ਜ਼ਲ ਕਹੀ।
ਓਸੇ ਪਲ ਦੀਵਾਨੇ ਦੀ ਰਗ ਫੜਕ ਪਈ।
ਇਹ ਪਰਮਿੰਦਰਜੀਤ ਜੋ ਆਪਣਾ ਮਿੱਤਰ ਹੈ,
ਗੱਲ ਕਰਦਾ ਏ ਮੋਹਨਜੀਤ ਦੇ ਮੂੰਹ ਵਿਚਲੀ।
ਨਾਵਲ ਉਹ ਨਾਨਕ ਸਿੰਘ ਦੇ ਪੜ੍ਹਦੀ ਰਹੀ ਸਦਾ।
ਉਸ ਬੇਵਫ਼ਾ ਨੂੰ ਫੇਰ ਵੀ ਕਰਨੀ ਨਾ ਆਈ ਵਫ਼ਾ।
ਇਹ ਉਹ ਸਮਾਂ ਸੀ ਜਦ ਸਾਹਿੱਤ ਚ ਦੋਸਤਾਂ ਦੇ ਜੁੱਟ ਜਾਣੇ ਜਾਂਦੇ ਸਨ ਜਿਵੇਂ ਮੋਹਨਜੀਤ-ਪਰਮਿੰਦਰਜੀਤ, ਪਾਸ਼ -ਸੰਤ ਸੰਧੂ, ਕੰਵਰ ਚੌਹਾਨ-ਗੁਰਦੇਵ ਨਿਰਧਨ, ਡਾ: ਜਗਤਾਰ- ਰਣਧੀਰ ਸਿੰਘ ਚੰਦ, ਸੁਰਜੀਤ ਪਾਤਰ- ਅਮਿਤੋਜ, ਨਵਿਆਂ ਚੋਂ ਸ਼ਮਸ਼ੇਰ ਸਿੰਘ ਸੰਧੂ ਤੇ ਮੈਂ। ਹੁਣ ਦਰਸ਼ਨ ਬੁੱਟਰ ਤੇ ਬਲਵਿੰਦਰ ਸੰਧੂ, ਤ੍ਰੈਲੇਚਨ ਲੋਚੀ ਤੇ ਮਨਜਿੰਦਰ ਧਨੋਆ ਵੀ ਇਸੇ ਵਰਗ ਚ ਆਉਂਦੇ ਨੇ।
ਉਦੋ ਸਹਿਣਸ਼ੀਲਤਾ ਵੀ ਬਹੁਤ ਸੀ। ਇੱਕ ਦੂਜੇ ਬਾਰੇ ਅਜਿਹੀਆਂ ਲਿਖਤਾਂ ਮਿਲ ਜਾਂਦੀਆਂ ਸਨ। ਉਸ ਵੱਡੇ ਵੀਰ ਦੇਵਿੰਦਰ ਜੋਸ਼ ਨੂੰ ਅੱਜ ਵੀ ਪੜ੍ਹਦਾ ਹਾਂ ਤਾ ਲੱਗਦੈ ਕੋਈ ਮੇਰੇ ਨਾਲ ਦਿਲ ਦੀਆਂ ਗੱਲਾਂ ਕਰਦੈ। ਚਲੋ! ਉਸ ਦੀਆ ਕੁਝ ਕੁ ਗ਼ਜ਼ਲਾਂ ਨਾਲ ਸਾਝ ਪਾਉ।
1.
ਮੰਨਿਆਂ ਕਿ ਮੇਰੇ ਪਿੰਡ ਦੇ ਕੱਚੇ ਮਕਾਨ ਹਨ।
ਲੇਕਿਨ ਇਨ੍ਹਾਂ ‘ਚ ਰਹਿ ਰਹੇ ਲੋਕੀ ਮਹਾਨ ਹਨ।
ਰੁਕਦਾ ਨਹੀਂ ਹੈ ਰੋਕਿਆਂ ਚਾਨਣ ਦਾ ਕਾਫ਼ਲਾ,
ਰਸਤੇ ‘ਚ ਭਾਵੇਂ ਸੈਂਕੜੇ ਸੁੰਦਰ ‘ਸਥਾਨ ਹਨ।
ਹਾਕਮ ਸਮੇਂ ਦੇ ਦੇਸ਼ ਨੂੰ ਏਦਾਂ ਨੇ ਲੁਟ ਰਹੇ,
ਡਾਕੂ ਜਿਵੇਂ ਕਿ ਸੇਠ ਦੀ ਲੁਟਦੇ ਦੁਕਾਨ ਹਨ।
ਕਰਮੂ ਦੀ ਨਿਕੀ ਛੋਰ ਨੇ ਲੰਬੜ ਨੂੰ ਢਾਹ ਲਿਐ ,
ਉੱਚੇ ਮੁਨਾਰੇ ਢਹਿਣਗੇ ਦਸਦੇ ਨਿਸ਼ਾਨ ਹਨ!
ਗੱਲਾਂ ਦੇ ਚੋਗੇ ਨਾਲ ਨੇ ਲੋਕਾਂ ਨੂੰ ਠਗ ਰਹੇ ,
ਨੇਤਾ ਵੀ ਮੇਰੇ ਦੇਸ਼ ਦੇ ਕਿੱਡੇ ਮਹਾਨ ਹਨ ।
2.
ਨਾ ਕੋਈ ਉਸ ਦਾ ਸ਼ਹਿਰ ਹੈ ਨਾ ਕੋਈ ਪਿੰਡ ਗਰਾਂ।
ਏਨੀ ਦੇ ਕੇ ਸੂਚਨਾ, ਲੈਣਾ ਮੇਰਾ ਨਾਂ।
ਉਂਜ ਤਾਂ ਸਾਨੂੰ ਆਖਦੇ ਸਭ ਲੋਕੀਂ ਦਰਵੇਸ਼,
ਹਰ ਘਟਨਾ ਸੰਗ ਜੋੜਦੇ ਲੇਕਿਨ ਸਾਡਾ ਨਾਂ।
ਜੂੜੇ ਦੇ ਵਿਚ ਟੁੰਗਕੇ ਗੁਲਮੋਹਰ ਦਾ ਫੁੱਲ,
ਮੈਂ ਸੂਰਜ ਦੇ ਹਾਣ ਦੀ ਆਖੇ ਬੁੱਢੀ ਛਾਂ।
ਭੋਲੇ ਭਾਲੇ ਲੋਕ ਨੇ ਸੱਚੀ ਸੁੱਚੀ ਬਾਤ,
ਰਖਿਆ ਕਿਸ ਹੁਸ਼ਿਆਰਪੁਰ ਇਸ ਨਗਰੀ ਦਾ ਨਾਂ।
ਧੁੱਪ ਤੇ ਰੁੱਖ ਦੀ ਦੋਸਤੀ ਨਿਭਦੀ ਕੀਕਣ ‘ਜ਼ੋਸ਼’ ,
ਇਕ ਨੇ ਤਨ ਮਨ ਸਾੜਨਾ, ਇਕ ਨੇ ਦੇਣੀ ਛਾਂ ।
3.
ਭਟਕਣ ਦਾ ਲੰਬਾ ਸਫ਼ਰ ਹੈ ਰਸਤੇ ਜਗਾ ਲਵੋ।
ਅਪਣੇ ਪਿਆਰੇ ‘ਜੋਸ਼’ ਨੂੰ ਸਾਥੀ ਬਣਾ ਲਵੋ।
ਮੰਜ਼ਿਲ ਤੇ ਜੇ ਕਰ ਪਹੁੰਚਣੈ ਏਨਾ ਕਰੋ ਜ਼ਰੂਰ,
ਫੁੱਲਾਂ ਦੇ ਕੋਲੋਂ ਅਪਣਾ ਦਾਮਨ ਬਚਾ ਲਵੋ।
ਸਿਰ ਤੇ ਹੈ ਰਾਤ ਸ਼ੂਕਦੀ ਅਜਗਰ ਦੇ ਵਾਂਗਰਾਂ,
ਜੇ ਹੋ ਸਕੇ ਤਾਂ ਹੋਰ ਵੀ ਦਾਰੂ ਮੰਗਾ ਲਵੋ!
ਰਾਹਾਂ ‘ਚ ਹਾਸੇ ਮਿਲਣਗੇ, ਮੰਜ਼ਿਲ ਤੇ ਦਿਲਕਸ਼ੀ,
ਜੇ ਕਰ ਕਿਸੇ ਦੀ ਯਾਦ ਨੂੰ ਦਿਲ ਵਿਚ ਵਸਾ ਲਵੋ!
ਜ਼ੁਲਫ਼ਾਂ ਦੀ ਛਾਵੇਂ ਬੈਠ ਕੇ ਪਿਆਰਾਂ ਦੀ ਪਾ ਕੇ ਬਾਤ,
ਐਵੇਂ ਨਾ ਮਿਰਜ਼ੇ ਵਾਂਗਰਾਂ ਜੀਵਨ ਗਵਾ ਲਵੋ ।
4.
ਜਿੰਨੇ ਸ਼ਬਦ ਕਹੇ ਹਨ ਆਪਾਂ ਉਨੇ ਦਰਦ ਹੰਢਾਏ ਹਨ।
ਅਪਣੇ ਹਿੱਸੇ ਬਿਖਰੇ ਪੈਂਡੇ ਜਲਦੇ ਜੰਗਲ ਆਏ ਹਨ।
ਮੰਨਦਾ ਹਾਂ ਕਿ ਤੇਰਾ ਚਿਹਰਾ ਮੇਰੇ ਗੀਤਾਂ ਵਰਗਾ ਹੈ,
ਏਨੀ ਸਾਰੀ ਗੱਲ ਦੇ ਲੋਕਾਂ ਕਿੱਡੇ ਅਰਥ ਲਗਾਏ ਹਨ!
ਤੂੰ ਸੁਪਨੇ ਦੀ ਜੂਨ ਹੰਢਾਵੇਂ ਇਹ ਵਰ ਤੈਨੂੰ ਦੇਂਦੇ ਹਾਂ,
ਆਪਾਂ ਤਾਂ ਖ਼ੁਦ ਅਪਣੇ ਸੁਪਨੇ ਸੂਲੀ ਤੇ ਲਟਕਾਏ ਹਨ।
ਉਤਸਵ ਦੇ ਵਿਚ ਹਰ ਚਿਹਰੇ ਤੇ ਰੌਣਕ ਦੇ ਫੁੱਲ ਵੇਖੇ ਮੈਂ,
ਘਰ ਪਹੁੰਚਣ ਤੇ ਪਲ ਭਰ ਅੰਦਰ ਸਾਰੇ ਫੁੱਲ ਕੁਮਲਾਏ ਹਨ!
ਕਿਹੜਾ ਆਪਣੇ ਨਾਲ ਤੁਰੇਗਾ ਦਿਸ-ਹੱਦੇ ਤਕ ਨ੍ਹੇਰਾ ਹੈ,
ਦਰਵਾਜ਼ੇ ਤਕ ਛੱਡਣ ਉਂਜ ਤਾਂ ਕਿੰਨੇ ਲੋਕੀਂ ਆਏ ਹਨ।
ਅਪਣੇ ਅੰਦਰ ਝਾਤੀ ਪਾ ਕੇ ਮੈਨੂੰ ਏਦਾਂ ਲਗਿਆ ਹੈ,
ਨਾਇਕ ਤੋਂ ਖਲਨਾਇਕ ਤੀਕਣ ਸਾਰੇ ਰੋਲ ਨਿਭਾਏ ਹਨ!
ਤੇਰਾ ਮੇਰਾ ਰਿਸ਼ਤਾ ਗੋਰੀ, ਨਾ ਤਨ ਦਾ ਹੈ, ਨਾ ਮਨ ਦਾ ਹੈ,
ਇਕ ਅਹਿਸਾਸ ਦੇ ਸਿਰ ਤੇ ਲੋਕਾਂ ਸੌ ਇਲਜ਼ਾਮ ਲਗਾਏ ਹਨ!
ਹੁੰਦਲ, ਮੀਸ਼ਾ, ਪਾਤਰ,ਨਿਰਧਨ, ਦੀਵਾਨਾ, ਜਗਤਾਰ, ਕੰਵਰ
‘ਜੋਸ਼’ ਗਜ਼ਲ ਨੂੰ ਸਭ ਲੋਕਾਂ ਨੇ ਕੱਪੜੇ ਨਵੇਂ ਪੁਵਾਏ ਹਨ ।
5.
ਅੱਖਾਂ ਦੇ ਵਿਚ ਡੁਬਦਾ ਸੂਰਜ ਹੱਥ ਵਿਚ ਥਿੜਕੇ ਜਾਮ।
ਇਹ ਕੈਸਾ ਹੈ ਮੌਸਮ ਯਾਰੋ, ਇਹ ਕੈਸੀ ਹੈ ਸ਼ਾਮ।
ਮੇਰੇ ਮਰਨੇ ਬਾਦੋਂ ਅਕਸਰ ਆਖਣਗੇ ਇੰਜ ਲੋਕ ,
ਦਿਲ ਦਾ ਚੰਗਾ ਸ਼ਾਇਰ ਹੈਸੀ ਭਾਵੇਂ ਸੀ ਬਦਨਾਮ !
ਇਸ ਨਗਰੀ ਦੇ ਕੀ ਕਹਿਣੇ ਨੇ ਕਿਸ ਕਰਨੀ ਏਂ ਰੀਸ ,
ਰਾਵਣ ਨਾਲ ਵੀ ਕਰ ਲੈਂਦੇ ਸਮਝੌਤਾ ਏਥੇ ਰਾਮ !
ਕਿਹੜੀ ਧੁੱਪ ਤੇ ਸ਼ਿਕਵਾ ਕਰੀਏ ਕਿਸ ਤੇ ਲਾਈਏ ਦੋਸ਼ ,
ਇਸ ਉਮਰੇ ਤਾਂ ਆਖਰ ਆਪਾਂ ਹੋਣਾ ਸੀ ਬਦਨਾਮ !
ਕੱਚੀ ਉਮਰੇ ਰੋਗ ਅਵੱਲੇ ਲਾ ਬੈਠਾ ਸਾਂ ਯਾਰ ,
ਸਾਰੀ ਆਯੂ ਜੀਵਨ ਅੰਦਰ ਨਾ ਮਿਲਿਆ ਆਰਾਮ !
ਬੀਤ ਚੁਕੇ ਦੀਆਂ ਯਾਦਾਂ ਅੰਦਰ ਖੋ ਜਾਂਦਾ ਹਾਂ ‘ਜੋਸ਼’ ,
ਜਦ ਮੇਰੇ ਕੋਲੋਂ ਦੀ ਗੁਜ਼ਰੇ ਕੋਈ ਸੁਨਹਿਰੀ ਸ਼ਾਮ।
🟧
🔹ਗੁਰਭਜਨ ਗਿੱਲ
Leave a Comment
Your email address will not be published. Required fields are marked with *